ਕਹਾਣੀ … ਰੌਣਕੀ

ਮਨਮੋਹਨ ਕੌਰ..

ਰੌਣਕੀ ਨਾਮ ਸੀ ਉਸਦਾ …. ਹਰ ਛਿਮਾਹੀ ਸਾਲ ਬਾਅਦ ਉਹ ਸਾਡੇ ਮੁਹੱਲੇ ਵਲ ਚੱਕਰ ਲਗਾਉਂਦੀ ਸੀ, ਬਾਹਰੋਂ ਹੀ ਅਵਾਜ਼ ਦਿੰਦੀ …ਤੱਸਲੇ ਬਾਲਟੀ ਕੇ ਥੱਲੇ ਲਗਵਾ ਲਉ…ਪੁਰਾਨੇ ਤੱਸਲੇ ਬਦਲਵਾ ਲਓ….
ਸਾਡੇ ਘਰ ਮੂਹਰ ਖੜੇ ਹੋ ਕੇ ਅਵਾਜ਼ ਦਿੰਦੀ…. ਬੇਬੀਏ!!ਅਰੇ!! ਹੈ ਕੋਈ ਤੱਸਲਾ, ਬਾਲਟੀ…. ਠੀਕ ਕਰਾ ਲੇ!! ਥੱਲਾ ਲਗਵਾ ਲੇ … ਉਸਦੇ ਆਉਣ ਨਾਲ ਜਿਵੇਂ ਮੁਹੱਲੇ ‘ਚ ਰੌਣਕ ਲੱਗ ਜਾਂਦੀ । ਉਸਦੇ ਹੌਕੇ ਨਾਲ ਸਾਰੇ ਦਰਵਾਜ਼ੇ ਖੁਲ ਜਾਂਦੇ ਸਨ ।ਭਾਵੇਂ ਤੱਸਲਾ ਬਾਲਟੀ ਠੀਕ ਕਰਵਾਉਣੀ ਹੋਵੇ ਜਾਂ ਨਾਂਹ…ਮਰਦ ਤੀਵੀਆਂ ਰੌਣਕੀ ਨੂੰ ਦੇਖਣ ਲਈ ਇੱਕ ਵਾਰ ਜ਼ਰੂਰ ਆਪਣੇ ਚਬੂਤਰੇ ਤੇ ਖੜੇ ਹੋ ਜਾਂਦੇ …..
ਵਾਕਈ ਰੌਣਕੀ ਸੋਹਣੀ ਵੀ ਬਹੁਤ ਸੀ । ਕਮਾਇਆ ਚਮਕੀਲਾ ਬਦਨ…ਬਨਫ਼ਸ਼ੀ ਹਿਰਨੀ ਵਰਗੀਆਂ ਅੱਖਾਂ ..ਇਹਨੀਆਂ ਪਿਆਰੀਂ ਅੱਖਾਂ ਕਿ ਸਮੁੰਦਰ ‘ਚ ਡੁੱਬਿਆ ਤੈਰ ਕੇ ਬਾਹਰ ਨਿਕਲ ਸਕਦਾ ਹੈ ਪਰ ਰੌਣਕੀ ਦੀਆਂ ਅੱਖਾਂ ‘ਚ ਡੁੱਬਿਆ ਕੋਈ ਬੱਚ ਨਹੀਂ ਸਕਦਾ ਸੀ ।. ਖ਼ੂਬਸੂਰਤ ਸੁਡੌਲ ਛਾਤੀਆਂ ਜੋ ਕਿ ਉਸਦੀ ਕੱਸੀ ਹੋਈ ਚੌਲੀ ਚੋਂ ਛਲਕਦੀਆਂ ਰਹਿੰਦੀਆਂ । ਗਰਮੀ ‘ਚ ਪਸੀਨੇ ਦੀਆਂ ਬੂੰਦਾਂ ਬਣਾਉਂਦੀ ਧਾਰ ਦੋਵੇਂ ਛਾਤੀਆਂ ਵਿੱਚ ਲੀਕ ਜਿਹੀ ਖਿੱਚ ਦਿੰਦੀਆਂ । ਉਸਦਾ ਲੁਗੜੀਂ ਦੀ ਔੜਨੀ ਓੜਨ ਦਾ ਆਪਣਾ ਹੀ ਸਟਾਈਲ ਸੀ ਉਹ ਓੜਨੀ ਨਾਲ ਹੀ ਵਾਰ ਵਾਰ ਪਸੀਨਾ ਪੂੰਝਦੀ ਬੜੀ ਪਿਆਰੀ ਲੱਗਦੀ ਸੀ । ਭਾਵੇਂ ਗੰਦਮੀ ਰੰਗ ਸੀ ਉਸਦਾ … ਪਰ ਗੂੜੇ ਰੰਗ ਦੀਆਂ ਰੰਗ ਬਿਰੰਗੀਆਂ ਚੌਲੀਆਂ ਘਾਗਰੇ ਉਸ ਤੇ ਬਹੁਤ ਹੀ ਢੁੱਕਦੇ ਸਨ । ਰੰਗ ਬਿਰੰਗੇ ਧਾਗੇ ਪਿਰੋ ਕੇ ਨਿੱਕੀਆਂ ਨਿੱਕੀਆਂ ਮੀਡੀਆਂ ਨਾਲ ਚੋਟੀ ਗੁੰਦੀ ਹੁੰਦੀ ਸੀ ।ਗਲੇ ਵਿੱਚ ਸੁਹਾਗ ਦੌਹੜਾ ਪਾਇਆ ਹੁੰਦਾ ਸੀ..ਜੋ ਚਾਹ ਪਾਣੀ ਪੀਣ ਨਾਲ ਸ਼ੀਸ਼ੇ ਵਰਗੀ ਸੁਰਾਹੀਦਾਰ ਗਰਦਨ ਦੁਆਲੇ ਥਿਰਕਦਾ ਸੀ ।
……………….ਹੈਰਾਨੀ ਦੀ ਗੱਲ ਜਦੋਂ ਪਾਣੀ ਪੀਂਦੀ ਸੀ ਤਾਂ ਪਾਣੀ ਗਲੇ ‘ਚੋਂ ਉਤਰਦਾ ਮਹਿਸੂਸ ਹੁੰਦਾ ਸੀ ।ਹੱਥ ਵਿੱਚ ਚੂੜਾ, ਨੱਕ ਵਿੱਚ ਨੱਥ ਨੱਕ ਵਿੱਚ ਚਾਂਦੀ ਦੇ ਅਗੋਨੇ ,ਗਲ ਵਿੱਚ ਖੰਗੋਲਾ, ਪੈਰਾਂ ਵਿੱਚ ਕੜੀਆਂ ਨੇਬਰੀਆਂ, ਲਗੜ ਸਾਥੀਆਂ ਉਂਗਲਾਂ ‘ਚ ਬਿਛੀਆ ਅਚੇ ਅੰਗੂਠੇ ‘ਚ ਗੁਛਲਾ , ਕਮਰ ਤ ਕਰਧਨੀ ਜਾਂ ਕੰਧੋਰਾ ਹੱਥਾਂ ਵਿੱਚ ਬਾਜੂਬੰਦ, ਡੋਡੀਆ, ਹੱਥ ਪਾਨ ਅਤੇ ਅੰਗੂੰਠੀਆ ਪਹਿਨਦੀ । ਬਾਹਾਂ ਕਮਰ ਉਸਦੀਆਂ ਗੋਦੀਆਂ ਹੋਈਆਂ ਸਨ ।ਕਦੀ ਕਦੀ ਰੌਣਕੀ ਦੇ ਨਾਲ ਉਸਦੀ ਬੁੱਢੀ ਸੱਸ ਵੀ ਆਉਂਦੀ ਉਸਨੇ ਅਕਸਰ ਕਾਂਚਲੀ ਪਾਈ ਹੁੰਦੀ ਸੀ ।
………ਸਾਡੇ ਮੁਹੱਲੇ ਦੀ ਗਲੀ ਖ਼ਤਮ ਹੁੰਦੇ ਹੀ ਬਾਹਰ ਬਹੁਤ ਖੁਲਾ ਮੈਦਾਨ ਸੀ ਜਿਸਦੇ ਆਲੇ ਦੁਆਲੇ ਬਾਣੀਆਂ ਦੇ ਘਰ ਸਨ । ਬਨਜਾਰੇ ਮਰਦ ਉਸ ਮੈਦਾਨ ‘ਚ ਬੈਠ ਕੇ ਤੱਸਲੇ ਬਾਲਟੀਆਂ ਠੀਕ ਕਰਦੇ ਸਨ ।ਇਹਨਾਂ ਦੇ ਮਰਦ ਲੋਕ ਸਿਰ ਤੇ ਪੱਗੜੀ ਬੰਨਦੇ ਹਨ, ਕਮੀਜ਼ ਜਾਂ ਝੱਬਾ ਅਤੇ ਧੋਤੀ ਪਹਿਨਦੇ ਹਨ ।ਹੱਥ ਵਿੱਚ ਨਾਰਮੁਖੀ ਕੜਾ ਅਤੇ ਕੰਨਾਂ ਵਿੱਚ ਮੁਰਕੀਆ ਜਾਂ ਝੇਲਾ ਪਹਿਨਦੇ ਹਨ ।

ਜ਼ਿਆਦਾ ਕਰਕੇ ਇਹ ਹੱਥਾਂ ਵਿੱਚ ਲਾਠੀ ਵੀ ਰੱਖਦੇ ਹਨ।
… ਸਾਡਾ ਸੰਯੁਕਤ ਪਰਿਵਾਰ ਸੀ । ਮੇਰੇ ਦੋ ਤਾਇਆ ਜੀ ਸਾਡੇ ਨਾਲ ਹੀ ਰਹਿੰਦੇ ਸਨ। ਇਸ ਪੁਰਾਣੇ ਘਰ ਵਿੱਚ ਤਿੰਨ ਕਮਰੇ ਤਿੰਨ ਰਸੋਈਆਂ ਅਤੇ ਵੱਡਾ ਸਾਰਾ ਵਿਹੜਾ ਸੀ । ਜਦੋਂ ਵੀ ਰੌਣਕੀ ਨੇ ਆਉਣਾ ਵਿਹੜੇ ਵਿੱਚ ਬੈਠ ਜਾਣਾ । ਉਹ ਅਕਸਰ ਚਾਹਪਾਣੀ ਸਾਡੇ ਜਾਈ ਜੀ ਦੇ ਹੱਥੋਂ ਹੀ ਪੀਂਦੀ ਸੀ …ਮੇਰੇ ਵਾਲ ਲੰਬੇ ਭਾਰੇ ਸਨ ਉਹ ਅਕਸਰ ਆਪਣੇ ਵਾਂਙੂੰ ਮੀਡੀਆ ਧਾਗਾ ਪਿਰੋ ਕੇ ਗੁੰਦ ਦਿੰਦੀ ਸੀ । ਹਾਸੇ ਮਜ਼ਾਕ ਨਾਲ ਥੋੜੇ ਬਹੁਤ ਕੰਨ , ਗਲੇ ਅਤੇ ਹੱਥਾਂ ‘ਚ ਆਪਣੇ ਗਹਿਣੇ ਵੀ ਮੈਨੂੰ ਪੁਆ ਦਿੰਦੀ … ਫ਼ਿਰ ਉਹ ਮੇਰਾ ਮੂੰਹ ਚੁੰਮਦੇ ਬੋਲਦੀ , ਅਰੇ ਬੇਬੀ ਤੁਮ ਤੋਂ ਅੰਗਰੇਜ਼ ਜਿਪਸੀ ਲੱਗਤੀ ਹੋ … ਹਾ ਹਾ ਹਾ ਯੂਰਪੀ ਬਨਜਾਰਨ … !!
ਅਰੇ ਮਾਸੀ ਯੂਰਪੀ ਬਨਜਾਰੇ ਭੀ ਹੋਤੇ ਹੈ … ਮੈਂ ਪੁੱਛਿਆ।
ਹਾਂ ਹਾਂ ਬਿਟੀਆ !!
ਬਹੁਤ ਸਮਾਂ ਪਹਿਲੇ ਹਮਾਰੇ ਹੀ ਰਾਜਿਸਥਾਨ ਕੇ ਬਨਜਾਰੇ ਯੂਰਪ ਮੇਂ ਬਸ ਗਏ … ਹਮਾਰੀ ਤਰਹਾਂ ਹੀ ਘੂੰਮਤੇ ਹੈ … ਕੋਈ ਘਰ ਬਾਹਰ ਨਹੀਂ ਵੋ ਭੀ ਟੈਂਟੋ ਮੇਂ ਰਹਿਤੇ …..ਹੈਂ ।ਪਰ ਅਬ…ਵੋ ਹਮਾਰੀ ਤਰਹ ਘੋੜਾ ਗਾੜੀ ਊਠ ,ਬੈਲੋ ਸੇ ਸਮਾਨ ਏਕ ਜਗਹ ਸੇ ਦੂਸਰੀ ਜਗਹ ਪੇ ਲਿਜਾਨੇ ਮੇਂ ਮਦਦ ਨਹੀਂ ਲੇਤੇ ..ਵੋ ਤੋ ਅਬ ਬੜੀ ਬੜੀ ਮੋਟਰ ਗਾੜੀਓ ਮੇਂ ਘੂੰਮਤੇ ਹੈਂ ਲੇਕਿਨ ਖ਼ਾਨ ਪਾਨ ਹਮਾਰੇ ਜੈਸਾ .. ਹੀ ਹੈ …
ਰੌਣਕੀ ਮਾਸੀ ਆਪ ਲੋਕ ਕਿਆ ਖਾਤੇ ਹੈਂ !!ਆਪ ਕਾ ਬਦਨ ਇਤਨਾ ਚਮਕਤਾ ਕਿਉਂ ਹੈ ??
ਮੇਰੇ ਇਸ ਸਵਾਲ ਤੇ ਹੱਸਨੇ ਲੱਗੀ … ਅਰੇ ਬਿਟਿਆ ਚਮਕਤੀ ਤੋ ਤੂੰ ਭੀ ਹੈ ।
ਹਮ ਤੋਂ ਬੱਕਰੀ ਕਾ ਦੂਧ, ਮੀਟ ਮੱਛਲੀ ਅੰਡਾ, ਚਾਵਲ, ਜਵਾਰ ਬਾਜਰੇ ਕੀ ਰੋਟੀ ਖਾਤੇ ਹੈਂ ..ਖੁਲੀ ਹਵਾ ਮੈਂ ਸਾਂਸ ਲੇਤੇ ਹੈ … ਚਿੰਤਾ ਨਹੀਂ ਕਰਤੇ , ਸਿਰਫ਼ ਅਬ ਕੀ ਸੋਚਤੇ ਹੈ ।
ਕਹਿਤੇ ਹੈਂ ਕਿ ਇੰਗਲੈਂਡ ਕਾ ਏਕ ਬਾਦਸ਼ਾਹ ਜਿਪਸੀ ਲੋਗੋਂ ਔਰ ਉਨਕੇ ਜੀਵਨ ਕੋ ਇਤਨਾ ਅੱਛਾ ਮਾਨਨੇ ਲੱਗਾ ਕਿ ਵੋ ਰਾਜ ਪਾਟ ਛੋੜ ਕਰ ਜਿਪਸੀ ਲੋਗੋਂ ਕੇ ਸਾਥ ਰਹਿਨੇ ਲੱਗਾ ।
ਰੌਣਕੀ ਜਦੋਂ ਵੀ ਆਉਂਦੀ ਉਹ ਸਾਰਾ ਦਿਨ ਹੀ ਸਾਡੇ ਕੋਲ ਹੀ ਬਿਤਾਉਂਦੀ ।
……….ਇਸ ਵਾਰੀ ਜਦੋਂ ਆਈ ਤਾਂ ਦੀਵਾਲੀ ਦਾ ਤਿਓਹਾਰ ਹੋਣ ਕਾਰਨ ਅਸੀਂ ਬੱਚੇ ਰੰਗੋਲੀ ਬਣਾ ਰਹੇ ਸਾਂ ।ਰੌਣਕੀ ਸਾਡੇ ਨਾਲ ਹੀ ਬੈਠ ਕੇ ਰੰਗੋਲੀ ਬਣਾਉਣ ਲੱਗੀ ।
ਮੁਹੱਲੇ ਦੀਆ ਤੀਵੀਆਂ ਕੁੜੀਆ ਚਿੜੀਆ ਸਾਡੇ ਵਿਹੜੇ ‘ਚ ਹੀ ਇੱਕਠੀਆਂ ਹੈ ਗਈਆਂ । ਇਸ ਵਾਰ ਉਸ ਨਾਲ ਉਸਦੀ ਬੇਟੀ ਸੰਧੂਰੀ ਅਤੇ ਦੋ ਤੀਵੀਆਂ ਹੋਰ ਵੀ ਆਈਆਂ ਸਨ । ਕਿਸੇ ਨੇ ਉਹਨਾਂ ਕੋਲੋਂ ਮਹਿੰਦੀ ਲਗਵਾਈ , ਕਿਸਨੇ ਟੈਟੂ ਗੁੰਦਵਾਇਆ ਅਤੇ ਕਿਸਨੇ ਪੑੇਮੀ ਜਾਂ ਪਤੀ ਨਾਮ ਖੁਣਵਾਇਆ । ਇਸ ਵਾਰ ਉਸਦਾ ਮਰਦ ਆਪਣੇ ਹੱਥ ਦੇ ਬੁਣੇ ਹੋਏ ਕੰਬਲ ਅਤੇ ਦਰੀਆ ਹੱਥੋ ਹੱਥ ਵੇਚ ਗਿਆ ।
ਦਾਦੀ ਨੇ ਰੌਣਕੀ ਨੂੰ ਪੁੱਛਿਆ, ਹਨੀ ਵੱਤ ਰੌਣਕੀ !!ਤੁਸੀਂ ਵੀ ਰਾਤੀਂ ਦੀਵਾਲੀ ਮਨਾਸੋ ..
ਹਾਂ ਬੇਜੀ !! .. ਹਮ ਤੋ ਰਾਤ ਕੋ ਬੈਲ, ਪੇੜ ਔਰ ਦੇਵੀਉ ਕੀ ਪੂਜਾ ਕਰਤੇ ਹੈਂ ..
ਔਰ ਪਰੋਹਿਤ ਜਿਸ ਕੋ ਹਮ ਭਗਤ ਬੋਲਤੇ ਹੈਂ ਵੋ ਹਮੇਂ ਮੰਤਰ ਸੁਨਾਤੇ ਹੈਂ ।ਫ਼ੇਰ ਇੱਕਠੇ ਹੋਕਰ ਖਾਤੇ ਪੀਤੇ ਔਰ ਸਾਰੀ ਰਾਤ ਨਾਚਤੇ ਹੈ..
ਹੱਲਾ!! ਵੱਤ ਤਾਂ ਬਹੁਤ ਖ਼ਰਾ ਕਰਦੇ ਹੋ …
ਹੱਲਾ। ਵੱਤ ਇਹ ਤੇਰੀ ਕੁੜੀ ਏ ..
ਹਾਂ ਬੇਜੀ ਯੇ ਸੰਧੂਰੀ ਹੈ !! ਬੇਬੀ ਜੈਸੀ ਲੱਗਤੀ ਹੈ ।

          ਸੰਧੂਰੀ ਨਾਮ ਵਾਂਙੂੰ  ਰੰਗ  ਦੀ ਲਾਲ ਗੁਲਾਲ ਸੀ ....ਉਹ ਸ਼ਰਮਾਉਂਦੀ ਸੀ ਤਾਂ ਇਵੇਂ ਲੱਗਦਾ ਸੀ ਜਿਵੇਂ ਸਾਰੀ ਸ਼ਰਮ ਉਸਦੇ ਚਿਹਰੇ ਤੇ ਅੱਖਾਂ 'ਚ  ਹੀ ਸਿਮਟ ਜਾਂਦੀ ਸੀ ਮਾਨੋ ਲਾਜਵੰਤੀ ਦਾ ਫੁੱਲ ਹੋਵੇ ...ਕੱਚ ਵਰਗਾ ਸਰੀਰ... ਇੰਨਾ ਪੱਤਲਾ ਲੱਕ ਕਿ ਦੋ ਹੱਥਾਂ ਦੇ ਕਲਾਵੇ 'ਚ ਆ ਜਾਵੇ ।ਨਿਰੀ ਪੁਰੀ ਜਿਵੇਂ ਅੱਧ  ਖਿੜੀ ਕਲੀ ..
       ਬੇਜੀ !!ਸੰਦੂਰੀ ਬੜੀਆ ਨਾਚ ਲੇਤੀ ... ਰੌਣਕੀ ਬੋਲੀ ।

ਹੱਲਾ!!ਸੱਚ ਕਹਿੰਦੀ ਹੋਸੇ …ਪਾਕਿਸਤਾਨ ਸਾਡੇ ਗਰਾਂਹ ਵੀ ਤੁਹਾਡੇ ਲੋਕ ਮਦਾਰੀ ਬਾਜ਼ੀਗਰ ਆਉਂਦੇ ਆਏ । ਕਦੀ ਉਹ ਬੀਜ਼ੋ ਬਾਂਦਰੀ ਦਾ ਤਮਾਸ਼ਾ ਦਿਖਾਉਂਦੇ ਆਏ ਬਾਂਦਰੀ ਰੁੱਸ ਜਾਂਦੀ ਆਈ ਫ਼ੇਰ ਬਾਂਦਰ ਉਸਨੂੰ ਮਨਾ ਕੇ ਘਰ ਲਿਆਉਂਦਾ ਆਇਆ । ਕਦੀ ਕੁੜੀ ਬਾਂਸ ਪਕੜ ਕੇ ਰੱਸੀ ਤੇ ਚਲਦੀ ਆਈ .. ਕਦੀ ਢੇਰ ਸਾਰੀਆਂ ਵਲਟੋਹੀਆਂ (ਗਾਗਰ) ਸਿਰ ਤੇ ਰੱਖ ਕੇ ਨੱਚਦੀਆਂ ਆਈਆਂ ।ਇੰਨਾ ਤੇਜ਼ ਘੱਘਰਾ ਘੁੰਮਾਉਂਦੀਆਂ ਆਈਆਂ ਪਰ ਮਜ਼ਾਲ ਕੇਅ ਕਿ ਹਿੱਕ ਵਾਰ ਵੀ ਵਲਟੋਹੀ ਗਿਰ ਜਾਵੇ !!
ਰੌਣਕੀ ਨੂੰ ਕਈਂ ਵਾਰ ਦਾਦੀ ਮਾਂ ਦੀ ਗੱਲ ਸਮਝ ਨਹੀਂ ਆਉਂਦੀ ਸੀ .. ਉਹ ਉਸਦਾ ਮਤਲਬ ਮੇਰੇ ਤੋਂ ਪੁੱਛ ਲੈਂਦੀ ਸੀ।
ਦਾਦੀ ਦੀ ਸਾਰੀ ਗੱਲ ਸੁਣ ਕੇ ਰੌਣਕੀ ਬੋਲੀ, “ਬੇਜੀ ਹਾਂ ਸੰਧੂਰੀ ਵੋਹੀ ਨਾਚ ਕਰਤੀ ਹੈ ।ਇਸਕਾ ਨਾਨਾ ਗੁਜਰਾਤ ਮੇਂ ਹੈ , ਪਿਛਲੇ ਸਾਲ ਵਹਾਂ ਪਰ ਗਈ ਤੋ ਫ਼ਿਲਮ ਵਾਲੇ ਨੇ ਇਸ ਕੇ ਨਾਚ ਕੀ ਸ਼ੂਟਿੰਗ ਭੀ ਕੀ …ਹੈਦਰਾਬਾਦ ਮੇਂ ਹਮਾਰੀ ਬਨਜਾਰਾ ਬਸਤੀ ਮੇਂ ਬਨਜਾਰਾ ਫ਼ਿਲਮ ਕੀ ਸ਼ੂਟਿਗ ਹੂਈ ਥੀ ਵੋ ਬਹੁਤ ਚਲੀ ਥੀ ..ਉਸਕੇ ਬਾਅਦ ਸੇਠੋਂ ਨੇ ਹਮਾਰੀਆਂ ਬਸਤੀਆਂ ਕੋ ਉਜਾੜ ਕਰ ਬੜੇ ਬੜੇ ਮਹਿਲ ਖੜੇ ਕਰ ਲੀਏ ਔਰ ਉਸ ਜਗਹ ਕੋ ਬਨਜਾਰਾ ਹਿਲਸ ਕਾ ਨਾਮ ਦੀਆ”। ਉਹ ਸਾਹ ਲੈਣ ਲਈ ਰੁੱਕੀ ।
“ਵੱਤ ਤੇਰਾ ਗੁਜਰਾਤ ਤਾਂ ਖ਼ਰਾ ਮੁਲਕ ਹੋਸੀ “..!!ਦਾਦੀ ਨੇ ਪੁੱਛਿਆ ।
“ਹਾਂ ਹਾਂ ਬੇਜੀ … ਬਹੁਤ ਬੜੀਆ .!..ਮੇਰੇ ਬਾਪ ਦਾਦਾ ਤੋ ਪਹਿਲੇ ਨਮਕ ਬਨਾਤੇ ਥੇ …ਔਰ ਘੁੰਮਤੇ ਫ਼ਿਰਤੇ ਰਹਿਨੇ ਕੇ ਕਾਰਣ ਹਮਾਰੇ ਲੋਗੋ ਨੇ ਦੇਸ਼ ਕੀ ਅਜ਼ਾਦੀ ਕੇ ਲੀਏ ਸੰਦੇਸ਼ ਵਾਹਕ ਔਰ ਸੂਹੀਆ ਕੇ ਰੂਪ ਮੇਂ ਕਾਮ ਕੀਆ .. … ਅੰਗਰੇਜ਼ ਲੋਕੋਂ ਨੇ ਹਮੇਂ ਕਮਜ਼ੋਰ ਕਰਨੇ ਕੇ ਲੀਏ ਲੂਣ ਬਨਾਨੇ ਪਰ ਟੈਕਸ ਲਗਾ ਦੀਆ … ਗਾਂਧੀ
ਕੇ ਡਾਂਡੀ ਮਾਰਚ ਮੇਂ ਹਮਰੇ ਲੋਕ ਹੀ ਤੋ ਜ਼ਿਆਦਾ ਥੇ . ਪਰ ਅੰਗਰੇਜ਼ੋਂ ਕੀ ਨੀਤੀ ਸੇ …. ਨਮਕ ਕਾ ਧੰਦਾ ਜੈਸੇ ਛੂਟ ਸਾ ਹੀ ਗਿਆ . …ਹਮਾਰੇ ਲੋਕੋ ਕੋ ਖਾਨੇ ਕੇ ਲਾਲੇ ਪੜ ਗਏ .. ਉਹਨੋਂ ਅਬ ਤੋ ਨਮਕ ਬਨਾਨੇ ਕਾ ਧੰਦਾ ਹੀ ਛੋੜ ਦਿਆ … ਤਭੀ ਔਰ ਕਾਮੋਂ ਕੀ ਤਲਾਸ਼ ਮੇਂ ਸਾਰੇ ਦੇਸ਼ ਮੇਂ ਇਧਰ ਉਧਰ ਬਿਖ਼ਰ ਗਏ …. ਹਮਾਰੇ ਮਰਦ ਕਹਿਤੇ ਹੈਂ ਕਿ ਸਰਕਾਰ ਨੇ ਹਮ ਲੋਗੋ ਕਾ ਕਭੀ ਅਜ਼ਾਦੀ ਕੀ ਲੜਾਈ ਮੇਂ ਨਾਮ ਹੀ ਨਹੀਂ ਲਿਆ …!!!ਹਮੇਂ ਪੱਛੜੀ ਜਾਤੀਓ ਮੇਂ ਤੋ ਮਾਨਤੇ ਹੈਂ ਪਰ ਕਭੀ ਕੋਈ ਹੱਕ ਨਹੀਂ ਦਿਆ ।ਉਹ ਅੱਜ ਕਿਸੀ ਸਿਆਣੇ ਦਾਰਸ਼ਨਿਕ ਦੀ ਤਰਹਾਂ ਗੱਲਾਂ ਕਰ ਰਹੀ ਸੀ।
ਇੰਨੇ ‘ਚ ਤਾਈ ਜੀ ਸਾਰਿਆਂ ਲਈ ਗਰਮ ਗਰਮ ਚਾਹ ਅਤੇ ਸਮੋਸੇ ਲੈ ਆਏ। ਚਾਹ ਪੀਂਦਿਆ ਬੇਜੀ ਬੋਲੇ, ਸੰਧੂਰੀ ਜ਼ਰਾ ਨਾਚ ਤਾਂ ਦਿਖਾ ।
ਸੰਦੂਰੀ ਨੇ ਨੱਚ ਨੱਚ ਧਮਾਲ ਮਚਾ ਦਿੱਤਾ … ਸਾਰੀਆਂ ਕੁੜੀਆਂ ਉਸ ਨਾਲ ਨੱਚ ਪਈਆਂ … ਹੋਰ ਤਾਂ ਹੋਰ ਬੇਜੀ ਨੇ ਮੇਰਾ ਮਨ ਡੋਲੇ ਮੇਰਾ ਤਨ ਡੋਲੇ ਗਾਣਾ ਗਾਇਆ ਅਤੇ ਨੱਚੇ ਵੀ …ਕੁੱਝ ਦੇਰ ਬਾਅਦ ਹਨੇਰਾ ਹੋਣ ਕਾਰਣ ਰੌਣਕੀ, ਸੰਧੂਰੀ ਅਤੇ ਉਹਨਾਂ ਦੇ ਸਾਥੀ ਚਲੇ ਗਏ .. ਸ਼ਾਇਦ ਇੰਨੀ ਮਜ਼ੇਦਾਰ ਦੀਵਾਲੀ ਮੁੜ ਕੇ ਨਾ ਆਈ।
ਦੋ ਤਿੰਨ ਬਾਅਦ ਰੌਣਕੀ ਸਭ ਦੇ ਤੱਸਲੇ ਬਾਲਟੀਆਂ ਵਾਪਿਸ ਕਰਨ ਆਈ …ਥੋੜੀ ਉਦਾਸ ਜਿਹੀ ਲੱਗੀ .. ਵਿਹੜੇ ‘ਚ ਵਿੱਛੇ ਮੰਜੇ. ਤੇ ਉਹ ਬੇਜੀ ਕੋਲ ਬੈਠ ਗਈ ..ਜਾਈ ਜੀ ਨੇ ਉਸਨੂੰ ਪੈਸੇ ਅਤੇ ਚਾਹ ਦਿੰਦਿਆ ਉਦਾਸੀ ਦਾ ਕਾਰਣ ਪੁੱਛਿਆ …” ਰੌਣਕੀ ਕੀ ਗੱਲ ਵੇ …ਤੂੰ ਉਦਾਸ ਏਂ …
ਭਾਬੀ !!! ਕਿਆ ਬਤਾਊਂ ਸੰਧੂਰੀ ਸੇ ਮੇਰਾ ਬੇਟਾ ਗ਼ੁਲਾਬ…. ਦਿੱਲੀ ਜੇਲ ਮੇਂ ਹੈ …ਹਮਾਰੇ ਲਾਡ ਪਿਆਰ ਨੇ ਉਸੇ ਮਸਤਾ ਦਿਆ ਥਾ … ਹਮ ਘੁੰਮਤੇ ਫ਼ਿਰਤੇ ਦਿੱਲੀ ਮੇਂ ਆਏ … ਯਹਾਂ ਪਰ ਕਾਮ ਬਹੁਤ ਥਾ .. ਸਾਰੀ ਦਿੱਲੀ ਮੇਂ ਜਗਹ ਜਗਹ ਪੜਾ ਕਰਤੇ ਕਾਮ ਕਰਤੇ ਹਮੇਂ ਛੇ ਮਹੀਨੇ ਬੀਤ ਗਏ। ਉਨ ਛੇ ਮਹੀਨੋਂ ਮੇਂ ਮੇਰਾ ਗ਼ੁਲਾਬ ਗਲਤ ਲੜਕੋ ਕੇ ਸਾਥ ਘੁੰਮਨੇ ਲੱਗਾ ਜੋ ਗਾਂਜਾ ਚਰਸ ਨਸ਼ਾ ਕਰਤੇ ਔਰ ਬੇਚਤੇ ਥੇ ।ਰਾਤੇਂ ਵੇਸ਼ਵਾ ਕੇ ਕੋਠੇ ਔਰ ਹਿਜੜੋਂ ਕੇ ਪਾਸ ਬਿਤਾਤੇ ਥੇ।
ਮੰਨੂ ਪਤਾ … ਵੱਤ ਹਿਜੜੇ ਤਾਂ ਅਲੂਏ ਮੁੰਡਿਆਂ ਨੂੰ ਕਾਬੂ ਕਰ ਲੈਂਦੇ ਨੇ ਦਾਦੀ ਬੋਲੀ ..ਮਰਦ ਜਨਾਨੀ ਦੀ ਪਿਸ਼ਾਬ ਵਾਲੀ ਜਗਾਹ ਛੋਟੀ ਹੁੰਦੀ ਏ ਤੇ ਉਹ ਛੋਕਰਿਆ ਤੋਂ … ਬੇਜੀ ਨੇ ਸਾਨੂੰ ਕੁੜੀਆ ਕੋਲ ਖਲੋਤਾ ਦੇਖ ਗੱਲ ਵਿੱਚੋਂ ਹੀ ਟੁੱਕ ਲਿਤੀ ਨੇ ..
ਏਕ ਦਿਨ ਪੁਲਿਸ ਨੇ ਗਾਂਜਾ ਚਰਸ ਕੀ ਸਪਲਾਈ ਮੇਂ ਔਰ ਲੜਕੋਂ ਕੇ ਸਾਥ ਇਸ ਕੋ ਭੀ ਗੑਿਫ਼ਤਾਰ ਕਰ ਲੀਆ ਗਇਆ ..ਵੋ ਲੜਕੇ ਤੋ ਸੇਠੋਂ ਕੇ ਥੇ ,ਪੈਸੇ ਦੇਕਰ ਛੂਟ ਗਏ ਔਰ ਸਾਰਾ ਕੇਸ ਇਸ ਪੇ ਡਾਲ ਦੀਆ ..ਔਰ ਗ਼ੁਲਾਬ ਕੋ ਦੋ ਸਾਲ ਕੀ ਕੈਦ ਹੋ ਗਈ..ਅਬ ਹਮ ਉਸ ਕੋ ਮਿਲਨੇ ਜਾ ਰਹੇਂ ਹੈ .. .. ਦਾਦੀ ਦੇ ਪੈਰਾਂ ਨੂੰ ਛੂੰਹਦੀ ਹੋਈ , ਰੌਣਕੀ ਰੋਂਦੀ ਹੋਈ ਚਲੀ ਗਈ ।ਉਸ ਦਿਨ ਸਾਡਾ ਸਾਰਿਆਂ ਦਾ ਦਿਲ ਉਦਾਸ ਰਿਹਾ ।
ਕੁੱਝ ਚਿਰ ਬਾਅਦ ਅਸੀਂ ਅਤੇ ਵੱਡੇ ਤਾਇਆ ਜੀ ਨੇ ਦੋ ਨਵੇਂ ਘਰ ਲਏ ਕਿਉਂਕਿ ਬੱਚਿਆਂ ਦੀ ਉੱਚ ਵਿਦਿਆ ਸ਼ੁਰੂ ਹੋ ਗਈ ਸੀ .. ਵੀਰ ਨੂੰ ਮੈਡੀਕਲ.’ਚ ਐਡਮਿਸ਼ਨ ਮਿਲ ਗਈ ਸੀ।ਇਸ ਲਈ ਇੱਕੋ ਕਮਰੇ ਵਿੱਚ ਰਹਿਣਾ ਔਖਾ ਲਗਦਾ ਸੀ ।ਗਭਲੇ ਤਾਇਆ ਜੀ ਉਸ ਮਕਾਨ ਵਿੱਚ ਰਹਿ ਰਹੇ ਸਨ।
ਨਵੇਂ ਘਰ ਵਿੱਚ ਰਹਿੰਦਿਆਂ ਸਾਨੂੰ ਦੋ ਸਾਲ ਹੋ ਗਏ ਸਨ । ਇੱਕ ਵਾਰ ਅੱਧੀ ਰਾਤ ਨੂੰ ਮੇਨ ਗੇਟ ਦੀ ਕਾਲ ਬੈਲ ਵੱਜੀ …ਜਾਈ ਜੀ ਨੇ ਹੀ ਦਰਵਾਜ਼ਾ ਖੋਲਿਆ ਤਾਂ ਦੇਖਿਆ ਕਿ ਵੱਡੇ ਤਾਇਆ ਜੀ ਨਾਲ ਰੌਣਕੀ ਅਤੇ ਸੰਧੂਰੀ ਖੜੀਆਂ ਸਨ
ਜਾਈ ਜੀ ਅਬੜਵਾਹੇ ਬੋਲੇ .. ਰੌਣਕੀ ਇਸ ਵਕਤ …ਸੁੱਖ ਤਾਂ ਹੈ
.ਤਾਇਆ ਜੀ ਉਹਨਾਂ ਨੂੰ ਨਾਲ ਲੈ ਕੇ ਅੰਦਰ ਆ ਗਏ…
…. ਭਾਬੀ ਹਮਾਰੀ ਸੰਧੂਰੀ .!!.. ਗੱਲ ਅੱਧਵਾਟੇ ਛੱਡ ਉਹ ਫ਼ੁੱਟ ਫ਼ੁੱਟ ਰੋਣ ਲੱਗ ਗਈ ।

ਸੰਧੂਰੀ… ਨੇ ਸੱਜੀ ਛਾਤੀ ਤੇ ਹੱਥ ਰੱਖਿਆ ਹੋਇਆ ਸੀ। ਉਹ ਦਰਦ ਨਾਲ ਦੂਹਰੀ ਹੋ ਰਹੀ ਸੀ । ਉਸਦਾ ਦਾ ਰੰਗ ਪੀਲਾ ਭੂਕ ਹੋਇਆ ਪਿਆ ਸੀ ।ਉਹ ਦੋਵੇਂ ਦਾਦੀ ਮਾਂ ਦੇ ਬਿਸਤਰ ਬੈਠ ਗਈਆਂ ।
ਬੇਜੀ ਵੀ ਗੱਲਾਂ ਦੀ ਅਵਾਜ਼ ਸੁਣ ਜਾਗ ਪਏ ਸਨ … ਉਹ ਬੋਲੇ , “ਕੁੜੀ ਨੂੰ ਕੇਅ ਹੋਇਆਸ ਰੌਣਕੀ !!”
ਜਾਈ ਜੀ ਤੋਂ ਪਾਣੀ ਦਾ ਗਿਲਾਸ ਪਾਣੀ ਪੀਂਦੀ ਹੋਈ ਬੋਲੀ,”ਬੇਜੀ!!ਕਿਆ ਬਤਾਊਂ ..ਸੰਧੂਰੀ ਕੀ ਛਾਤੀ ਪੇ ਬੜਾ ਸਾ ਫ਼ੋੜਾ ਹੂਆ ਹੈ ਪਹਿਲੇ ਤੋਂ ਮੇਰੀ ਸਾਸ ਨੇ ਪਿਆਜ਼ ਕਾ ਛਿਲਕਾ ਬਾਂਧਾ ਔਰ ਆਧੀ ਕੱਚੀ ਰੋਟੀ ਪੇ ਤੇਲ ਔਰ ਹਲਦੀ ਲਗਾ ਕੇ ਬਾਂਧੀ .. ਕੁੱਛ ਫ਼ਰਕ ਨਹੀਂ ਪੜਾ ਤੋ ਭਗਤ (ਪਰੋਹਿਤ) ਸੇ ਹਥੌਲਾ ਕਰਵਾਇਆ, ਉਸਨੇ ਰਾਖ ਬਾਂਧਨੇ ਕੋ ਦੀ .. ਪਰ ਅਬ ਫ਼ੋੜਾ ਬਹੁਤ ਹੀ ਬੜ ਗਿਆ ਹੈ .. ਸ਼ਾਮ ਸੇ ਯੇ ਮਾਰੇ ਦਰਦ ਕੇ ਤੜਫ਼ ਰਹੀ ਹੈ । ਬਾਪ ਇਸ ਕਾ ਤਾੜੀ ਪੀਕਰ ਆ ਗਿਆ, ਹੋਸ਼ ਮੇ ਨਹੀਂ ਥਾ ਕਿ ਉਸ ਕੋ ਸਾਥ ਮੇਂ ਲੇਕਰ ਆਤੇ …ਮੇਰੀ ਸਾਸ ਨੇ ਬੋਲਾ ਕਿ ਤੁਮ ਬੇਬੀ ਕੇ ਘਰ ਜਾਉ …ਉਸਕੇ ਪਿਤਾ ਡਾਕਟਰ ਹੈਂ ਵੋਹੀ ਦਵਾ ਦਾਰੂ ਕਰੇਂਗੇ ..ਐਸੀ ਹਾਲਤ ਮੇਂ ਔਰ ਕਿਸ ਵੈਦ ਕੋ ਕਿਆ ਦਿਖਾਓਂਗੀ ।ਬੱਚੀ ਕੀ ਸ਼ਰਮ ਕਾ ਮਾਮਲਾ ਹੈ!!
ਬੇਜੀ !! ਡਾਕਟਰ ਸਾਹਿਬ ਸੇ ਬੋਲੋ , ਮੇਰੀ ਸੰਧੂਰੀ ਕੋ ਬਚਾ ਲੇਂ… ਰੌਣਕੀ ਫ਼ਿਰ ਰੋਣ ਲੱਗ ਗਈ ਸੀ … ਮੇਰਾ ਗ਼ੁਲਾਬ ਤੋ ਪਹਿਲੇ ਹੀ ਜੇਲ ਮੇਂ ਹੈ … ਬੱਚੋਂ ਕੋ ਕੁੱਛ ਹੂਆ ਤੋ ਮੈਂ ਜੀਤੇ ਜੀ ਮਰ ਜਾਊਂਗੀ …
ਪਾਪਾ ਜੀ ਨੇ ਦੋਵਾਂ ਨੂੰ ਆਪਣੇ ਕਮਰੇ ‘ਬੁਲਾਇਆ , ਨਾਲ ਹੀ ਮੈਨੂੰ ਅਤੇ ਜਾਈ ਜੀ ਨੂੰ ਕੋਲ ਖੜਾ ਕਰ ਲਿਆ । ਸੰਧੂਰੀ ਦੀ ਨਬਜ਼ ਚੈਕ ਕੀਤੀ ਤਾਂ ਰੌਣਕੀ ਨੇ ਉਸਦੀ ਕਮੀਜ਼ ਚੁੱਕ ਕੇ ਦਿਖਾਇਆ ਉਸਦੀ ਛਾਤੀ ਖ਼ਜੂਰ ਵਾਂਙੂੰ ਲਾਲ ਸੁਰਖ਼ ਸੀ। ਅੰਬ ਸ਼ੇਪ ਵਰਗੀ ਸੋਹਣੀ ਛਾਤੀ ਨੂੰ ਜਿਵੇਂ ਬੱਝ ਲੱਗ ਗਿਆ ਸੀ .. ਪਾਪਾ ਜੀ ਨੇ ਮੈਨੂੰ ਗਰਮ ਪਾਣੀ ਲਿਆਉਣ ਨੂੰ ਕਿਹਾ ਅਤੇ ਸਰਿੰਜ ਉਬਾਲਣ ਨੂੰ ਕਿਹਾ .. ਓਦੋਂ ਡਿਸਪੋਜ਼ਿਲ ਸਰਿੰਜਾ ਨਹੀਂ ਹੁੰਦੀਆਂ ਸਨ ।. .. ਸੰਧੂਰੀ ਨੂੰ ਇੰਜੈਕਸ਼ਨ ਦੇਣ ਤੋਂ ਬਾਅਦ ਖਾਣ ਨੂੰ ਦਵਾਈ ਦਿੱਤੀ। ਦਸ ਮਿੰਟਾਂ’ਚ ਹੀ ਸੰਧੂਰੀ ਮੇਰੇ ਕਮਰੇ ‘ਚ ਆ ਕੇ ਮੇਰੇ ਹੀ ਬਿਸਤਰ ਤੇ ਸੌਂ ਗਈ ।
ਰਾਤ ਦੇ ਢਾਈ ਵਜੇ ਸਨ । ਤਾਇਆ ਜੀ ਆਪਣੇ ਘਰ ਪਰਤ ਗਏ ਅਤੇ ਪਾਪਾ ਜੀ ਆਪਣਾ ਤੌਲੀਆ ਕਛਿਹਰਾ ਚੁੱਕ ਇਸ਼ਨਾਨ ਕਰਨ ਚਲੇ ਗਏ। ਪਾਪਾ ਜੀ ਦੀ ਸੁਵੱਖ਼ਤੇ ਉੱਠਣ ਅਤੇ ਪੰਜ ਬਾਣੀਆਂ ਦਾ ਪਾਠ ਕਰਨ ਦਾ ਨਿਤਕੑਮ ਸੀ…. ਪਾਠ ਤੋਂ ਬਾਅਦ.ਪਾਪਾ ਜੀ ਹਰ ਮਰੀਜ਼ ਦੇ ਸਵੱਸਥ ਹੋਣ ਲਈ ਅਰਦਾਸ ਕਰਦੇ ਸਨ।
ਇੰਜੈਕਸ਼ਨ ਦਾ ਨਸ਼ਾ ਖ਼ਤਮ ਹੋਣ ਤੇ ਸੰਧੂਰੀ ਜਾਗ ਪਈ ਸੀ ਅਤੇ ਦਰਦ ਨਾਲ ਕਰਾਹੁਣ ਲੱਗ ਗਈ ਸੀ । ਜਾਈ ਜੀ ਨੇ ਮਾਵਾਂ ਧੀਆਂ ਨੂੰ ਚਾਹ ਪੀਣ ਅਤੇ ਕੁੱਝ ਖਾਣ ਲਈ ਦਿੱਤਾ…
ਇੰਨੇ ‘ਚ ਪਾਪਾ ਜੀ ਨੇ ਜਾਈ ਜੀ ਨੂੰ ਬੁਲਾ ਕੇ ਕੋਈ ਗੱਲ ਦੱਸੀ ।। ਪਾਪਾ ਜੀ ਨੂੰ ਸੰਧੂਰੀ ਦੀ ਜਦੋਂ ਨਬਜ਼ ਚੈਕ ਕੀਤੀ ਤਾਂ ਉਹਨਾ ਨੂੰ ਸ਼ੰਕਾ ਹੋਈ । ਉਹ ਉਸਨੂੰ ਨਵਿਰਤ ਕਰਨਾ ਚਾਹੁੰਦੇ ਸਨ ਜਿਸ ਬਾਬਤ ਉਹ ਰੌਣਕੀ ਕੋਲ ਪੁੱਛਣ ਲਈ ਆਏ ।
“ਰੌਣਕੀ!!ਵੱਤ ਦਸ ਸੰਧੂਰੀ ਦੇ ਪੇਟ ‘ਚ ਬੱਚਾ ਵੇ … ਰੌਣਕੀ ਨੇ ਹਾਂ ਵਿੱਚ ਸਿਰ ਹਿਲਾਇਆ … ਹੋ… ਅਰੇ ਭਾਬੀ ਇਸਕੋ ਤੀਸਰਾ ਮਹੀਨਾ ਲੱਗਾ ਹੂਆ ਹੈ ” ।
“ਕੇਅ ਪਈ ਕਹਿਨੀ ਏਂ” ਕੁਆਰੀ ਕੁੜੀ ਪੇਟੋਂ … ਹਨੇਰ ਸਾਈਂ ਦਾ …ਦਾਦੀ ਨੇ ਬੋਲਦਿਆਂ ਮੂੰਹ ਤੇ ਹੱਥ ਰੱਖ ਲਿਆ ।”
ਬੇਜੀ … ਹਮਾਰੇ ਮੇਂ ਜਬ ਲੜਕੀ ਔਰ ਲੜਕਾ ਪਸੰਦ ਕਰਤੇ ਹੈਂ ਤੋ ਤਬੀ ਸੇ ਉਸੀ ਕੇ ਸਾਥ ਸੋਨਾ ਸ਼ੁਰੂ ਕਰ ਦੇਤੇ ਹੈਂ।ਔਰ ਅਗਰ ਬੱਚਾ ਠਹਿਰ ਜਾਏ ਤੋ ਸ਼ਾਦੀ ਉਸਕੇ ਸਾਥ ਹੋ ਜਾਤੀ ਹੈ …. ਅਗਰ ਬੱਚਾ ਨਹੀਂ ਠਹਿਰਤਾ ਤੋ ਵੋ ਸੰਬੰਧ ਟੂਟ ਜਾਤੇ ਹੈਂ ਔਰ ਦੂਸਰੀ ਨਯੀਂ ਜਗਹ ਲੜਕਾ ਔਰ ਲੜਕੀ ਅਪਨੇ ਸੰਬੰਧ ਬਨਾਤੇ ਹੈਂ।
ਹਮਾਰੇ ਭੀ ਕਈਂ ਜਾਤੀਆਂ ਹੈਂ … ਹਮਾਰੇ ਮੇਂ ਸੱਕੇ ਚਾਚੇ ਤਾਏ , ਮਾਸੀ ਭੂਆ ਕੇ ਬੱਚੇ ਆਪਸ ਮੇਂ ਸ਼ਾਦੀ ਕਰ ਲੇਤੇ ਹੈਂ । ਬੀਸ ਹਜ਼ਾਰ ਤੱਕ ਦਹੇਜ ਭੀ ਦੇਤੇ ਹੈਂ ..ਹਮਾਰੇ ਮੇਂ ਕਈਂ ਲੱਖੀ ਵਣਜਾਰੇ ਕੇ ਖ਼ਾਨਦਾਨ ਸੇ ਹੈਂ ….. ਮੁਸਲਮਾਨ ਵਣਜਾਰੋਂ ਮੇਂ ਸੇ ਅਗਰ ਲੜਕੀ ਦੂਸਰੀ ਬਿਰਾਦਰੀ ਮੇਂ ਸ਼ਾਦੀ ਕਰਤੀ ਹੈ ਤੋ ਉਸੇ, ਅਲਫ਼ ਨੰਗਾ ਕਰਕੇ ਜ਼ਿਬਾ ਕਰਕੇ ਮਾਰਾ ਜਾਤਾ ਹੈ ।
“ਹੱਲਾ…….ਮੁਸਲਮਾਨ ਪਖ਼ਤੂਨ ਕੌਮ ਹੁੰਦੀ ਏ ।ਉਹ ਬੜਾ ਮਨ ‘ਚ ਖ਼ੋਰ ਰੱਖਦੀ ਏ …” ਬੇਬੇ ਬੋਲੀ।
ਇਧਰ ਪਾਪਾ ਜੀ ਨੇ ਸੰਧੂਰੀ ਦੀ ਛਾਤੀ ਦੇ ਫ਼ੋੜੇ ਨੂੰ ਚੀਰਾ ਦੇਣ ਦੀ ਤਿਆਰੀ ਕਰ ਲਈ ਸੀ… ਮੈਂ ਅਤੇ ਜਾਈ ਜੀ ਨੇਂ ਪਾਪਾ ਜੀ ਦੀ ਮਦਦ ਕੀਤੀ … ਚੀਰਾ ਦੇਣ ਤੇ ਅੰਦਰੋਂ ਬਹੁਤ ਮਵਾਦ ਨਿਕਲਿਆ .ਪਾਪਾ ਜੀ ਨੇ. ਸੰਧੂਰੀ ਨੂੰ ਖਾਣ ਨੂੰ. ਦਵਾਈ ਅਤੇ ਦਰਦ ਦੂਰ ਕਰਨ ਲਈ ਇੰਜੈਕਸ਼ਨ ਦਿੱਤਾ, ਜਿਸ ਨਾਲ ਕੁੜੀ ਨੂੰ ਚੈਨ ਆ ਗਿਆ ।ਸ਼ਾਮ ਤੱਕ ਸੰਧੂਰੀ ਕਾਫ਼ੀ ਠੀਕ ਹੋ ਗਈ ਤਾਂ ਮਾਵਾਂ ਧੀਆਂ ਦਵਾਈ ਲੈ ਕੇ ਅਸੀਸਾਂ ਦਿੰਦੀਆਂ ਘਰ ਚਲੀਆ ਗਈਆਂ ।ਪਰ ਹਰ ਦੋ ਦਿਨ ਬਾਅਦ ਉਹਨਾਂ ਨੂੰ ਡਰੈਸਿੰਗ ਕਰਵਾਉਣ ਲਈ ਆਉਣਾ ਪੈਂਦਾ । ਗੌਜਿੰਗ ਕਰਕੇ ਡਰੈਸਿੰਗ ਕਰਨੀ ਬੜੀ ਤਕਲੀਫ਼ ਦੇਹ ਸੀ ਜਿਸ ਨਾਲ ਇੱਕ ਵਾਰ ਨਾਜ਼ੁਕ ਸੰਧੂਰੀ ਤੜਫ਼ ਜਾਂਦੀ ਸੀ ।
ਪੰਦਰਾਂ ਦਿਨਾਂ ‘ਚ ਜ਼ਖ਼ਮ ਭਰ ਗਿਆ …ਪਾਪਾ ਜੀ ਨੇ ਦਾਗ਼ ਮਿਟਾਉਣ ਲਈ ਟਿਊਬ ਲਿਖ ਕੇ ਦਿੱਤੀ ਅਤੇ ਨਾਰੀਅਲ ਤੇਲ ਦੀ ਹਲਕੀ ਹਲਕੀ ਮਸਾਜ ਦੱਸੀ…
ਇਸ ਸਮੇਂ ਦਾਦੀ ਮਾਂ ਨੇ ਮੇਰੀ ਮੰਗਣੀ ਬਾਰੇ ਦੱਸਿਆ ਕਿ ਸਾਡਾ ਜਵਾਈ ਬੈਂਕ ‘ਚ ਨੌਕਰੀ ਕਰਦਾ ਹੈ ਤਾਂ ਰੌਣਕੀ ਅਤੇ ਸੰਧੂਰੀ ਸੁਣ ਬਹੁਤ ਖ਼ੁਸ਼ ਹੋਈਆਂ ।
ਰੌਣਕੀ!! ਵੱਤ ਹੁਣ ਤੂੰ ਬੇਬੀ ਦੇ ਖ਼ਾਵੰਦ ਕੋਲ ਬੈਂਕ ‘ਚ ਪੈਸੇ ਰੱਖਾ ਦੇਵੇਂਸ..
ਨਾ ਬੇਜੀ!! ਹਮ ਤੋ ਘੁੰਮਤੇ ਫ਼ਿਰਤੇ ਰਹਿਤੇ ਹੈਂ ਏਕ ਜਗਹਾਂ ਪਰ ਹਮ ਨਹੀਂ ਬੈਠਤੇ … ਦਿਨ ਮੇਂ ਚਲਤੇ ਔਰ ਰਾਤ ਕੋ ਕਹੀਂ ਭੀ ਬਿਸਾਤ ਬਿਛਾਈ ਔਰ ਜੰਗਲ ਮੇਂ ਮੰਗਲ ਕਰ ਦਿਆ … ਜਬ ਦੀਆ ਜਲਤਾ ਹੈ ਹਮਾਰੇ ਪਾਂਵ ਮੇਂ ਘੂੰਘਰੂ ਔਰ ਲਬੋਂ ਪੇ ਗੀਤ ਥਿਰਕਨਾ ਸ਼ੁਰੂ ਹੋ ਜਾਤਾ ਹੈਂ । ਔਰ ਜਹਾਂ ਪਰ ਤੰਬੂ ਗਾੜਤੇ ਵਹੀਂ ਪਰ ਜ਼ਮੀਨ ਖੋਦ ਕਰ ਪੈਸੇ ਗਹਿਣੇ ਬਰਤਨ ਮੇਂ ਡਾਲਕਰ ਗਾੜ ਦੇਤੇ ਹੈਂ ਜਬ ਫ਼ਿਰ ਖ਼ੇਮਾ ਉਖਾੜਤੇ ਹੈਂ ਹਮ ਅਪਨਾ ਕੀਮਤੀ ਸਮਾਨ ਨਿਕਾਲ ਲੇਤੇ ਹੈਂ ….
ਭਾਬੀ !! ਹਮ ਬੇਬੀ ਕੀ ਸ਼ਾਦੀ ਮੇਂ ਨਹੀਂ ਆ ਸਕੇਂਗੇ ਕਿਉਂਕਿ ਰਾਜਿਸਥਾਨ ਮੇਂ ਜਾਕਰ ਸੰਦੂਰੀ ਕੀ ਸ਼ਾਦੀ ਕਰਨੀ ਹੈ .. ਹਮਾਰੀ ਭੀ ਸ਼ਾਦੀਆਂ ਮੰਦਰ ਮੇਂ ਹੋਤੀ ਹਮਾਰੇ ਖ਼ਾਨਦਾਨੀ ਭਗਤ ਸ਼ਾਦੀ ਕਰਤੇਂ ਹੈਂ l
ਸੰਧੂਰੀ ਕੀ ਸ਼ਾਦੀ ਕੇ ਬਾਅਦ ਹਮ ਗੁਜਰਾਤ ਚਲੇ ਜਾਏਂਗੇ … ਸ਼ਾਇਦ ਔਰ ਕੋਈ ਕਾਮ ਢੂੰਢਨਾ ਚਾਹਤੇ ਹੈਂ ..ਅਬ ਇਸ ਕਮ ਮੇਂ ਮਿਹਨਤ ਜ਼ਿਆਦਾ ਔਰ ਪੈਸਾ ਕਮ ਹੈ..ਗ਼ੁਲਾਬ ਜੇਲ ਸੇ ਬਾਹਰ ਆ ਜਾਏਗਾ … ਉਸ ਕੇ ਲੀਏ ਭੀ ਕਾਮ ਢੂੰਢਨਾ ਹੈ ..
ਮੇਰੀ ਸ਼ਾਦੀ ਹੋ ਗਈ ,ਪਰ ਮੈਂ ਜਦੋਂ ਵੀ ਆਉਂਦੀ ਤਾਂ ਮੈਂ ਅਕਸਰ ਰੌਣਕੀ ਅਤੇ ਸੰਧੂਰੀ ਬਾਰੇ ਪੁੱਛਦੀ …ਜਾਈ ਜੀ ਨਾਂਹ ਵਿੱਚ ਸਿਰ ਹਿਲਾ ਦਿੰਦੇ ।
ਅੱਠ ਨੌ ਸਾਲ ਬੀਤ ਗਏ …ਮੈਂ ਦੋ ਬੱਚਿਆਂ ਦੀ ਮਾਂ ਬਣ ਗਈ ਸਾਂ lਇਸ ਸਮੇਂ ਦੇ ਦੌਰਾਨ ਦਾਦੀ ਮਾਂ ਅਤੇ ਮੇਰੇ ਪਾਪਾ ਜੀ ਹਾਰਟ ਅਟੈਕ ਕਾਰਣ ਅਗੜ ਪਿਛੜ ਸਾਡਾ ਸਾਥ ਛੱਡ ਗਏ ਸਨ । ਦੋਵਾਂ ਜੀਆਂ ਦੇ ਜਾਣਾ ਸਾਡੇ ਪਰਿਵਾਰ ਲਈ ਘਾਟ ਅਤੇ ਇੱਕ ਵੱਡੇ ਸਦਮੇਂ ਵਾਲੀ ਗੱਲ ਸੀ ।
ਬੱਚਿਆਂ ਗਰਮੀਆਂ ਦੀਆਂ ਛੁੱਟੀਆਂ ਸਨ , ਮੈਂ ਬੱਚਿਆਂ ਨਾਲ ਕੁੱਝ ਦਿਨ ਪੇਕੇ ਰਹਿਣ ਆ ਗਈ ਸਾਂ ਕਿਉਂਕਿ ਪਾਪਾ ਜੀ ਦੇ ਵਿਛੋੜੇ ਕਾਰਣ ਜਾਈ ਜੀ ਬਹੁਤ ਉਦਾਸ ਰਹਿੰਦੇ ਸਨ । ਮੈਂ ਸੋਚਿਆ ਕਿ ਉਹ ਬੱਚਿਆ ਨਾਲ ਵਰਚ ਜਾਣਗੇ ।
ਇੱਕ ਦਿਨ ਅਚਾਨਕ ਇੰਨੇ ਸਾਲਾਂ ਬਾਅਦ ਰੌਣਕੀ ਆਪਣੇ ਪਤੀ ਨਾਲ ਫ਼ਿਰ ਪੑਗਟ ਹੋ ਗਈ… ਦਾਦੀ ਮਾਂ ਅਤੇ ਪਾਪਾ ਜੀ ਦਾ ਸਦੀਵੀ ਜਾਣਾ ਸੁਣ ਉਹ ਜਾਈ ਜੀ ਦੇ ਗਲ ਲੱਗ ਬਹੁਤ ਰੋਈ…… ਅਰੇ ਮੈਂ ਤੋ ਡਾਕਟਰ ਸਾਹਿਬ ਕੋ ਮਿਲਨੇ ਆਈ ਥੀ … ਕੇਸਰ ਕੋ ਉਨਕੇ ਪਾਸ ਲਾਈ ਥੀ.. ਪਿਛਲੇ ਛੇ ਮਹੀਨੇ ਸੇ ਯੇ ਕੁੱਝ ਖਾ ਪੀ ਨਹੀਂ ਰਹਾ । ਬਹੁਤ ਜਾਦੂ ਟੂਣੇ ਕੀਏ ਪਰ ਯੇ ਦਿਨ ਬਦਿਨ ਔਰ ਢੀਲਾ ਹੋ ਰਹਾ ਹੈ …ਯੇ ਅਪਨੇ ਆਪ ਹੀ ਕਹਿਨੇ ਲੱਗਾ ਕਿ ਮੁਝੇ ਬੇਬੀ ਕੇ ਪਾਸ ਲੇ ਚਲੋ
ਅਸਲ ਵਿੱਚ ਰੌਣਕੀ ਦੇ ਪਤੀ ਦੇ ਪੇਟ ਵਿੱਚ ਸਖ਼ਤ ਦਰਦ ਰਹਿਣ ਲੱਗ ਗਿਆ ਸੀ । ਸੰਧੂਰੀ ਦੇ ਠੀਕ ਹੋਣ ਕਾਰਣ ਉਸਨੂੰ ਪਾਪਾ ਜੀ ਤੇ ਬਹੁਤ ਹੀ ਮਾਣ ਸੀ , ਇਸ ਲਈ ਉਹ ਆਪਣੇ ਪਤੀ ਨੂੰ ਪਾਪਾ ਜੀ ਨੂੰ ਦਿਖਾਉਣ ਲਈ ਆ ਗਈ ।ਰੌਣਕੀ ਦਾ ਪਤੀ ਪੀਲਾ ਭੂਕ ਹੋਇਆ ਪਿਆ ਸੀ। ਕੰਧੇ ਝੁੱਕੇ ਹੋਏ ਅਤੇ ਬਹੁਤ ਕੰਮਜ਼ੋਰ ਸੀ ।ਰੌਣਕੀ ਨੇ ਦੱਸਿਆ ਕਿ ਉਸਕੋ ਭੂਖ ਨਹੀਂ ਲੱਗਤੀ ਔਰ ਕਬਜ਼ੀ ਕਾਰਣ ਬਹੁਤ ਪਰੇਸ਼ਾਨ ਰਹਿਤਾ ਹੈ ।
ਛੋਟਾ ਵੀਰ ਡਾਕਟਰ ਬਣ ਚੁੱਕਾ ਸੀ । ਉਸਨੇ ਕੇਸਰ ਨੂੰ ਹਸਪਤਾਲ ਦਾਖ਼ਲ ਕਰਵਾ ਦਿੱਤਾ ।ਟੈਸਟਾਂ ਦਾ ਦੌਰ ਸ਼ੁਰੂ ਹੋਇਆ ।
ਰੌਣਕੀ, ਅਤੇ ਉਸਦੇ ਕੁੱਝ ਰਿਸ਼ਤੇਦਾਰ ਵੀ ਹਸਪਤਾਲ ਮਦਦ ਲਈ ਆ ਪਹੁੰਚੇ ਕਿਉਂਕਿ ਸ਼ੀਸ਼ ਮਹਿਲ ‘ਚ ਸਭਿਆਚਾਰਕ ਮੇਲਾ ਭਰਨ ਕਰਕੇ ਉਸਦੇ ਰਿਸ਼ਤੇਦਾਰਾਂ ਦੇ ਕੁੱਝ ਕਾਫ਼ਿਲੇ ਆਪਣੇ ਸਭਿਆਚਾਰ ਦੀ ਨੁਮਾਇਸ਼ ਦਿਖਾਉਣ ਲਈ ਪਹੁੰਚੇ ਹੋਏ ਸਨ ਜਿਵੇਂ ਦਸਤਕਾਰੀ , ਸ਼ਿਲਪਕਾਰੀ , ਨਾਚ ਗਾਣਾ ,ਤਮਾਸ਼ਾ ਆਦਿ ਦਾ ਪੑਦਰਸ਼ਨ ਕਰ ਰਹੇ ਸਨ ।
ਜਾਈ ਜੀ ਦਾ ਬੱਚਿਆਂ ਬਾਰੇ ਪੁੱਛਣ ਤੇ ਰੌਣਕੀ ਨੇ ਦਸਿਆ ਕਿ ਸੰਧੂਰੀ ਅਬ ਬੰਬੇ ਮੇਂ ਹੈ ਵਹੀਂ ਵਹ ਨਾਚ ਗਾਣਾ ਕਰਤੀ ਹੈ , ਉਸ ਕੇ ਪਾਸ ਦੋ ਬੇਟੇ ਹੈਂ ..ਔਰ ਅਬ ਗ਼ੁਲਾਬ ਜੇਲ ਸੇ ਬਾਹਰ ਆ ਗਿਆ ਹੈ ਉਸ ਕੀ ਸ਼ਾਦੀ ਹੋ ਗਈ ਹੈ, ਉਸਕੀ ਬਿੰਦਣੀ ਉਮੀਦ ਸੇ ਥੀ ਇਸ ਲੀਏ ਵੋ ਹਮਾਰੇ ਸਾਥ ਨਹੀ ਆਇਆ। ਅਬ ਵੋ ਸਰੀਰ ਗੋਦਨੇ ਕਾ ਕਾਮ ਕਰਤਾ ਹੈ, ਬੰਬੇ, ਗੋਆ ,ਕੇਰਲਾ, ਮਦਰਾਸ ਕੇ ਬੀਚ ਪਰ ਕਾਮ ਮਿਲ ਜਾਤਾ ਹੈ , ਵਿਦੇਸ਼ੀ ਆਤੇ ਹੈਂ ਉਨ ਸੇ ਅੱਛੀ ਕਮਾਈ ਹੋ ਜਾਤੀ ਹੈ। ਅਬ ਪਲਾਸਟਿਕ ਕਾ ਰਾਜ ਹੋ ਗਿਆ ਹੈ , ਹਮਾਰਾ ਧੰਦਾ ਭੀ ਚੋਪਟ ਹੋ ਗਿਆ ਹੈ..ਅਬ ਮੈਂ ਫ਼ੂਲ ਬੇਚਨੇ ਕਾ ਕਾਮ ਕਰਤੀ ਹੂੰ ਔਰ ਕੇਸਰ ਦਰੀਆਂ ,ਕੰਬਲ ਔਰ ਚਾਰਪਾਈ ਬੁਨਤਾ ਹੈ ਔਰ ਬੇਚਤਾ ਹੈ ।
ਟੈਸਟਾਂ ਦੀ ਰਿਪੋਰਟ ਆ ਗਈ ਸੀ,ਕੇਸਰ ਨੂੰ ਰੈਕਟਮ ਕੈਂਸਰ ਸੀ ।ਉਸ ਲਈ ਸਰਜਨ ਡਾਕਟਰ ਨੇ ਪੇਟ ਦੀ ਸਰਜਰੀ ਕਰਨ ਨੂੰ ਕਿਹਾ… ਕੈਂਸਰ ਦਾ ਨਾਂ ਸੁਣ ਰੌਣਕੀ ਰੋ ਰੋ ਫ਼ਾਥੀ ਹੋ ਗਈ ..ਪਰ ਉਸਨੇ ਕੇਸਰ ਦੇ ਅਪਰੇਸ਼ਨ ਲਈ ਹਾਂ ਕਰ ਦਿੱਤੀ । ਉਹ ਕੇਸਰ ਦੇ ਠੀਕ ਹੋਣ ਦੀ ਦੁਆ ਕਰਨ ਲੱਗੀ .. ਆਪਰੇਸ਼ਨ ਲਈ ਪੇਟ ਖੋਲਿਆ ਗਿਆ ਪਰ ਮੁੜ ਸੀ ਦਿੱਤਾ ਗਿਆ । ਕੈਂਸਰ ਵੱਡੀ ਧਮਣੀ ‘ਚ ਫ਼ੈਲ ਚੁੱਕਾ ਸੀ ।ਪਰ ਇਲਾਜ ਸ਼ੁਰੂ ਹੋਣ ਤੋਂ ਪਹਿਲਾਂ ਹੀ ਕੇਸਰ ਦੀ ਇਸ ਨਾਮੁਰਾਦ ਬੀਮਾਰੀ ਨੇ ਜਾਨ ਲੈ ਲਈ .. ਜਾਈ ਜੀ ਕਹਿਣ ਲੱਗੇਕਿ ਹਿੱਕ ਵਾਰ ਚਾਕੂ ਲੱਗ ਜਾਏ ਤਾਂ ਕੈਂਸਰ ਜਲਦੀ ਫ਼ੈਲ ਜਾਂਦਾ ਹੈ ।
ਰੌਣਕੀ ਤਾਂ ਸੁੰਨ ਪੱਥਰ ਜਿਹੀ ਬਣ ਗਈ ..ਉਹ ਕੇਸਰ ਦਾ ਰਾਜਿਸਥਾਨ ਸਸਕਾਰ ਕਰਨਾ ਚਾਹੁੰਦੀ ਸੀ । ਇਸ ਲਈ ਇਹਨਾਂ ਦੇ ਕੋਲ ਟਰੱਕ ਯੂਨੀਅਨ ਵਾਲਿਆਂ ਦੇ ਅਕਾਉਂਟਸ ਸਨ ।ਇਸ ਲਈ ਰਾਜਿਸਥਾਨ ਜਾਣ ਵਾਲੇ ਟਰੱਕ ਦਾ ਪੑਬੰਧ ਕੀਤਾ ਅਤੇ ਕੇਸਰ ਦਾ ਪਾਰਥਿਵ ਸਰੀਰ ਬਰਫ਼ ਦੀ ਸਿੱਲ ਟਿੱਕਾ ਦਿੱਤਾ ਗਿਆ ।
ਜਾਈ ਜੀ ਨੇ ਰੌਣਕੀ ਨੂੰ ਕਲਾਵੇ ‘ਚ ਲੈਂਦਿਆ ਵਿਰਲਾਪ ਕਰਦਿਆਂ ਕਿਹਾ, ਭੈਣ!! ਤੂੰ ਵੀ ਮੇਰੇ ਹਰੋਂ( ਵਾਂਙ )ਹੋ ਗਈ ਏਂ ..ਹਾਏ ਮੰਨੂੰ ਵਿਧਵਾ ਸ਼ਬਦ ਬੜਾ ਸਪੇਰੋ (ਭੈੜਾ) ਲੱਗਦਾ ਆਇਆ … ਦੇਖ !! ਡਾਕਟਰ ਸਾਹਿਬ ਬਿਨਾਹ ਜੀਉਂਦੇ ਜੀਅ ਮਰ ਗਈ ਆਂ ।
ਸੁੰਨ ਹੋਈ ਰੌਣਕੀ ਜਾਈ ਜੀ ਦੇ ਪਿਆਰ ਪਾ ਚੀਕ ਉੱਠੀ।ਸੜਕ ਤੇ ਹੀ ਬੈਠ ਆਪਣੀਆਂ ਛਾਤੀਆਂ ਕੁੱਟਣ ਲੱਗੀ .. ਸਰੀਰ ਤੇ ਸਜੇ ਸਾਰੇ ਗਹਿਣੇ ਉਸਨੇ ਲਾਹ ਸੁੱਟੇ ।ਉਸਦੀਆਂ ਚੀਕਾਂ ਨਾਲ ਧਰਤੀ ਅਤੇ ਅਸਮਾਨ ਹਿੱਲ ਗਿਆ ਉਸਦੇ ਰੁਦਨ ਨਾਲ ਇੱਕਠੀ ਹੋਈ ਭੀੜ ਦੀਆਂ ਅੱਖਾਂ ਚੋਂ ਨੀਰ ਵਹਿ ਤੁਰਿਆ । ਬੜੀ ਮੁਸ਼ਕਿਲ ਨਾਲ ਉਸਨੂੰ ਟਰੱਕ ‘ਚ ਬਿਠਾਇਆ ।
ਰੌਣਕੀ ਚਲੀ ਗਈ ਉਹ ਮੁੜ ਕਦੀ ਵੀ ਨਾ ਆਈ ..ਪਰ ਮਾਸੀ ਰੌਣਕੀਂ ਮੇਰੀਆਂ ਯਾਦਾਂ ਚੋਂ ਕਦੀ ਮਨਫ਼ੀ ਨਹੀਂ ਹੋਈ . ਹੁਣ ਵੀ..ਮੇਰੀ ਰੂਹ ਹਮੇਸ਼ਾਂ ਉਸਨੂੰ ਅਵਾਜ਼ਾਂ ਦਿੰਦੀ …. ਹੈ … ਇੱਕ ਵਾਰ ਫ਼ੇਰ ਅਵਾਜ਼ ਦੇ ..
ਬੇਬੀਏ!! ਅਰੇ ਬੇਬੀ !!!
ਤੁਮ ਘਰ ਮੇਂ ਹੋ …..
. ਮੈਂ ਰੌਣਕੀ !!
ਸਮਾਪਤ…..
Manmohan kaur..
586E… Azad Nagar,
Sirhind Road,
PATIALA
147001
CONTACT NO..
9814968849…
85588555959..

Share This :

Leave a Reply