ਨੌਜਵਾਨ ਪੀੜੀ ਸੁਚੇਤ ਹੋਵੇ

ਹਾਲ ਹੀ ਵਿੱਚ ਕੈਨੇਡਾ ਦੇ ਸਰੀ ਵਿਖੇ 40 ਪੰਜਾਬੀ ਨੌਜਵਾਨਾਂ ਨੇ ਇੱਕ ਪੁਲਿਸ ਅਫ਼ਸਰ ਦੀ ਡਿਊਟੀ ਵਿੱਚ ਰੌੜੇ ਅਟਕਾਉਂਦੇ ਹੋਏ ਉਸਦਾ ਘਿਰਾਓ ਕੀਤਾ, ਤੇ ਉਸ ਦੀ ਕਾਰ ਦਾ ਰਾਹ ਰੋਕਿਆ। ਕਾਰ ਵਿੱਚ ਉੱਚੀ ਆਵਾਜ਼ ਵਿੱਚ ਗਾਣੇ ਚਲਾ ਕੇ ਘੁੰਮ ਰਹੇ ਵਿਅਕਤੀ ਨੂੰ ਸਰੀ ਸਰਕਾਰ ਵੱਲੋਂ ਨੋਟਿਸ ਜਾਰੀ ਕੀਤਾ ਗਿਆ ਸੀ। ਨੋਟਿਸ ਦੇ ਚੱਕਰ ਵਿੱਚ ਕਈ ਪੰਜਾਬੀ ਨੌਜਵਾਨਾਂ ਨੇ ਪੁਲੀਸ ਅਫ਼ਸਰ ਨਾਲ ਬਦਸਲੂਕੀ ਕੀਤੀ। ਕਾਨੂੰਨ ਉਲੰਘਣਾ ਦੇ ਦੋਸ਼ ਵਿਚ ਉਥੋਂ ਦੀ ਸਰਕਾਰ 40 ਪੰਜਾਬੀ ਨੌਜਵਾਨਾਂ ਨੂੰ ਭਾਰਤ ਭੇਜਣ ਦੀ ਕਾਰਵਾਈ ਕਰ ਸਕਦੀ ਹੈ। ਮਾਂ ਬਾਪ ਕਰਜਾ ਚੱਕ ਕੇ ਆਪਣੀ ਜ਼ਮੀਨਾਂ ਗਹਿਣੇ ਰੱਖਕੇ ਆਪਣੀ ਔਲਾਦ ਨੂੰ ਵਿਦੇਸ਼ ਪੜ੍ਹਾਈ ਕਰਨ ਲਈ ਤੋਰਦੇ ਹਨ। ਮਾਂ ਬਾਪ ਨੂੰ ਇਹ ਹੁੰਦਾ ਹੈ ਕਿ ਵਿਦੇਸ਼ ਵਿੱਚ ਜਾ ਕੇ ਉਹਨਾਂ ਦਾ ਬੱਚਾ ਆਪਣੇ ਪੈਰਾਂ ਤੇ ਵਧੀਆ ਖੜ੍ਹਾ ਹੋ ਜਾਵੇਗਾ। ਅਜਿਹੇ ਬੱਚਿਆਂ ਨੂੰ ਮਾੜੀ ਮੋਟੀ ਸ਼ਰਮ ਕਰਨੀ ਚਾਹੀਦੀ ਹੈ ਕਿ ਉਨ੍ਹਾਂ ਦੇ ਮਾਂ-ਬਾਪ ਤੰਗੀਆਂ ਕੱਟ ਕੇ ਉਨ੍ਹਾਂ ਨੂੰ ਪੜ੍ਹਾਈ ਲਈ ਸੱਤ ਸਮੁੰਦਰੋਂ ਪਾਰ ਭੇਜਦੇ ਹਨ। ਉੱਥੇ ਜਾ ਕੇ ਅਜਿਹੇ ਸ਼ਰਾਰਤੀ ਨੌਜਵਾਨ ਆਪਣੇ ਵਤਨ ਦੀ ਵੀ ਬੇਇਜ਼ਤੀ ਕਰਵਾਉਂਦੇ ਹਨ। ਜਦੋਂ ਮਾਂ-ਬਾਪ ਆਪਣੇ ਲਾਡਲਿਆਂ ਨੂੰ ਵਿਦੇਸ਼ ਭੇਜਣ ਦੀ ਤਿਆਰੀ ਕਰਦੇ ਹਨ, ਤਾਂ ਉਨ੍ਹਾਂ ਨੂੰ ਨੈਤਿਕ ਕਦਰਾਂ ਕੀਮਤਾਂ ਬਾਰੇ ਵੀ ਜਾਣੂੰ ਕਰਵਾਉਣਾ ਚਾਹੀਦਾ ਹੈ। ਬੱਚਿਆਂ ਨੂੰ ਚੰਗੀ ਤਰ੍ਹਾਂ ਸਮਝ ਹੋਣੀ ਚਾਹੀਦੀ ਹੈ ਕਿ ਉੱਥੇ ਜਾ ਕੇ ਕੋਈ ਵੀ ਗਲਤ ਕੰਮ ਨਹੀਂ ਕਰਨਾ ਹੈ। ਬਾਹਰ ਜਾ ਕੇ ਨੌਜਵਾਨਾਂ ਦੇ ਦਿਮਾਗ ਖ਼ਰਾਬ ਹੋਣ ਲੱਗ ਜਾਂਦੇ ਹਨ।

ਉਹਨਾਂ ਨੂੰ ਇਹ ਹੁੰਦਾ ਹੈ ਕਿ ਇੱਥੇ ਸਾਨੂੰ ਟੋਕਾ ਟਾਕੀ ਕਰਨ ਵਾਲਾ ਕੋਈ ਨਹੀਂ ਹੈ। ਨੌਜਵਾਨਾਂ ਨੂੰ ਆਪਣੇ ਮਾਂ ਬਾਪ ਦੀਆਂ ਮਿਹਨਤ ਦਾ ਮੁੱਲ ਪਾਉਣਾ ਚਾਹੀਦਾ ਹੈ। ਮਾਂ ਬਾਪ ਇੰਨਾ ਕਰਜ਼ਾ ਚੁੱਕ ਕੇ ਅੱਜ ਮਹਿੰਗਾਈ ਦੇ ਸਮੇਂ ਔਲਾਦ ਨੂੰ ਵਿਦੇਸ਼ ਭੇਜ ਰਹੇ ਹਨ।ਪਤਾ ਨਹੀਂ ਕਿੰਨੀਆਂ ਮੁਸ਼ਕਿਲਾਂ ਤੋਂ ਬਾਅਦ ਉਹ ਆਪਣੇ ਜਿਗਰ ਦੇ ਟੋਟਿਆਂ ਨੂੰ ਵਿਦੇਸ਼ ਭੇਜਦੇ ਹਨ। ਫਿਰ ਪਿੱਛੇ ਬੇਚਾਰੇ ਬੈਂਕਾਂ ਦੀਆਂ ਕਿਸ਼ਤਾਂ ਲਾਉਂਦੇ ਹਨ। ਪਤਾ ਨਹੀਂ ਕਿੰਨਾ ਕਿੰਨਾ ਸਾਹਮਣੇ ਮਾਂ ਬਾਪ ਨੂੰ ਜ਼ਲੀਲ ਹੋਣਾ ਪੈਂਦਾ ਹੈ। ਕਈ ਵਾਰ ਤਾਂ ਬੈਂਕ ਦੀਆਂ ਕਿਸ਼ਤਾਂ ਦੀ ਟੁੱਟ ਜਾਂਦੀਆਂ ਹਨ। ਫਿਰ ਬੈਂਕ ਕਰਮਚਾਰੀ ਘਰ ਚੱਕਰ ਲਗਾਉਣਾ ਸ਼ੁਰੂ ਕਰ ਦਿੰਦੇ ਹਨ।ਚੇਤੇ ਕਰਵਾ ਦੇਈਏ ਕਿ 1914 ਵਿੱਚ ਉਥੋਂ ਦੀ ਸੂਬਾ ਸਰਕਾਰ ਨੇ ਕਾਮਾਗਾਟਾ ਮਾਰੂ ਜਹਾਜ਼ ਵਿੱਚ ਸੈਂਕੜੇ ਪੰਜਾਬੀਆਂ ਨੂੰ ਆਪਣੀ ਧਰਤੀ ਤੇ ਪੈਰ ਨਹੀਂ ਸੀ ਧਰਨ ਦਿੱਤਾ ਤੇ ਵਾਪਸ ਭਾਰਤ ਭੇਜ ਦਿੱਤਾ ਸੀ। ਜੇ ਅਜਿਹੀਆਂ ਵਾਰਦਾਤਾਂ ਉੱਥੇ ਜਾ ਕੇ ਪੰਜਾਬੀ ਕਰਦੇ ਰਹਿਣਗੇ ਤਾਂ ਆਉਣ ਵਾਲੀਆਂ ਪੀੜ੍ਹੀਆਂ ਲਈ ਉੱਥੇ ਜਾ ਕੇ ਹੀਲਾ-ਵਸੀਲਾ ਕਰਨਾ ਮੁਸ਼ਕਿਲ ਹੋ ਜਾਏਗਾ। ਨੌਜਵਾਨ ਪੀੜ੍ਹੀ ਨੂੰ ਸੁਚੇਤ ਹੋਣ ਦੀ ਜ਼ਰੂਰਤ ਹੈ।

ਸੰਜੀਵ ਸਿੰਘ ਸੈਣੀ, ਮੋਹਾਲੀ

Share This :

Leave a Reply