ਜ਼ਿਲ੍ਹੇ ਦੇ ਕੋਰੋਨਾ ਨੂੰ ਮਾਤ ਦੇਣ ਵਾਲੇ ਪਹਿਲੇ ਮਰੀਜ਼ ਫ਼ਤਹਿ ਸਿੰਘ ਦੀ ਲੋਕਾਂ ਨੂੰ ਅਪੀਲ

ਸਿਵਲ ਹਸਪਤਾਲ ਨਵਾਂਸ਼ਹਿਰ `ਚ ਕੋਰੋਨਾ ਤੋਂ ਮੁਕਤੀ ਪਾਉਣ ਬਾਅਦ ਕੁਆਰਨਟਾਇਨ ਵਾਰਡ `ਚ ਮੌਜੂਦ ਫ਼ਤਹਿ ਸਿੰਘ।

ਨਵਾਂਸ਼ਹਿਰ ( ਏ-ਆਰ. ਆਰ. ਐੱਸ. ਸੰਧੂ ) ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਦੇ ਕੋਰੋਨਾ ਵਾਇਰਸ ਤੋਂ ਮੁਕਤ ਹੋਏ ਪਠਲਾਵਾ ਦੇ ਨੌਜੁਆਨ ਫ਼ਤਹਿ ਸਿੰਘ (35) ਪੁੱਤਰ ਬਾਬਾ ਸਵ. ਬਲਦੇਵ ਸਿੰਘ ਪਠਲਾਵਾ ਨੇ ਅੱਜ ਪਹਿਲੀ ਵਾਰ ਪੰਜਾਬ ਦੇ ਲੋਕਾਂ ਦੇ ਰੂ-ਬ-ਰੂ ਹੁੰਦੇ ਹੋਏ ਅਪੀਲ ਕੀਤੀ ਹੈ ਕਿ ਕੋਵਿਡ-19 ਦਾ ਮੁਕਾਬਲਾ ਘਰਾਂ `ਚ ਰਹਿ ਕੇ, ਸਿਹਤ ਵਿਭਾਗ ਵਲੋਂ ਦੱਸਿਆ ਪੂਰਾ ਪਰਹੇਜ਼ ਕਰਕੇ ਅਤੇ ਆਪਣੀ ਅੰਦਰੂਨੀ ਇੱਛਾ ਸ਼ਕਤੀ ਨੂੰ ਮਜ਼ਬੂਤ ਕਰਕੇ ਕੀਤਾ ਜਾਵੇ।
ਉਨ੍ਹਾਂ ਕਿਹਾ ਕਿ ਉਹ ਜਦੋਂ ਤੋਂ ਸਿਵਲ ਹਸਪਤਾਲ ਨਵਾਂਸ਼ਹਿਰ ਆਪਣੇ ਪਰਿਵਾਰ ਸਮੇਤ ਇਲਾਜ਼ ਲਈ ਆਏ ਹਨ, ਉਦੋਂ ਤੋਂ ਹੀ ਮੈਡੀਕਲ ਟੀਮ ਵਲੋਂ ਕੀਤੀ ਸਾਂਭ-ਸੰਭਾਲ ਅਤੇ ਦਿੱਤੀ ਲੋਡ਼ੀਂਦੀ ਦਵਾਈ ਅਤੇ ਪੌਸ਼ਟਿਕ ਅਹਾਰ ਲੈ ਰਹੇ ਹਨ ਅਤੇ ਡਾਕਟਰਾਂ ਦੀ ਸਾਂਭ-ਸੰਭਾਲ ਦਾ ਹੀ ਨਤੀਜਾ ਹੈ ਕਿ ਉਹ ਦੂਸਰੀ ਵਾਰ ਕੀਤੇ ਟੈਸਟ ਵਿੱਚ ਨੈਗਟਿਵ ਆਉਣ ਬਾਅਦ ਬਿਮਾਰੀ ਤੋਂ ਮੁਕਤ ਐਲਾਨਿਆ ਗਿਆ ਹੈ।


ਫ਼ਤਹਿ ਸਿੰਘ ਜੋ ਕਿ ਜ਼ਿਲ੍ਹੇ ਦੇ ਪਹਿਲੇ ਕੋਰੋਨਾ ਪੀਡ਼ਤ ਸਵ. ਬਲਦੇਵ ਸਿੰਘ ਪਠਲਾਵਾ ਦਾ ਪੁੱਤਰ ਹੈ,  ਨੇ ਸਿਵਲ ਹਸਪਤਾਲ ਨਵਾਂਸ਼ਹਿਰ `ਚੋਂ ਮਿਲੇ ਇਲਾਜ਼ `ਤੇ ਸੰਤੁਸ਼ਟੀ ਦਾ ਪ੍ਰਗਟਾਵਾ ਕਰਦਿਆ ਕਿਹਾ ਕਿ ਇਲਾਜ਼ ਦੇ ਨਾਲ ਅੰਦਰੂਨੀ ਇੱਛਾ ਸ਼ਕਤੀ ਦਾ ਮਜ਼ਬੂਤ ਹੋਣਾ ਵੀ ਇਸ ਬਿਮਾਰੀ ਦਾ ਟਾਕਰਾ ਕਰਨ ਵਿੱਚ ਮਦਦ ਕਰਦਾ ਹੈ। ਉਸ ਨੇ ਇਸ ਗੱਲ `ਤੇ ਵੀ ਖੁਸ਼ੀ ਪ੍ਰਗਟਾਈ ਕਿ ਉਸ ਦਾ ਬਾਕੀ ਪਰਿਵਾਰ ਵੀ ਸਿਹਤਯਾਬ ਹੋ ਰਿਹਾ ਹੈ ਅਤੇ ਉਹ ਇਕੱਠੇ ਘਰ ਜਾਣਗੇ।  ਫ਼ਤਹਿ ਸਿੰਘ ਨੇ ਦੱਸਿਆ ਕਿ ਜਿਸ ਦਿਨ ਉਹ ਸਿਵਲ ਹਸਪਤਾਲ ਨਵਾਂਸ਼ਹਿਰ `ਚ ਆਏ ਸਨ, ਉਸ ਦਿਨ ਤੋਂ ਹੀ ਉਨ੍ਹਾਂ ਨੂੰ ਪ੍ਰਮਾਤਮਾ `ਤੇ ਆਪਣੇ ਸਾਰੇ ਜੀਆਂ ਦੇ ਤੰਦਰੁਸਤ ਹੋਣ ਦਾ ਵਿਸ਼ਵਾਸ ਸੀ ਤੇ ਅੱਜ ਉਸ ਵਿਸ਼ਵਾਸ ਨੂੰ ਬਲ ਵੀ ਮਿਲਿਆ ਹੈ। ਠੀਕ ਹੋਣ ਤੋਂ ਬਾਅਦ ਸਿਵਲ ਹਸਪਤਾਲ ਦੇ ਕੁਆਰਨਟਾਇਨ ਵਾਰਡ `ਚ ਗੱਲਬਾਤ ਕਰਦਿਆ ਫਤਹਿ ਸਿੰਘ ਨੇ ਪੰਜਾਬ ਦੇ ਸਮੂਹ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕੋਰੋਨਾ ਵਾਇਰਸ ਤੋਂ ਘਬਰਾਉਣ ਦੀ ਬਜਾਏ ਸਿਹਤ ਵਿਭਾਗ ਵਲੋਂ ਦੱਸੀਆ ਸਾਵਧਾਨੀਆਂ ਦੀ ਪੂਰੀ ਤਰ੍ਹਾਂ ਪਾਲਣਾ ਕਰਨ, ਕਰਫਿ਼ਊ ਦੌਰਾਨ ਘਰਾਂ `ਚ ਟਿਕ ਕੇ ਰਹਿਣ, ਆਪਣੇ ਹੱਥਾਂ ਨੂੰ ਸਾਬਣ ਨਾਲ ਜਾਂ ਸੈਨੀਟਾਇਜ਼ਰ ਨਾਲ ਵਾਰ ਵਾਰ ਧੋਣ,  ਬਹੁਤ ਹੀ ਮਜ਼ਬੂਰੀ ਦੀ ਹਾਲਤ `ਚ ਬਾਹਰ ਨਿਕਲਣ `ਤੇ ਮੂੰਹ `ਤੇ ਮਾਸਕ ਲਾਉਣ ਅਤੇ ਦੂਸਰੇ ਵਿਅਕਤੀ ਤੋਂ ਘੱਟੋ ਘੱਟ ਡੇਢ ਮੀਟਰ ਦੀ ਦੂਰੀ ਰੱਖਣ `ਤੇ  ਭੀੜ ਵਿੱਚ ਬਿਲਕੁਲ ਵੀ ਨਾ ਜਾਣ।  
ਵਰਨਣਯੋਗ ਹੈ ਕਿ ਪੰਜਾਬ ’ਚ ਸਭ ਤੋਂ ਵਧੇਰੇ ਕੋਰੋਨਾ ਵਾਇਰਸ ਦੇ ਪਾਜ਼ੇਟਿਵ ਕੇਸਾਂ ਨਾਲ ਚਰਚਾ ’ਚ ਆਏ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਦੇ ਪਹਿਲੇ ਕੋਰੋਨਾ ਪੀਡ਼ਤ ਸਵ: ਬਾਬਾ ਬਲਦੇਵ ਸਿੰਘ ਦੇ ਲਡ਼ਕੇ ਫਤਿਹ ਸਿੰਘ ਪਠਲਾਵਾ ਦਾ 20 ਮਾਰਚ ਨੂੰ ਕੋਵਿਡ -19 ਟੈਸਟ ਪੋਜ਼ੇਟਿਵ ਆਉਣ ਉਪਰੰਤ  ਅਤੇ  ਜ਼ਿਲ੍ਹਾ ਸਿਵਲ ਹਸਪਤਾਲ ਨਵਾਂਸ਼ਹਿਰ ਵਿਚ ਰੱਖਿਆ ਗਿਆ ਸੀ । ਫਤਿਹ ਸਿੰਘ ਦਾ 4 ਅਪ੍ਰੈਲ ਨੂੰ ਕੀਤਾ ਕੋਵਿਡ -19 ਦਾ ਟੈਸਟ ਨੈਗਟਿਵ ਆਇਆ ਸੀ ਅਤੇ  ਦੁਬਾਰਾ  5 ਅਪ੍ਰੈਲ ਨੂੰ ਦੂਜੀ ਵਾਰ ਟੈਸਟ ਕੀਤਾ ਸੀ ਅਤੇ ਉਹ ਵੀ ਨੈਗਟਿਵ ਆਉਣ ਬਾਅਦ ਉਸਨੂੰ ਆਈਸੀਲੇਸ਼ਨ ਵਾਰਡ ਦੇ ਦਾਖਲ  ਕੋਵਿਡ -19 ਮਰੀਜ਼ਾਂ ਤੋਂ ਵੱਖਰੇ ਕੁਆਰੰਟੀਨ ਵਾਰਡ ਵਿਚ ਤਬਦੀਲ ਕਰ ਦਿੱਤਾ ਗਿਆ ਹੈ ਅਤੇ ਜਲਦੀ ਹੀ ਉਸ ਨੂੰ ਛੁੱਟੀ ਮਿਲ ਜਾਵੇਗੀ ।

Share This :

Leave a Reply