ਨਵਾਂਸ਼ਹਿਰ (ਏ-ਆਰ. ਆਰ. ਐੱਸ. ਸੰਧੂ) ਜ਼ਿਲ੍ਹਾ ਪੁਲਿਸ ਦੇ 1500 ਪੁਲਿਸ ਕਰਮਚਾਰੀਆਂ ਨਾਲ 240 ਨੌਜੁਆਨ ਵਾਲੰਟੀਅਰ ਵੀ ਕੋਵਿਡ ਵਿਰੁੱਧ ਜੰਗ ’ਚ ਡਟ ਗਏ ਹਨ। ਇਹ ਵਾਲੰਟੀਅਰ ਸਵੈ ਇੱਛਾ ਨਾਲ ਪੁਲਿਸ ਦੀ ਮੱਦਦ ਲਈ ਅੱਗੇ ਆਏ ਹਨ। ਐਸ ਐਸ ਪੀ ਅਲਕਾ ਮੀਨਾ ਨੇ ਅੱਜ ਚੰਡੀਗੜ੍ਹ ਚੌਂਕ ’ਚ ਤਾਇਨਾਤ ਵਾਲੰਟੀਅਰਾਂ ਨੂੰ ਕੋਵਿਡ ਤੋਂ ਖੁਦ ਦੇ ਬਚਾਅ ਲਈ ਵੀ ਹਦਾਇਤਾਂ ਦਿੱਤੀਆਂ। ਉਨ੍ਹਾਂ ਜਿੱਥੇ ਉਨ੍ਹਾਂ ਨੂੰ ਡਿਊਟੀ ਦੌਰਾਨ ਨਿਮਰਤਾ ਰੱਖਣ ਲਈ ਆਖਿਆ ਉੱਥੇ ਹੱਥਾਂ ਨੂੰ ਨਿਯਮਿਤ ਰੂਪ ’ਚ ਸੈਨੇਟਾਈਜ਼ ਕਰਨ, ਮੂੰਹ ਨੂੰ ਮਾਸਕ ਨਾਲ ਢੱਕਣ ਅਤੇ ਘਰ ਜਾ ਕੇ ਆਪਣੇ ਕੱਪੜੇ ਨਿਯਮਿਤ ਰੂਪ ’ਚ ਬਦਲਣ ਅਤੇ ਧੋਣ ਲਈ ਪ੍ਰੇਰਿਆ।
ਉਨ੍ਹਾਂ ਨੇ ਵਾਲੰਟੀਅਰਾਂ ਨੂੰ ਡਿਊਟੀ ਦੌਰਾਨ ਅਨੁਸ਼ਾਸਨ ਦੀ ਪੂਰੀ ਤਰ੍ਹਾਂ ਪਾਲਣਾ ਕਰਨ ਦੀ ਤਾਕੀਦ ਵੀ ਕੀਤੀ। ਉਨ੍ਹਾਂ ਕਿਹਾ ਕਿ ਵਾਲੰਟੀਅਰਾਂ ਪ੍ਰਤੀ ਵੀ ਜ਼ਿਲ੍ਹਾ ਪੁਲਿਸ ਦੀ ਜ਼ਿੰਮੇਂਵਾਰੀ ਆਪਣੇ ਮੁਲਾਜ਼ਮਾਂ ਜਿੰਨੀ ਹੀ ਬਣੀ ਰਹੇਗੀ ਅਤੇ ਉਨ੍ਹਾਂ ਨੂੰ ਪੁਲਿਸ ਦੇ ਕੰਮ ’ਚ ਦਿੱਤੇ ਜਾ ਰਹੇ ਸਹਿਯੋਗ ਲਈ ਬਾਅਦ ’ਚ ਸ਼ਲਾਘਾ ਸਰਟੀਫ਼ਿਕੇਟ ਵੀ ਦਿੱਤੇ ਜਾਣਗੇ।
ਜ਼ਿਲ੍ਹਾ ਪੁਲਿਸ ਮੁਖੀ ਅਨੁਸਾਰ ਜ਼ਿਲ੍ਹਾ ਪੁਲਿਸ ਦਾ ਕੰਮ ਕੋਵਿਡ ਕਰਫ਼ਿਊ, ਕੰਨਟੇਨਮੈਂਟ ਕੀਤੇ 15 ਪਿੰਡਾਂ ਅਤੇ ਖਰੀਦ ਸੀਜ਼ਨ ਸ਼ੁਰੂ ਹੋਣ ਕਾਰਨ ਵਧ ਗਿਆ ਹੈ, ਜਿਸ ਵਿੱਚ ਇਨ੍ਹਾਂ ਵਾਲੰਟੀਅਰਾਂ ਦਾ ਸਹਿਯੋਗ ਲਿਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪੁਲਿਸ ਵੱਲੋਂ ਡੀ ਜੀ ਪੀ ਪੰਜਾਬ ਦੀਆਂ ਹਦਾਇਤਾਂ ਮੁਤਾਬਕ 55 ਸਾਲ ਤੋਂ ਉਪਰ ਦੇ ਪੁਲਿਸ ਮੁਲਾਜ਼ਮਾਂ ਨੂੰ ਨਾਕਾ ਡਿਊਟੀ ਤੋਂ ਰਾਹਤ ਦਿੰਦਿਆਂ ਥਾਣਿਆਂ ਅਤੇ ਹੋਰ ਅੰਦਰੂਨੀ ਡਿਊਟੀ ’ਤੇ ਲਾ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਵਾਲੰਟੀਅਰਾਂ ਨੂੰ ਕੰਟਰੋਲ ਕਰਨ ਦੀ ਜ਼ਿੰਮੇਂਵਾਰੀ ਐਸ ਪੀ (ਡੀ) ਵਜ਼ੀਰ ਸਿੰਘ ਨੂੰ ਦਿੱਤੀ ਗਈ ਹੈ ਜਦਕਿ ਦੂਸਰੀ ਪੁਲਿਸ ਫ਼ੋਰਸ ਦੀ ਜ਼ਿੰਮੇਂਵਾਰੀ ਐਸ ਪੀ (ਐਚ) ਬਲਵਿੰਦਰ ਸਿੰਘ ਭੀਖੀ ਸੰਭਾਲ ਰਹੇ ਹਨ।