ਪਟਿਆਲਾ, ( ਅਰਵਿੰਦਰ ਸਿੰਘ ) ਪਟਿਆਲਾ ਦੇ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਮੈਜਿਸਟ੍ਰੇਟ ਸ੍ਰੀ ਕੁਮਾਰ ਅਮਿਤ ਨੇ ਨੋਵਲ ਕਰੋਨਾਵਾਇਰਸ ਕੋਵਿਡ-19 ਤੋਂ ਬਚਾਅ ਅਤੇ ਇਸਦੇ ਪ੍ਰਭਾਵ ਨੂੰ ਰੋਕਣ ਦੇ ਮੱਦੇਨਜ਼ਰ ਜਨਤਕ ਹਿੱਤਾਂ ਨੂੰ ਦੇਖਦਿਆਂ ਜ਼ਿਲ੍ਹੇ ਅੰਦਰ 30 ਜਨਵਰੀ 2020 ਤੋਂ ਬਾਅਦ ਵਿਦੇਸ਼ਾਂ ਤੋਂ ਪਰਤੇ ਨਾਗਰਿਕਾਂ ਅਤੇ ਐਨ.ਆਰ.ਆਈਜ. ਨੂੰ ਹੈਲਪਲਾਈਨ ਨੰਬਰ 112 ‘ਤੇ ਸੂਚਨਾ ਦੇਣ ਦੀ ਹਦਾਇਤ ਕੀਤੀ ਹੈ।
ਸ੍ਰੀ ਕੁਮਾਰ ਅਮਿਤ ਨੇ ਕਿਹਾ ਕਿ ਇਨ੍ਹਾਂ ਵਿੱਚੋਂ ਜਿਹੜੇ ਵਿਦੇਸ਼ ਜਾ ਕੇ ਆਏ ਨਾਗਰਿਕ ਪਹਿਲਾਂ ਹੀ ਆਪਣੀ ਸੂਚਨਾ ਸਿਵਲ ਪ੍ਰਸ਼ਾਸਨ, ਸਿਹਤ ਵਿਭਾਗ ਤੇ ਪੁਲਿਸ ਨੂੰ ਦੇ ਚੁੱਕੇ ਹਨ ਉਨ੍ਹਾਂ ਨੂੰ ਆਪਣੇ ਵੇਰਵੇ 112 ‘ਤੇ ਦੇਣ ਦੀ ਲੋੜ ਨਹੀਂ ਹੈ। ਡਿਪਟੀ ਕਮਿਸ਼ਨਰ ਨੇ ਇਹ ਸਪਸ਼ਟ ਕੀਤਾ ਕਿ ਕੇਵਲ ਉਹੋ ਵਿਦੇਸ਼ਾਂ ‘ਚੋਂ ਪੰਜਾਬ ਪਰਤੇ ਨਾਗਰਿਕ, ਜਿਹੜੇ ਕਿਸੇ ਬਾਹਰਲੇ ਮੁਲਕ ‘ਚੋਂ 30 ਜਨਵਰੀ 2020 ਤੋਂ ਬਾਅਦ ਪਰਤੇ ਹਨ ਅਤੇ ਉਨ੍ਹਾਂ ਨੂੰ ਸਿਵਲ ਪ੍ਰਸ਼ਾਸਨ, ਸਿਹਤ ਵਿਭਾਗ ਤੇ ਪੁਲਿਸ ਵੱਲੋਂ ਅਜੇ ਤੱਕ ਉਨ੍ਹਾਂ ਨਾਲ ਰਾਬਤਾ ਨਹੀਂ ਕੀਤਾ ਗਿਆ, ਉਹ ਈਮੇਲ ਆਈ ਡੀ dial-112@punjabpolice.gov.in ਅਤੇ ਪੋਰਟਲ http://ners.in/ ‘ਤੇ ਆਪਣੀ ਜਾਣਕਾਰੀ ਸਾਂਝੀ ਕਰ ਸਕਦੇ ਹਨ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਉਹ ਆਪਣੇ ਵੇਰਵੇ 112 ਇੰਡੀਆ ਮੋਬਾਇਲ ਐਪ ‘ਤੇ (ਗੂਗਲ ਸਟੋਰ ‘ਤੋਂ ਡਾਊਨਲੋਡ ਕਰਕੇ) ਵੀ ਭੇਜ ਸਕਦੇ ਹਨ। ਉਨ੍ਹਾਂ ਕਿਹਾ ਕਿ ਜੇਕਰ ਕੋਈ ਉਪਰੋਕਤ ਪਲੇਟਫਾਰਮ ‘ਤੇ ਆਪਣੇ ਵੇਰਵੇ ਨਹੀਂ ਭੇਜ ਸਕਦਾ ਤਾਂ ਉਹ ਵਟਸਐਪਮ ਨੰਬਰ 9779920404 ‘ਤੇ ਵੀ ਭੇਜ ਸਕਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ 112 ਨੰਬਰ ਕੇਵਲ ਉਦੋਂ ਹੀ ਡਾਇਲ ਕੀਤਾ ਜਾਵੇ ਜਦੋਂ ਉਪਰੋਕਤ ਪਲੇਟਫਾਰਮ ‘ਤੇ ਕੋਈ ਆਪਣੇ ਵੇਰਵੇ ਭੇਜਣ ਤੋਂ ਅਸਮਰਥ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਐਨ.ਆਰ.ਆਈਜ ਤੇ ਵਿਦੇਸ਼ਾਂ ਤੋਂ ਪਰਤੇ ਲੋਕਾਂ ਲਈ ਸਵੈ ਘੋਸ਼ਣਾ ਪੱਤਰ ਵੀ ਭਰਕੇ ਦੇਣਾ ਹੋਵੇਗਾ, ਇਸ ਵਿੱਚ ਨਾਮ, ਪਿਤਾ ਦਾ ਨਾਮ, ਪਾਸਪੋਰਟ ਨੰਬਰ, ਜਿਸ ਏਅਰਪੋਰਟ ‘ਤੇ ਲੈਂਡ ਕੀਤਾ ਉਸਦਾ ਨਾਮ ਤੇ ਤਰੀਕ, ਪੰਜਾਬ ਆਉਣ ਦੀ ਤਰੀਕ ਅਤੇ ਪੱਕਾ ਪਤਾ, ਹੁਣ ਕਿਥੇ ਰਹਿ ਰਹੇ ਹੋ ਅਤੇ ਕਿਸ ਹੋਟਲ ਵਿੱਚ ਰਹੇ। ਪੰਜਾਬ ‘ਚ ਕਿੱਥੇ-ਕਿੱਥੇ ਗਏ ਅਤੇ ਸੰਪਰਕ ਨੰਬਰ, ਈਮੇਲ ਆਦਿ ਵੇਰਵੇ ਵੀ ਦੇਣੇ ਹੋਣਗੇ।