(ਹਾਏ! ਮੈਂ ਕਿੰਨਾ ਉਦਾਸ ਹਾਂ)

Young depressed man sitting on floor.

ਇੰਝ ਦੁਰਕਾਰਿਆ ਜਾਵਾਂਗਾ
ਮੈਂ ਬਿਨਾ ਵਜ੍ਹਾ ਹੀ ਸੱਜਣਾਂ ਤੋਂ
ਮੈਂ ਕੱਲਾ ਇੰਝ ਕੁਰਲਾਵਾਂਗਾ
ਤੇ ਹੰਝ ਤੋਹਫ਼ੇ ਵਿੱਚ ਪਾਵਾਂਗਾ
ਅੱਜ ਬਿਨਾ ਵਜ੍ਹਾ ਹੀ ਸੱਜਣਾਂ ਤੋਂ
ਮੇਰੇ ਦਰਦ ਅੰਦਰ ਅਸਮਾਨ ਜਿੱਡਾ
ਹੁਣ ਆਮ ਹੋਇਆਂ ਨਾ ਖਾਸ ਹਾਂ
ਹਾਏ!
ਮੈਂ ਕਿੰਨਾ ਉਦਾਸ ਹਾਂ।

ਮੇਰੇ ਕੋਮਲ ਹਾਸੇ ਸੜ ਗਏ
ਓਹ ਹਿਜਰ ਦੀ ਸੂਲ਼ੀ ਚੜ ਗਏ
ਮੇਰੇ ਹਮਸਫ਼ਰ ਮੇਰੇ ਖ਼ੈਰ ਖਵਾਹ
ਮੈਨੂੰ ਵੇਖ ਕੇ ਅੰਦਰ ਵੜ ਗਏ
ਮੇਰੇ ਇਸ਼ਕ ਦੇ ਪੱਤੇ ਝੜ ਗਏ
ਮੇਰੇ ਪਾਕ ਸੋਹਲ ਜਏ ਖ੍ਵਾਬਾਂ ਨੂੰ
ਅੱਜ ਨਾਗ ਦੁਮੂੰਹੇਂ ਲੜ ਗਏ
ਮਹਿਬੂਬ ਮੇਰੇ ਕਰ ਹੋਸ਼ ਜਰਾ
ਕਿਉਂ ਪੁੱਠੇ ਪੱਤਰੇ ਪੜ੍ਹ ਲਏ
ਮੇਰੀ ਰੂਹ ਮੁਨਕਰ ਹੋਈ ਮੇਰੇ ਤੋਂ
ਮੈਂ ਦੂਰ ਓਹਤੋਂ ਨਾ ਪਾਸ ਹਾਂ
ਹਾਏ!
ਮੈਂ ਕਿੰਨਾ ਉਦਾਸ ਹਾਂ।

ਨਰਕ-ਖੰਡ ਦੇ ਨਾਲ਼ੋਂ ਡੂੰਘਾ
ਦਿਲ ਮੇਰਾ ਅੱਜ ਡੁੱਬ ਜਾਏਗਾ,
ਸੰਝ ਹੋਈ ਤੇਰੇ ਨਾਂ ਦਾ ਹਓਕਾ
ਬਾਣ ਵਾਂਗਰਾਂ ਖੁੱਬ ਜਾਏਗਾ,
ਕੀ ਸੱਚਮੁੱਚ ਤੂੰ ਵੀ ਇਹ ਚਾਏਂਗਾ?
ਏਨੇ ਗ਼ਮ ਵਿੱਚ ਇਸ਼ਕ ਮੇਰੇ ਦਾ
ਦੱਸ ਖਾਂ! ਬੂਟਾ ਉੱਗ ਜਾਏਗਾ?
ਮੇਰੇ ਹਾਣੀਆਂ ਕਰ ਹੋਸ਼ ਜਰਾ
ਮੈਨੂੰ ਕੌਣ ਤੇਰੇ ਬਿਨ ਬੁੱਝ ਪਾਏਗਾ,
ਮੈਨੂੰ ਰੱਖਿਆ ਜੀਵਿਤ ਜਿਸ ਨੇ
ਕਹਿੰਦੀ ਮਿਲਣ ਦੀ ਓਹਨੂੰ ਆਸ ਹਾਂ,
ਹਾਏ!
ਮੈਂ ਕਿੰਨਾ ਉਦਾਸ ਹਾਂ।

ਈਜ਼ਰਾਈਲ ਨੂੰ ਅਰਜ਼ ਹੈ
ਮੇਰੀ ਕਰ ਹਿਮਾਇਤ ਆਣ,
ਮੈਨੂੰ ਮੁੱਖ ਵਖਾਦੇ ਯਾਰ ਦਾ
ਬਦਲੇ ਵਿੱਚ ਦੇਵਾਂ ਪ੍ਰਾਣ,
ਵੇ ਭਰਲੈ ਅੱਜ ਉਡਾਣ,
ਸਿਰ ਬਿਰਹੋਂ ਕੀੜੇ ਪਲਮਦੇ
ਪਏ ਨੋਚ-ਨੋਚ ਕੇ ਖਾਣ,
ਮੇਰੇ ਸੋਹਣਿਆਂ ਕਰ ਹੋਸ਼ ਜਰਾ
ਕਰ ਪਾਕ ਇਸ਼ਕ ‘ਤੇ ਮਾਣ,
ਮੈਨੂ ਪਾ ਗਲ਼ਵੱਕੜੀ ਦੇ ਮੁਕਤੀ
ਹੁਣ ਤੁਰਦੀ ਫਿਰਦੀ ਲਾਸ਼ ਹਾਂ,
ਹਾਏ!
ਮੈਂ ਕਿੰਨਾ ਉਦਾਸ ਹਾਂ।

                     ਰਣਧੀਰ ਵਿਰਕ
Share This :

Leave a Reply