ਨਵਾਂਸ਼ਹਿਰ ਵਿਚ ਲੌਕਡਾਉਨ ਅਤੇ ਕਰਫ਼ਿਊ ਵਿਰੁੱਧ ਮੁਜ਼ਾਹਰਾ

ਲੋੜੀਂਦੀਆਂ ਸਿਹਤ ਸਹੂਲਤਾਂ ਅਤੇ ਪ੍ਰਬੰਧ ਪੂਰਤੀ ਦੀ ਕੀਤੀ ਗਈ ਮੰਗ

ਨਵਾਂਸ਼ਹਿਰ (ਏ-ਆਰ. ਆਰ. ਐੱਸ. ਸੰਧੂ) ਅੱਜ ਸੰਯੁਕਤ ਕਿਸਾਨ ਮੋਰਚਾ ਅਤੇ ਵੱਖ ਵੱਖ ਜਥੇਬੰਦੀਆਂ ਵੱਲੋਂ ਨਵਾਂਸ਼ਹਿਰ ਵਿਖੇ ਲੌਕਡਾਉਨ ਅਤੇ ਕਰਫ਼ਿਊ ਦੇ ਵਿਰੋਧ ਵਿਚ ਮੁਜ਼ਾਹਰਾ ਕੀਤਾ ਗਿਆ। ਮੁਜ਼ਾਹਰਾਕਾਰੀਆਂ ਨੇ ਸਿਹਤ ਸੇਵਾਵਾਂ ਦਾ ਪੁਖ਼ਤਾ ਪ੍ਰਬੰਧ ਕਰਨ, ਡਾਕਟਰਾਂ, ਨਰਸਾਂ ਦੀ ਲੋੜੀਂਦੀ ਭਰਤੀ ਕਰਨ, ਦਵਾਈਆਂ, ਵੈਂਟੀਲੇਟਰ ਅਤੇ ਆਕਸੀਜਨ ਦੀ ਕਮੀ ਦੂਰ ਕਰਨ, ਕਰੋਨਾ ਦੇ ਨਾਂਅ ਹੇਠ ਕੀਤੇ ਜਾ ਰਹੇ ਜੁਰਮਾਨੇ ਬੰਦ ਕਰਨ, ਚਲਾਨ ਕੱਟਣੇ ਬੰਦ ਕਰਨ  ਦੀ ਮੰਗ ਵੀ ਜ਼ੋਰਦਾਰ ਢੰਗ ਨਾਲ ਉਠਾਈ। ਇਸ ਮੌਕੇ ਸੁਰਿੰਦਰ ਸਿੰਘ ਬੈਂਸ, ਭੁਪਿੰਦਰ ਸਿੰਘ ਵੜੈਚ, ਜਸਬੀਰ ਦੀਪ, ਸੁਤੰਤਰ ਕੁਮਾਰ, ਕੁਲਦੀਪ ਸਿੰਘ ਸੁੱਜੋਂ, ਚਰਨਜੀਤ ਸਿੰਘ ਦੌਲਤਪੁਰ,  ਤਰਸੇਮ ਸਿੰਘ ਬੈਂਸ, ਗੁਰਬਖ਼ਸ਼ ਕੌਰ ਸੰਘਾ,  ਬਿੱਲਾ ਗੁੱਜਰ, ਪਰਮਜੀਤ ਸਿੰਘ ਸ਼ਹਾਬਪੁਰ, ਮੱਖਣ ਸਿੰਘ ਭਾਨਮਜਾਰਾ,  ਪ੍ਰਵੀਨ ਕੁਮਾਰ ਨਿਰਾਲਾ  ਨੇ ਸੰਬੋਧਨ ਕੀਤਾ। ਬੁਲਾਰਿਆਂ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਅਤੇ ਪੰਜਾਬ ਦੀ ਕੈਪਟਨ ਸਰਕਾਰ ਕਰੋਨਾ ਬਿਮਾਰੀ ਨਾਲ ਘੱਟ ਪਰ ਨਾਗਰਿਕਾਂ ਵਿਰੁੱਧ ਵੱਧ ਲੜਾਈ ਲੜ ਰਹੀ ਹੈ। ਮੌਜੂਦਾ ਸਮੇਂ ਵਿਚ ਇਹਨਾਂ ਸਰਕਾਰਾਂ ਦੇ ਸਿਹਤ ਪ੍ਰਬੰਧਾਂ ਦੀ ਪੋਲ ਖੁੱਲ੍ਹ ਗਈ ਹੈ ਜੋ ਇਕ ਸਾਲ ਵਿਚ ਲੋਕਾਂ ਲਈ ਨਾ ਹੀ ਲੋੜੀਂਦੀ ਆਕਸੀਜਨ ਦਾ ਪ੍ਰਬੰਧ ਕਰ ਸਕੀਆਂ ਹਨ ਨਾ ਹੀ ਵੈਂਟੀਲੇਟਰ, ਬਿਸਤਰਿਆਂ ਅਤੇ ਦਵਾਈਆਂ ਦਾ। ਇਸ ਲਈ ਇਹਨਾਂ ਸਰਕਾਰਾਂ ਨੂੰ ਹਜ਼ਾਰਾਂ ਲੋਕਾਂ ਦੀ ਮੌਤ ਦੇ ਦੋਸ਼ਾਂ ਤੋਂ ਬਰੀ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਅਤੇ ਪੰਜਾਬ ਦੀ ਕੈਪਟਨ ਸਰਕਾਰ ਲੋਕ ਡਾਊਨ ਅਤੇ ਕਰਫ਼ਿਊ ਲਾਕੇ ਖੇਤੀ ਕਾਨੂੰਨਾਂ ਵਿਰੁੱਧ ਚੱਲ ਰਹੇ ਘੋਲ ਨੂੰ ਢਾਹ ਲਾਉਣਾ ਚਾਹੁੰਦੀਆਂ ਹਨ ਪਰ ਇਹਨਾਂ ਦੇ ਇਹ ਮਾੜੇ ਮਨਸੂਬੇ ਸਫਲ ਨਹੀਂ ਹੋਣਗੇ।

ਦੁਕਾਨਦਾਰਾਂ ਅਤੇ ਦੂਸਰੇ ਕਾਰੋਬਾਰੀਆਂ ਦੇ ਧੰਦੇ ਚੌਪਟ ਹੋਣ ਕਿਨਾਰੇ ਹਨ।ਲੰਮਾ ਲੌਕਡਾਉਨ ਲੱਗਣ ਦੇ ਡਰੋਂ ਪ੍ਰਵਾਸੀ ਮਜ਼ਦੂਰ ਆਪਣੇ ਸੂਬਿਆਂ ਨੂੰ ਹਿਜਰਤ ਕਰ ਰਹੇ ਹਨ। ਸਰਕਾਰ ਸੰਕਟ ਦੀ ਘੜੀ ਦੀ ਦੁਹਾਈ ਦੇ ਕੇ ਲੋਕਾਂ ਨੂੰ ਪਾਬੰਦੀਆਂ ਦੀ ਪਾਲਣਾ ਕਰਨ ਲਈ ਹੁਕਮ ਚਾਹੜ੍ਹ ਰਹੀ ਹੈ ਪਰ ਲੋੜਵੰਦਾਂ ਦੀ ਧੇਲੇ ਦੀ ਵੀ ਮਦਦ ਨਹੀਂ ਕਰ ਰਹੀ। ਆਕਸੀਜਨ ਦੀ ਕਮੀ ਕਾਰਨ ਕੀਮਤੀ ਜਾਨਾਂ ਜਾ ਰਹੀਆਂ ਹਨ। ਕਰੋਨਾ ਦਾ ਡਰ ਨਿੱਜੀ ਹਸਪਤਾਲਾਂ ਲਈ ਸੋਨੇ ਦੇ ਅੰਡੇ ਦੇਣ ਵਾਲੀ ਮੁਰਗੀ ਸਾਬਤ ਹੋ ਰਿਹਾ ਹੈ। ਨਿੱਤ ਵਰਤੋਂ ਦੀਆਂ ਚੀਜ਼ਾਂ ਅਤੇ ਦਵਾਈਆਂ ਦੀ ਕੀਮਤਾਂ ਉੱਤੇ ਸਰਕਾਰ ਦਾ ਕੋਈ ਕੰਟਰੋਲ ਹੀ ਨਹੀਂ ਹੈ।ਬਲੈਕ ਮਾਰਕੀਟੀਏ ਖ਼ੂਬ ਹੱਥ ਰੰਗ ਰਹੇ ਹਨ ਪਰ ਰੇਹੜੀਆਂ ਫੜੀਆਂ ਵਾਲੇ ਸਰਕਾਰੀ ਹੁਕਮਾਂ ਦਾ ਨਿਸ਼ਾਨਾ ਬਣ ਰਹੇ ਹਨ। ਇਸ ਮੌਕੇ ਸਤਨਾਮ ਸੁੱਜੋਂ, ਨਿਰਮਲ ਸਿੰਘ ਜਲਾਹ ਮਾਜਰਾ, ਜਰਨੈਲ ਸਿੰਘ ਰਾਣੇਵਾਲ, ਤਰਸੇਮ ਮਹਾਲੋਂ, ਜਸਵਿੰਦਰ ਸਿੰਘ ਭੰਗਲ, ਪ੍ਰੀਤਮ ਸਿੰਘ ਰਮਲਾ, ਸਿਮਰਨਜੀਤ ਕੌਰ ਸਿੰਮੀ, ਮਨਜੀਤ ਕੌਰ ਅਲਾਚੌਰ, ਕਿਰਨਜੀਤ ਕੌਰ, ਪੁਨੀਤ ਕਲੇਰ ਨੇ ਵੀ ਵਿਚਾਰ ਪ੍ਰਗਟ ਕੀਤੇ।ਅੰਤ ਵਿਚ ਸਥਾਨਕ ਚੰਡੀਗੜ੍ਹ ਚੌਂਕ ਵਿਚ ਰੋਸ ਧਰਨਾ ਵੀ ਲਾਇਆ ਗਿਆ।

Share This :

Leave a Reply