ਪਟਿਆਲਾ (ਅਰਵਿੰਦਰ ਸਿੰਘ) ਕੁੱਝ ਸਮਾਂ ਪਹਿਲਾ ਚੀਨ ਵਿੱਚ ਹੋਏ ਕਰੋਨਾ ਵਾਇਰਸ ਦੇ ਹਮਲੇ ਨੇ ਜਿੱਥੇ ਚੀਨ ਨੂੰ ਵਕਤ ਪਾਇਆ ਸੀ ਉੱਥੇ ਹੀ ਹੁਣ ਇਸ ਦਾ ਅਸਰ ਪੰਜਾਬ ਵਿੱਚ ਸੁਨਣ ਵਿੱਚ ਆ ਰਿਹਾ ਹੈ। ਜਿਸ ਦੇ ਚੱਲਦਿਆਂ ਸਾਰੇ ਜ਼ਿਲਿਆਂ ਦੇ ਪ੍ਰਸ਼ਾਸਨਿਕ ਅਧਿਕਾਰੀ ਅਤੇ ਖ਼ਾਸ ਤੌਰ ਤੇ ਸਿਹਤ ਵਿਭਾਗ ਇਸ ਵਾਇਰਸ ਨਾਲ ਲੜਨ ਲਈ ਤਿਆਰ ਬਰ ਤਿਆਰ ਹੈ। ਜਾਣਕਾਰੀ ਮੁਤਾਬਿਕ ਚੰਡੀਗੜ੍ਹ ਵਿੱਚ ਕਰੋਨਾ ਵਾਇਰਸ ਦੇ ਦੋ ਮਰੀਜ਼ ਸਾਹਮਣੇ ਆਣ ਤੋਂ ਬਾਅਦ ਪਟਿਆਲਾ ਜ਼ਿਲ੍ਹੇ ਵਿੱਚ ਵੀ ਅਲਰਟ ਜਾਰੀ ਕਰ ਦਿੱਤਾ ਗਿਆ। ਇਸ ਦੇ ਨਾਲ ਹੀ ਪਟਿਆਲਾ ਦੇ ਰਜਿੰਦਰਾ ਹਸਪਤਾਲ ਅਤੇ ਮਾਤਾ ਕੁਸ਼ੱਲਿਆ ਹਸਪਤਾਲ ਵਿੱਚ ਆਈਸੋਲੇਸ਼ਨ ਵਾਰਡ ਬਣਾ ਦਿੱਤੇ ਗਏ ਹਨ ਤਾਂ ਵਾਇਰਸ ਕਾਰਨ ਬਿਮਾਰ ਹੋਏ ਮਰੀਜ਼ਾ ਦੀ ਚੰਗੀ ਦੇਖਭਾਲ ਹੋ ਸਕੇ ਅਤੇ ਇਹ ਬਿਮਾਰੀ ਇੱਕ ਤੋਂ ਦੂਜੇ ਵਿਅਕਤੀ ਨੂੰ ਪ੍ਰਭਾਵਿਤ ਨਾ ਕਰੇ। ਹਾਲਾਂਕਿ ਪਟਿਆਲਾ ਵਿੱਚ ਕੋਈ ਵੀ ਮਰੀਜ਼ ਸਾਹਮਣੇ ਨਹੀਂ ਆਇਆ ਪਰ ਸਿਹਤ ਵਿਭਾਗ ਮੁਤਾਬਿਕ ਬਚਾਅ ਦੇ ਲਈ ਕਿਸੇ ਵੀ ਪੱਖੋਂ ਕਸਰ ਨਾ ਛੱਡਣ ਬਾਰੇ ਜ਼ੋਰ ਦਿੱਤਾ ਜਾ ਰਿਹਾ ਹੈ। ਸਿਵਲ ਸਰਜਨ ਦੇ ਡਾ ਹਰੀਸ਼ ਮਲਹੋਤਰਾ ਮੁਤਾਬਿਕ 13 ਰੈਪਿਡ ਰਿਸਪਾਂਸ ਟੀਮਾਂ ਦਾ ਗਠਨ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿੱਚ ਮਾਸਕਾ ਦੀ ਵੀ ਕੋਈ ਕਮੀ ਨਹੀਂ ਹੈ। ਇਸ ਦੇ ਨਾਲ ਹੀ ਸਾਰੇ ਪ੍ਰਾਇਮਰੀ ਹੈਲਥ ਸੈਂਟਰ ਅਤੇ ਸਿਵਲ ਹਸਪਤਾਲਾਂ ਦੇ ਸਟਾਫ਼ ਨੂੰ ਅਲਰਟ ਕਰ ਦਿੱਤਾ ਗਿਆ ਹੈ। ਉਨ੍ਹਾਂ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਆਪਣੇ ਆਲ਼ੇ ਦੁਆਲੇ ਸਫ਼ਾਈ ਦੇ ਖ਼ਾਸ ਖ਼ਿਆਲ ਰੱਖਿਆ ਜਾਵੇ ਅਤੇ ਖਾਂਸੀ ਜ਼ੁਕਾਮ ਜਾਂ ਬੁਖ਼ਾਰ ਹੋਣ ਤੇ ਨਾਲ ਦੀ ਨਾਲ ਟੈਸਟ ਕਰਵਾ ਕੇ ਆਪਣਾ ਸਹੀ ਇਲਾਜ ਕਰਵਾਇਆ ਜਾਵੇ।
ਜੇਕਰ ਰਜਿੰਦਰਾ ਹਸਪਤਾਲ ਹੋਇਆ ਪ੍ਰਾਈਵੇਟ ਤਾਂ ਇਲਾਜ ਹੋ ਸਕਦੇ ਮਹਿੰਗਾ
ਬੀਤੇ ਦਿਨੀਂ ਰਜਿੰਦਰ ਹਸਪਤਾਲ ਵਿੱਚ ਮੁਲਾਜ਼ਮਾਂ ਵੱਲੋਂ ਸਰਕਾਰ ਦੇ ਖ਼ਿਲਾਫ਼ ਰੋਸ ਮੁਜ਼ਾਹਰਾ ਕੀਤਾ ਗਿਆ। ਜਿਸ ਵਿੱਚ ਮੁਲਾਜ਼ਮਾਂ ਵੱਲੋਂ ਸਰਕਾਰ ਨੂੰ ਰਜਿੰਦਰਾ ਹਸਪਤਾਲ ਅਤੇ ਮੈਡੀਕਲ ਕਾਲਜ ਪ੍ਰਾਈਵੇਟ ਨਾ ਕਰਨ ਦੀ ਮੰਗ ਰੱਖੀ ਗਈ। ਜਾਣਕਾਰੀ ਅਨੁਸਾਰ ਕੇ ਕੇ ਤਲਵਾੜ ਦੀ ਰਾਏ ਅਤੇ ਕੈਪਟਨ ਸਰਕਾਰ ਦੇ ਆਦੇਸ਼ ਮੁਤਾਬਿਕ ਮੈਡੀਕਲ ਕਾਲਜ ਪਟਿਆਲਾ ਅਤੇ ਰਜਿੰਦਰਾ ਹਸਪਤਾਲ ਨੂੰ ਪ੍ਰਾਈਵੇਟ ਕਰਨ ਲਈ ਮੁਲਾਜ਼ਮਾਂ ਤੋਂ 15 ਦਿਨ ਵਿੱਚ ਆਪਣੇ ਸੁਝਾਅ ਦੱਸਣ ਲਈ ਕਿਹਾ ਗਿਆ ਸੀ। ਪਰ ਮੁਲਾਜ਼ਮਾਂ ਦੀ ਮੰਨੀਏ ਤਾਂ ਸਰਕਾਰ ਵੱਲੋਂ ਸੁਝਾਅ ਮੰਗਣਾ ਸਿਰਫ਼ ਇੱਕ ਖਾਨਾਪੂਰਤੀ ਸੀ। ਜਦੋਂ ਕਿ ਇਸ ਦੇ ਨਿੱਜੀਕਰਨ ਲਈ ਸਰਕਾਰ ਵੱਲੋਂ ਪਹਿਲਾ ਤੋਂ ਹੀ ਫ਼ੈਸਲਾ ਲੈ ਲਿਆ ਗਿਆ ਹੈ। ਮਾਹਿਰਾਂ ਮੁਤਾਬਿਕ ਜੇਕਰ ਰਜਿੰਦਰਾ ਹਸਪਤਾਲ ਅਤੇ ਮੈਡੀਕਲ ਕਾਲਜ ਪ੍ਰਾਇਵੇਟ ਹੁੰਦਾ ਹੈਂ ਤਾਂ ਪੂਰੇ ਜਿਲ੍ਹੇ ਵਿੱਚ ਕੋਈ ਵੀ ਸਰਕਾਰੀ ਵੱਡਾ ਹਸਪਤਾਲ ਨਹੀਂ ਹੋਵੇਗਾ ਅਤੇ ਲੋਕਾਂ ਨੂੰ ਮਹਿੰਗੇ ਮੁੱਲ ਤੇੇ ਆਪਣਾ ਇਲਾਜ ਕਰਵਾਉਣ ਲਈ ਮਜਬੂਰ ਹੋਣਾ ਪਵੇਗਾ। ਇਸ ਦੇ ਨਾਲ ਹੀ ਸਰਕਾਰੀ ਕਾਲਜ ਵਿੱਚ ਪੜਾਈ ਦਾ ਖਰਚਾ ਵੀ ਦੁੱਗਣਾ ਹੋ ਜਾਵੇਗਾ। ਇਸ ਲਈ ਜੇਕਰ ਕਰੋਨਾ ਵਾਇਰਸ ਦਾ ਅਸਰ ਪਟਿਆਲਾ ਵਰਗੇ ਜ਼ਿਲ੍ਹੇ ਤੇ ਹੁੰਦਾ ਹੈ ਤਾਂ ਲੋਕਾਂ ਲਈ ਰਜਿੰਦਰਾ ਹਸਪਤਾਲ ਵਿੱਚ ਇਲਾਜ ਕਰਵਾਉਣਾ ਹੋਰਨਾਂ ਪ੍ਰਾਈਵੇਟ ਹਸਪਤਾਲਾਂ ਦੇ ਖ਼ਰਚੇ ਵਾਂਗ ਜਾਣ ਕੱਢਣ ਦੇ ਬਰਾਬਰ ਹੋਵੇਗਾ
ਫ਼ਤਿਹਗੜ੍ਹ ਸਾਹਿਬ ਵਿਖੇ ਸੈਂਪਲ ਦੇਣ ਤੋਂ ਬਾਅਦ ਸ਼ੱਕੀ ਮਰੀਜ਼ ਹੋਇਆ ਗ਼ਾਇਬ
ਇੱਕ ਵਾਇਰਲ ਖ਼ਬਰ ਮੁਤਾਬਿਕ ਜ਼ਿਲ੍ਹਾ ਫ਼ਤਿਹਗੜ੍ਹ ਸਾਹਿਬ ਦੇ ਸਿਵਲ ਸਰਜਨ ਦਫ਼ਤਰ ਵੱਲੋਂ ਡੀ ਸੀ ਸਾਹਿਬ ਨੂੰ ਚਿੱਠੀ ਲਿਖੀ ਗਈ ਜਿਸ ਵਿੱਚ ਲਿਖਿਆ ਗਿਆ ਕਿ ਕਰੋਨਾ ਵਾਇਰਸ ਦਾ ਸ਼ੱਕੀ ਮਰੀਜ਼ ਜਿਸ ਦਾ ਨਾਮ ਦਿਨੇਸ਼ ਕੁਮਾਰ ਵਾਸੀ ਬਸੀ ਪਠਾਣਾ 4 ਮਾਰਚ ਨੂੰ ਜ਼ਿਲ੍ਹਾ ਹਸਪਤਾਲ ਫ਼ਤਿਹਗੜ੍ਹ ਸਾਹਿਬ ਦੇ ਆਈਸੋਲੇਸ਼ਨ ਵਾਰਡ ਵਿੱਚ ਭਰਤੀ ਗਿਆ ਸੀ।ਇਸ ਮਰੀਜ਼ ਦਾ ਸੈਂਪਲ ਲਿਆ ਗਿਆ ਸੀ ਪਰ ਮਰੀਜ਼ ਇਲਾਜ ਕਰਵਾਉਣ ਦੀ ਬਜਾਏ ਧੁਪਿਹਰ 12.30 ਵਜੇ ਬਿਨਾਂ ਸਟਾਫ਼ ਨੂੰ ਦੱਸੇ ਉੱਥੋਂ ਗ਼ਾਇਬ ਹੋ ਗਿਆ। ਸਿਵਲ ਸਰਜਨ ਅਧਿਕਾਰੀਆਂ ਨੇ ਪੁਲਿਸ ਤੋਂ ਮਰੀਜ਼ ਦੀ ਭਾਲ ਕਰਨ ਵਾਸਤੇ ਮੰਗ ਕੀਤੀ ਤਾਂ ਜੋ ਇਹ ਵਾਇਰਸ ਹੋਰ ਨਾ ਫੈਲ ਸਕੇ।
ਗੁਰਮੁਖ ਗੁਰੂ ਨੇ ਲੋਕਾਂ ਨੂੰ ਅਫ਼ਵਾਹਾਂ ਤੋਂ ਬਚਣ ਤੋਂ ਕੀਤੀ ਅਪੀਲ
ਗੁਰਮੁਖ ਗੁਰੂ ਨੇ ਕਿਹਾ ਕਿ ਉਨ੍ਹਾਂ ਦੀ ਸੰਸਥਾ ਲੋੜਵੰਦ ਮਰੀਜ਼ਾ ਦੀ ਮਦਦ ਲਈ ਤਿਆਰ ਬਰ ਤਿਆਰ ਰਹਿੰਦੀ ਹੈ। ਉਨ੍ਹਾਂ ਲੋਕਾਂ ਨੂੰ ਸੋਸ਼ਲ ਮੀਡੀਆ ਤੇ ਵਾਇਰਲ ਅਫ਼ਵਾਹਾਂ ਤੋਂ ਬਚਣ ਲਈ ਅਪੀਲ ਕੀਤੀ ਅਤੇ ਲੋੜਵੰਦ ਮਰੀਜ਼ ਨੂੰ ਸਹੀ ਜਾਣਕਾਰੀ ਦੇ ਕੇ ਸਹੀ ਮਦਦ ਕੀਤੀ ਜਾਵੇ। ਗੁਰੂ ਨੇ ਕਿਹਾ ਕਿ ਭਾਰਤ ਸਰਕਾਰ ਵੱਲੋਂ ਇੱਕ ਐਮਰਜੈਂਸੀ ਨੰਬਰ 01123978046 ਜਾਰੀ ਕੀਤਾ ਗਿਆ ਹੈ। ਇਸ ਦੇ ਨਾਲ ਹੀ ਮੀਡੀਆ ਨੂੰ ਵੀ ਅਪੀਲ ਕੀਤੀ ਕਿ ਜੱਦੋ ਤੱਕ ਮਰੀਜ਼ ਨੂੰ ਕਰੋਨਾ ਵਾਇਰਸ ਹੋਣ ਦਾ ਪੱਕਾ ਪਤਾ ਨਹੀਂ ਲੱਗ ਜਾਂਦਾ ਉਦੋਂ ਤੱਕ ਅਖ਼ਬਾਰ ਜਾਂ ਚੈਨਲ ਵਿੱਚ ਸ਼ੱਕੀ ਮਰੀਜ਼ ਦੱਸ ਕੇ ਡਰ ਨਾ ਫੈਲਾਇਆ ਜਾਵੇ। ਕਿਉਂਕਿ ਜਦੋ ਤੱਕ ਮਰੀਜ਼ ਦੇ ਸਾਰੇ ਟੈਸਟ ਨਹੀਂ ਹੋ ਜਾਂਦੇ ਉਦੋਂ ਤੱਕ ਮਰੀਜ਼ ਬਾਰੇ ਸਹੀ ਫ਼ੈਸਲਾ ਲੈਣਾ ਮੁਸ਼ਕਿਲ ਹੈ। ਉਨ੍ਹਾ ਨੂੰ ਅਪੀਲ ਕੀਤੀ ਕਿ ਕਰੋਨਾ ਵਾਇਰਸ ਵਲੋਂ ਮਰੀਜ ਵਲੋਂ ਹੱਥ ਮਿਲਾਣ, ਮਰੀਜ਼ ਦੇ ਲੋਕਾਂ ਵਿਚਾਲੇ ਖੰਘਣ ਆਦਿ ਨਾਲ ਵੀ ਹੋ ਸਕਦਾ ਹੈ। ਇਸ ਲਈ ਖੰਘਣ ਵਾਲੇ ਮਰੀਜ਼ ਨੂੰ ਮੂੰਹ ਢਕਣ ਅਤੇ ਖ਼ਾਸੀ ਵਾਲੇ ਮਰੀਜ਼ ਤੋ ਥੋੜ੍ਹੀ ਦੂਰੀ, ਜ਼ਿਆਦਾ ਹੱਥ ਮਿਲਾਣ ਆਦਿ ਤੋਂ ਗੁਰੇਜ਼ ਰੱਖਣਾ ਚਾਹੀਦਾ ਹੈ। ਬਿਮਾਰੀ ਦੇ ਚਲਦਿਆਂ ਲੋਕਾਂ ਨੂੰ ਪੁਰਾਣੀ ਸੰਸਕ੍ਰਿਤੀ ਮੁਤਾਬਿਕ ਹੱਥ ਜੋੜ ਕੇ ਨਮਸਤੇ, ਸਤਿ ਸ੍ਰੀ ਅਕਾਲ, ਆਦਿ ਹੀ ਕਰਨ ਵਿੱਚ ਚੰਗੀ ਗੱਲ ਹੈ। ਬਾਰ ਬਾਰ ਤੇ ਥਾਂ ਥਾਂ ਤੇ ਥੁੱਕਣਾ ਨਹੀਂ ਚਾਹੀਦਾ। ਆਪਣੇ ਹੱਥ ਹਮੇਸ਼ਾ ਸਾਫ਼ ਰੱਖਣੇ ਚਾਹੀਦੇ ਹਨ, ਖ਼ਾਸ ਕਰ ਕੇ ਘਰ ਆ ਕੇ ਹੱਥ ਅਤੇ ਮੂੰਹ ਚੰਗੀ ਤਰਾਂ ਸਾਬਣ, ਜਾਂ ਲਿਕਵਿਡ ਆਦਿ ਨਾਲ ਚੰਗੀ ਤਰਾਂ ਸਾਫ਼ ਕਰਨੇ ਚਾਹੀਦੇ ਹਨ। ਆਪਣੇ ਆਲ਼ੇ ਦੁਆਲੇ ਦੀ ਸਫ਼ਾਈ ਲਈ ਵੀ ਮੁੱਢਲਾ ਫ਼ਰਜ਼ ਸਮਝਣਾ ਚਾਹੀਦਾ ਹੈ।