ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਨੂੰ ਸਮਰਪਿਤ ਭਾਸ਼ਨ ਮੁਕਾਬਲੇ ਕਰਵਾਏ

ਭਾਸ਼ਨ ਮੁਕਾਬਲਿਆਂ ’ਚ ਜੇਤੂ ਵਿਦਿਆਰਥੀ ਪ੍ਰਬੰਧਕਾਂ ਨਾਲ। ਫੋਟੋ : ਧੀਮਾਨ

ਖੰਨਾ, 29 ਨਵੰਬਰ (ਪਰਮਜੀਤ ਸਿੰਘ ਧੀਮਾਨ)- ਸਥਾਨਕ ਨਵਾਬ ਜੱਸਾ ਸਿੰਘ ਆਹਲੂਵਾਲੀਆ ਸੀਨੀਅਰ ਸੈਕੰਡਰੀ ਸਕੂਲ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਨੂੰ ਸਮਰਪਿਤ ਭਾਸ਼ਨ ਮੁਕਾਬਲੇ ਕਰਵਾਏ ਗਏ। ਜਿਸ ਵਿਚ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ। ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਰਾਮ ਸਿੰਘ ਗੋਲਡਨ ਹੱਟ ਵਾਲਿਆਂ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਇਤਿਹਾਸ ਸਬੰਧੀ ਚਾਨਣਾ ਪਾਇਆ। ਮੁਕਾਬਲੇ 8ਵੀਂ ਦੀ ਵਿਦਿਆਰਥਣ ਸਿਮਰਵੀਰ ਕੌਰ ਦੇ ਵੈਰਾਗ ਸ਼ਬਦ ਨਾਲ ਅਰੰਭ ਅਤੇ ਦੀਦ ਕੌਰ ਦੀ ਉਤਸ਼ਾਹ ਮਈ ਕਵਿਤਾ ਨਾਲ ਖ਼ਤਮ ਹੋਏ। ਗਗਨਦੀਪ ਕੌਰ ਦਾ ਮਹਿਮਾਨ ਵਜੋਂ ਪੇਸ਼ ਕੀਤਾ ਭਾਸ਼ਨ ਸ਼ਲਾਘਾਯੋਗ ਸੀ। ਵੱਖ-ਵੱਖ ਸਕੂਲਾਂ ਦੇ 16 ਵਿਦਿਆਰਥੀਆਂ ਨੇ ਗੁਰੂ ਤੇਗ ਬਹਾਦਰ ਜੀ ਦੀ ਜੀਵਨੀ ਸਬੰਧੀ ਖੋਜ ਭਰਪੂਰ ਭਾਸ਼ਨ ਦਿੱਤੇ।

ਇਨ੍ਹਾਂ ਮੁਕਾਬਲਿਆਂ ਵਿਚ ਸਹਿਜਪ੍ਰੀਤ ਕੌਰ ਜੈਨ ਸਕੂਲ ਨੇ ਪਹਿਲਾ, ਗਗਨਜੋਤ ਕੌਰ ਨਵਾਬ ਜੱਸਾ ਸਿੰਘ ਸਕੂਲ ਤੇ ਸਿਮਰਪ੍ਰੀਤ ਕੌਰ ਸੀਐਸ ਇੰਟਰਨੈਸ਼ਨਲ ਸਕੂਲ ਨੇ ਦੂਜਾ, ਨੰਦਿਨੀ ਸ਼ਰਮਾ ਜੈਨ ਸਕੂਲ ਤੇ ਅਰਸ਼ਪ੍ਰੀਤ ਸਿੰਘ ਗਰਚਾ ਏ.ਐਸ. ਸਕੂਲ ਤੀਜੇ ਸਥਾਨ ’ਤੇ ਰਹੇ। ਰਜਤ ਕੌਰ ਗੋਪਾਲ ਪਬਲਿਕ ਸਕੂਲ ਈਸੜੂ, ਨਮਰਤਾ ਨਵਾਬ ਜੱਸਾ ਸਿੰਘ ਸਕੂਲ, ਨਵਜੋਤ ਕੌਰ ਤੇ ਮਹਿਕਪ੍ਰੀਤ ਕੌਰ ਭਗਤ ਪੂਰਨ ਸਿੰਘ ਸਕੂਲ ਰਾਜੇਵਾਲ, ਅਰਸ਼ਪ੍ਰੀਤ ਕੌਰ ਹਰਗੋਬਿੰਦ ਸਿੰਘ ਸਕੂਲ ਮੰਜੀ ਸਾਹਿਬ ਨੇ ਕੰਸੋਲੇਸ਼ਨ ਇਨਾਮ ਪ੍ਰਾਪਤ ਕੀਤੇ। ਜੇਤੂ ਵਿਦਿਆਰਥੀਆਂ ਨੂੰ ਇਨਾਮਾਂ ਦੀ ਵੰਡ ਕਰਦਿਆਂ ਪ੍ਰਿੰਸੀਪਲ ਸੁਖਦੇਵ ਸਿੰਘ ਰਾਣਾ ਅਤੇ ਹਰਨੇਕ ਸਿੰਘ ਨੇ ਹੋਰ ਵਿਦਿਆਰਥੀਆਂ ਨੂੰ ਵੀ ਖੇਡਾਂ ਅਤੇ ਸੱਭਿਆਚਾਰਕ ਗਤੀਵਿਧੀਆਂ ਵਿਚ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਮਾਪਿਆਂ ਨੂੰ ਕਿਹਾ ਕਿ ਬੱਚਿਆਂ ਨੂੰ ਛੋਟੀ ਉਮਰ ਤੋਂ ਹੀ ਸਿੱਖੀ ਨਾਲ ਜੋੜਿਆ ਜਾਵੇ ਤਾਂ ਜੋ ਉਹ ਵੱਡੇ ਹੋ ਕੇ ਸਾਡੇ ਵਿਰਸੇ ਦੀ ਸੰਭਾਲ ਕਰ ਸਕਣ। ਉਨ੍ਹਾਂ ਗੁਰੂ ਸਾਹਿਬ ਦੀ ਸ਼ਹੀਦੀ ਨੂੰ ਪ੍ਰਣਾਮ ਕਰਦਿਆਂ ਆਮ ਲੋਕਾਂ ਨੂੰ ਗੁਰੂ ਤੇਗ ਬਹਾਦਰ ਸਾਹਿਬ ਵੱਲੋਂ ਪਾਏ ਪੂਰਨਿਆਂ ਤੇ ਚੱਲਣ ਲਈ ਪ੍ਰੇਰਿਆ। ਸਕੂਲ ਪ੍ਰਧਾਨ ਸੁਖਬੀਰ ਸਿੰਘ ਆਹਲੂਵਾਲੀਆ ਨੇ ਦੱਸਿਆ ਕਿ ਹਰ ਸਾਲ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਨੂੰ ਸਮਰਪਿਤ ਅੰਤਰ ਸਕੂਲ ਮੁਕਾਬਲੇ ਕਰਵਾਏ ਜਾਂਦੇ ਹਨ ਤਾਂ ਜੋ ਵਿਦਿਆਰਥੀ ਆਪਣੇ ਅਮੀਰ ਵਿਰਸੇ ਨਾਲ ਜੁੜ ਕੇ ਸੱਚੇ ਸੁੱਚੇ ਸਮਾਜ ਦੀ ਉਸਾਰੀ ਕਰ ਸਕਣ। ਸਟੇਜ ਸਕੱਤਰ ਦੀ ਭੂਮਿਕਾ ਵਿਦਿਆਰਥਣ ਸਿਮਰ ਔਜਲਾ ਅਤੇ ਸਿਮਰਨ ਧਾਰਨੀ ਨੇ ਬਾਖੂਬੀ ਨਿਭਾਈ। ਇਸ ਮੌਕੇ ਪ੍ਰਿੰਸੀਪਲ ਜਗਜੀਤ ਕੌਰ ਆਹਲੂਵਾਲੀਆ, ਲਖਬੀਰ ਸਿੰਘ, ਅੰਮ੍ਰਿਤ ਕੌਰ ਅਤੇ ਹੋਰ ਸਟਾਫ ਮੈਂਬਰ ਹਾਜ਼ਰ ਸਨ।

Share This :

Leave a Reply