ਕੈਪਟਨ ਦੇ ਕਰੀਬੀਆਂ ਨੂੰ ਝਟਕਾ

BJP ਵੱਲੋਂ ਭ੍ਰਿਸ਼ਟਾਚਾਰ ‘ਚ ਫਸੇ ਕਾਂਗਰਸੀਆਂ ਨੂੰ ਪਾਰਟੀ ‘ਚ ਲੈਣ ਤੋਂ ਨਾਂਹ

ਚੰਡੀਗੜ੍ਹ (ਪੰਜਾਬੀ ਮੀਡੀਆ ਬਿਊਰੋ) : ਭਾਰਤੀ ਜਨਤਾ ਪਾਰਟੀ ਨੇ ਪੰਜਾਬ ਵਿੱਚ ਆਪਣੀ ਰਣਨੀਤੀ ਬਦਲ ਲਈ ਹੈ। ਭਾਜਪਾ ਹੁਣ ਭ੍ਰਿਸ਼ਟਾਚਾਰ ਦੇ ਦੋਸ਼ਾਂ ਵਿੱਚ ਘਿਰੇ ਕਾਂਗਰਸੀ ਆਗੂਆਂ ਨੂੰ ਪਾਰਟੀ ਵਿੱਚ ਸ਼ਾਮਲ ਨਹੀਂ ਕਰੇਗੀ। ਇਸੇ ਲਈ ਜਦੋਂ ਮੰਗਲਵਾਰ ਨੂੰ ਕੈਪਟਨ ਅਮਰਿੰਦਰ ਸਿੰਘ ਨੇ ਭਾਜਪਾ ਵਿੱਚ ਸ਼ਾਮਲ ਹੋ ਕੇ ਆਪਣੀ ਪਾਰਟੀ ਪੀਐੱਲਸੀ ਦਾ ਰਲੇਵਾਂ ਕਰਕੇ ਪੰਜਾਬ ਦੇ ਸਾਬਕਾ ਮੰਤਰੀਆਂ ਦੀ ਸੂਚੀ ਸੌਂਪੀ ਤਾਂ ਭਾਜਪਾ ਨੇ ਕੁਝ ਨਾਂ ਕੱਟ ਦਿੱਤੇ। ਇਸ ਸੂਚੀ ਵਿੱਚ ਪੰਜਾਬ ਵਿਧਾਨ ਸਭਾ ਦੇ ਸਾਬਕਾ ਸਪੀਕਰ ਰਾਣਾ ਕੇਪੀ ਸਿੰਘ, ਸਾਬਕਾ ਉਪ ਮੁੱਖ ਮੰਤਰੀ ਓਪੀ ਸੋਨੀ ਅਤੇ ਕੈਪਟਨ ਕੇ ਖਾਸ ਅਤੇ ਸਾਬਕਾ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਦੇ ਨਾਂ ਸ਼ਾਮਲ ਹਨ। ਧਰਮਸੋਤ ਦਾ ਨਾਂ ਪੋਸਟ ਮੈਟ੍ਰਿਕ ਸਕਾਲਰਸ਼ਿਪ ਘਪਲੇ ਨਾਲ ਜੁੜਿਆ ਹੋਇਆ ਹੈ, ਜਦੋਂਕਿ ਜੰਗਲਾਤ ਮੰਤਰੀ ਹੁੰਦਿਆਂ ਉਨ੍ਹਾਂ ਦਾ ਨਾਂ ਟ੍ਰੀ ਗਾਰਡਾਂ ਦੀ ਖਰੀਦ ‘ਚ ਕਮਿਸ਼ਨ ਲੈਣ ਤੋਂ ਲੈ ਕੇ ਦਰੱਖਤਾਂ ਦੀ ਕਟਾਈ ਨਾਲ ਵੀ ਜੁੜਿਆ ਸੀ।
ਵਿਜੀਲੈਂਸ ਨੇ ਉਨ੍ਹਾਂ ਖ਼ਿਲਾਫ਼ ਕੇਸ ਦਰਜ ਕਰਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਤੇ ਉਹ ਜੇਲ੍ਹ ਵੀ ਚਲਾ ਗਿਆ। ਬਾਅਦ ਵਿਚ ਉਨ੍ਹਾਂ ਨੂੰ ਹਾਈਕੋਰਟ ਤੋਂ ਜ਼ਮਾਨਤ ‘ਤੇ ਰਿਹਾਅ ਕਰਨ ਦੇ ਹੁਕਮ ਮਿਲੇ ਸਨ। ਸਾਬਕਾ ਉਪ ਮੁੱਖ ਮੰਤਰੀ ਓਪੀ ਸੋਨੀ ਦਾ ਨਾਂ ਕੋਰੋਨਾ ਦੇ ਸਮੇਂ ਦੌਰਾਨ ਸੈਨੇਟਾਈਜ਼ਰ ਦੀ ਦੁਰਵਰਤੋਂ, ਬਿਨਾਂ ਮਨਜ਼ੂਰੀ ਦੇ ਤੰਦਰੁਸਤੀ ਕੇਂਦਰ ਦੇ ਸਾਮਾਨ ਦੀ ਖਰੀਦ ਨਾਲ ਸਬੰਧਤ ਸੀ। ਹਾਲਾਂਕਿ ਪੰਜਾਬ ਸਰਕਾਰ ਵੱਲੋਂ ਅਜੇ ਤੱਕ ਸੋਨੀ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਗਈ ਹੈ।

ਇਸ ਤੋਂ ਇਲਾਵਾ ਵਿਧਾਨ ਸਭਾ ਦੇ ਸਾਬਕਾ ਸਪੀਕਰ ਰਾਣਾ ਕੇਪੀ ਸਿੰਘ ਦਾ ਨਾਂ ਭ੍ਰਿਸ਼ਟਾਚਾਰ ਦੇ ਮਾਮਲੇ ‘ਚ ਸਿੱਧੇ ਤੌਰ ‘ਤੇ ਸਾਹਮਣੇ ਨਹੀਂ ਆਇਆ ਪਰ ਭਾਜਪਾ ਨੇ ਉਨ੍ਹਾਂ ਦਾ ਨਾਂ ਵੀ ਸੂਚੀ ਤੋਂ ਹਟਾ ਦਿੱਤਾ ਹੈ। ਪਾਰਟੀ ਸੂਤਰਾਂ ਮੁਤਾਬਕ ਕੇਪੀ ਕੈਪਟਨ ਦੇ ਨਾਲ ਭਾਜਪਾ ਵਿੱਚ ਸ਼ਾਮਲ ਹੋਣ ਲਈ ਦਿੱਲੀ ਗਏ ਸਨ ਪਰ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਕੈਪਟਨ ਦੀ ਮੁਲਾਕਾਤ ਤੋਂ ਬਾਅਦ ਕੇਪੀ ਰਾਣਾ ਸਣੇ ਸੋਨੀ ਅਤੇ ਧਰਮਸੋਤ ਦੇ ਨਾਂ ਸੂਚੀ ਵਿੱਚੋਂ ਹਟਾ ਦਿੱਤੇ ਗਏ ਹਨ।

Share This :

Leave a Reply