ਬ੍ਰਾਂਡ

ਬ੍ਰਾਂਡ ਸ਼ਬਦ ਦਾ ਨਾਂ ਸੁਣਦੇ ਹੀ ਹਰ ਇੱਕ ਦੇ ਦਿਮਾਗ਼ ਵਿੱਚ ਵੱਡੀਆਂ -ਵੱਡੀਆਂ ਕੰਪਨੀਆਂ ਦੇ ਨਾਂ ਆਉਣ ਲੱਗ ਜਾਂਦੇ ਹਨ ਤੇ ਇਹ ਗੱਲ ਆਉਣੀ ਸੁਭਾਵਿਕ ਵੀ ਹੈ ਕਿਉਂਕਿ ਅੱਜਕੱਲ੍ਹ ਦੇ ਮੁੰਡੇ ਕੁੜੀਆਂ ਸਭ ਵੱਡੇ-ਵੱਡੇ ਬ੍ਰਾਂਡਾਂ ਦੇ ਪਿੱਛੇ ਪਾਗਲ ਜੋ ਹਨ। ਇੱਕ ਦਿਨ ਦੋ ਪੁਰਾਣੇ ਦੋਸਤ ਬੜੇ ਲੰਮੇ ਸਮੇਂ ਦੇ ਬਾਅਦ ਇੱਕ ਦੂਜੇ ਨੂੰ ਮਿਲੇ।
“ਹੋਰ ਰਮੇਸ਼ ਕਿਵੇਂ ਚੱਲ ਰਿਹਾ ਹੈ? “
“ਬਸ ਬਾਈ ਵਧੀਆ ਹੈ। ਤੁਹਾਡੇ ਐਨਆਰਆਈ ਵਾਂਗ ਬਹੁਤੇ ਪੈਸੇ ਤਾਂ ਨਹੀਂ ਹਨ ਪਰ ਚੱਲ ਬਹੁਤ ਵਧੀਆ ਰਿਹਾ ਹੈ। ਤੂੰ ਸੁਣਾ ਤੇਰਾ ਕਿਵੇਂ ਹੈ? “
“ਮੇਰਾ ਤਾਂ ਤੂੰ ਦੇਖ ਹੀ ਰਿਹਾ ਹੈ। ਆਪਾਂ ਐਨਕ ਰੇਬੈਨ ਦੀ ਲਗਾਈ ਹੈ ਪੂਰੇ ਤੀਹ ਹਜ਼ਾਰ ਦੀ ਹੈ। ਪੈ਼ਂਟ ਗਿੱਚੀ ਦੀ , ਸ਼ਰਟ ਜਾਰਾ ਦੀ, ਬੂਟ ਸਕੈਚਰ ਦੇ, ਜੁਰਾਬਾਂ ਨਾਇਕੀ ਦੀਆਂ ਤੇ ਇੱਥੋਂ ਤੱਕ ਨਿੱਕਰ ਵੀ ਬ੍ਰਾਂਡਿਡ ਹੈ। “
“ਵਧੀਆ ਬਾਈ ਬਹੁਤ ਵਧੀਆ ਦੱਸਣ ਦੀ ਲੋੜ ਹੀ ਨਹੀਂ ਦੂਰੋਂ ਹੀ ਸਾਰੀਆਂ ਚੀਜ਼ਾਂ ਚਮਕ ਰਹੀਆਂ ਹਨ ਬਸ ਤੇਰੀ ਨਿੱਕਰ ਨੂੰ ਛੱਡ ਕੇ। “ਉਹ ਮਜ਼ਾਕ ਵਿੱਚ ਜਵਾਬ ਦਿੰਦਾ ਹੈ।
“ਤੇਰੇ ਕੱਪੜੇ ਬੜੇ ਸਾਦੇ ਜੇਹੇ ਪਾਏ ਹੋਏ ਹਨ ਕਿਵੇਂ ਤੇਰਾ ਕੰਮ ਵਧੀਆ ਨਹੀਂ ਚੱਲ ਰਿਹਾ। “
“ਬਾਈ ਬਹੁਤ ਵਧੀਆ ਚੱਲ ਰਿਹਾ ਹੈ ਬਸ ਮੇਰੀ ਸਾਰੀ ਕਮਾਈ ਇੱਕ ਬ੍ਰਾਂਡ ਖਰੀਦਣ ਉੱਤੇ ਹੀ ਲੱਗ ਜਾਂਦੀ ਹੈ। “
“ਹੈਂ……! ਉਹ ਕਿਹੜਾ ਬ੍ਰਾਂਡ ਹੈ? “
“ਛੱਡ ਵੀਰੇ ਉਹ ਬ੍ਰਾਂਡ ਖਰੀਦਣਾ ਤੇਰੀ ਪਹੁੰਚ ਦੇ ਬਾਹਰ ਹੈ।”
” ਕਮਾਲ ਹੈ ਯਾਰ ਤੂੰ ਵੀ ਕੀ ਗੱਲ ਕਰ ਰਿਹਾ ਹੈ। ਦੁਨੀਆਂ ਦਾ ਕੋਈ ਅਜਿਹਾ ਬ੍ਰਾਂਡ ਅਜਿਹਾ ਨਹੀਂ ਹੈ ਜਿਹੜਾ ਮੈਂ ਖਰੀਦ ਨਾ ਸਕਾਂ। ਤੂੰ ਨਾਂ ਤਾਂ ਬੋਲ। “

“ਵੀਰੇ ਕੱਲ੍ਹ ਤੇਰੀ ਮਾਤਾ ਮਿਲੀ ਸੀ। ਉਹਨਾਂ ਨੂੰ ਦੇਖ ਕੇ ਮੈਨੂੰ ਤੇਰੀ ਅਮੀਰੀ ਪਤਾ ਲੱਗ ਗਈ।ਤੂੰ ਸਾਰੇ ਬ੍ਰਾਂਡ ਤਾਂ ਖਰੀਦ ਸਕਦਾ ਹੈ ਪਰ ਇਨਸਾਨੀਅਤ ਵਾਲਾ ਬ੍ਰਾਂਡ ਖਰੀਦਣਾ ਤੇਰੀ ਹੈਸੀਅਤ ਤੋਂ ਬਾਹਰ ਹੈ। “
ਰਮੇਸ਼ ਦੀ ਗੱਲ ਸੁਣ ਕਿ ਉਸਦਾ ਐਨਆਰਆਈ ਮਿੱਤਰ ਪੱਥਰਾਂ ਗਿਆ। ਉਸਦੇ ਮੂੰਹ ਵਿੱਚੋਂ ਇੱਕ ਵੀ ਸ਼ਬਦ ਨਹੀਂ ਨਿਕਲ ਸਕਿਆ। ਰਮੇਸ਼ ਸੱਚ ਹੀ ਤਾਂ ਆਖ ਰਿਹਾ ਸੀ ਉਹ ਚੀਜ਼ਾਂ ਦੇ ਬ੍ਰਾਂਡਾਂ ਦੇ ਚੱਕਰ ਵਿੱਚ ਸ਼ਾਇਦ ਜਿੰਦਗੀ ਜੀਉਣ ਦੇ ਅਸਲ ਬ੍ਰਾਂਡ ਨੂੰ ਤਾਂ ਉਹ ਭੁੱਲ ਚੁੱਕਿਆ ਹੈ।
ਸੰਦੀਪ ਦਿਉੜਾ
8437556667

Share This :

Leave a Reply