ਜ਼ਿਲਾ ਅੰਮ੍ਰਿਤਸਰ ਪ੍ਰਸ਼ਾਸ਼ਨ ਵੱਲੋਂ ਮੀਟਿੰਗ ਵਿਚ ਹਰੇਕ ਨਾਗਰਿਕ ਦਾ ਕੋਵਿਡ ਟੈਸਟ ਕਰਵਾਉਣ ਲਈ ਕੀਤੀਆਂ ਵਿਚਾਰਾਂ

ਸਰਕਟ ਹਾਊਸ ਵਿਚ ਮੀਟਿੰਗ ਕਰਦੇ ਸ੍ਰੀ ਓ ਪੀ ਸੋਨੀ, ਸ. ਗੁਰਜੀਤ ਸਿੰਘ ਔਜਲਾ, ਸ੍ਰੀ ਸੁਨੀਲ ਦੱਤੀ ਵਿਧਾਇਕ, ਡਿਪਟੀ ਕਮਿਸ਼ਨਰ ਸ. ਸ਼ਿਵਦੁਲਾਰ ਸਿੰਘ ਢਿੱਲੋ ਤੇ ਪੁਲਿਸ ਕਮਿਸ਼ਨਰ ਡਾ. ਸੁਖਚੈਨ ਸਿੰਘ ਗਿੱਲ

ਅੰਮ੍ਰਿਤਸਰ (ਮੀਡੀਆ ਬਿਊਰੋ ) ਕੋਵਿਡ –19 ਦੇ ਖ਼ਤਰੇ ਨਾਲ ਨਿਜੱਠਣ ਲਈ ਅੰਮ੍ਰਿਤਸਰ ਜਿਲਾ ਪ੍ਰਸ਼ਾਸਨ ਵੱਲੋਂ ਹੁਣ ਤੱਕ ਕੀਤੇ ਗਏ ਪ੍ਰਬੰਧਾਂ, ਕੋਵਿਡ ਦੇ ਮਰੀਜਾਂ ਦਾ ਪਤਾ ਲਗਾਉਣ, ਉਨਾਂ ਦਾ ਇਲਾਜ ਕਰਵਾਉਣ ਤੇ ਕਰਫਿਊ ਦੌਰਾਨ ਲੋਡ਼ਵੰਦ ਲੋਕਾਂ ਤੱਕ ਰਾਸ਼ਨ ਅਤੇ ਹੋਰ ਸਮਾਨ ਦੀ ਪਹੁੰਚ ਸਬੰਧੀ ਵਿਚਾਰ-ਚਰਚਾ ਕਰਨ ਲਈ ਅੱਜ ਸਰਕਟ ਹਾਊਸ ਵਿਚ ਡਾਕਟਰੀ ਸਿੱਖਿਆ ਤੇ ਖੋਜ ਮੰਤਰੀ ਸ੍ਰੀ ਓ. ਪੀ. ਸੋਨੀ, ਲੋਕ ਸਭਾ ਮੈਂਬਰ ਸ. ਗੁਰਜੀਤ ਸਿੰਘ ਔਜਲਾ, ਮੇਅਰ ਸ. ਕਰਮਜੀਤ ਸਿੰਘ ਰਿੰਟੂ, ਵਿਧਾਇਕ ਸ. ਇੰਦਰਬੀਰ ਸਿੰਘ ਬੁਲਾਰੀਆ, ਵਿਧਾਇਕ ਸ੍ਰੀ ਸੁਨੀਲ ਦੱਤੀ, ਮੁੱਖ ਮੰਤਰੀ ਦੇ ਓ ਐਸ ਡੀ ਸ੍ਰੀ ਸੰਦੀਪ ਸਿੰਘ ਸੰਧੂ, ਡਿਪਟੀ ਕਮਿਸ਼ਨਰ ਸ. ਸ਼ਿਵਦੁਲਾਰ ਸਿੰਘ ਢਿੱਲੋਂ, ਪੁਲਿਸ ਕਮਿਸ਼ਨਰ ਡਾ. ਸੁਖਚੈਨ ਸਿੰਘ ਗਿੱਲ, ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਸ੍ਰੀ ਦਿਨੇਸ਼ ਬੱਸੀ, ਐਸ ਡੀ ਐਮ ਸ੍ਰੀ ਵਿਕਾਸ ਹੀਰਾ ਨੇ ਵਿਸਥਾਰਤ ਮੀਟਿੰਗ ਕੀਤੀ।


     ਮੀਟਿੰਗ ਵਿਚ ਡਾਕਟਰੀ ਸਿੱਖਿਆ ਅਤੇ ਖੋਜ ਮੰਤਰੀ ਸ੍ਰੀ ਓ. ਪੀ. ਸੋਨੀ ਨੇ ਡਿਪਟੀ ਕਮਿਸ਼ਨਰ ਦੀ ਅਗਵਾਈ ਹੇਠ ਸਮੁੱਚੀ ਟੀਮ ਵੱਲੋਂ ਕੀਤੇ ਗਏ ਉਪਰਾਲਿਆਂ ਦੀ ਸਰਾਹਨਾ ਕਰਦੇ ਕਿਹਾ ਕਿ ਅੱਜ ਦੀ ਲੋਡ਼ ਹੈ ਕਿ ਜਿਲੇ ਦੇ ਹਰੇਕ ਸ਼ੱਕੀ ਵਿਅਕਤੀ ਦਾ ਕੋਵਿਡ 19 ਟੈਸਟ ਕਰਵਾਇਆ ਜਾਵੇ ਅਤੇ ਜੇਕਰ ਉਹ ਪਾਜ਼ਿਟਵ ਆਉਂਦਾ ਹੈ ਤਾਂ ਉਸ ਦਾ ਇਲਾਜ ਕੀਤਾ ਜਾਵੇ। ਉਨਾਂ ਕਿਹਾ ਕਿ ਵਾਇਰਸ ਦੇ ਖਾਤਮੇ ਲਈ ਹਰੇਕ ਨਾਗਰਿਕ ਦੇ ਸਾਥ ਦੀ ਲੋਡ਼ ਹੈ। ਸ੍ਰੀ ਸੋਨੀ ਨੇ ਕਿਹਾ ਕਿ ਹਾਲ ਦੀ ਘਡ਼ੀ ਸਥਿਤੀ ਕੰਟਰੋਲ ਹੇਠ ਹੈ। ਦਾਖਲ ਮਰੀਜ਼ ਵੀ ਠੀਕ ਹੋ ਕੇ ਘਰਾਂ ਨੂੰ ਪਰਤ ਰਹੇ ਹਨ, ਜੋ ਕਿ ਰਾਹਤ ਵਾਲੀ ਗੱਲ ਹੈ। ਉਨਾਂ ਦੱਸਿਆ ਕਿ ਹਸਪਤਾਲਾਂ ਵਿਚ ਵੀ ਬਿਮਾਰੀ ਦੇ ਟਾਕਰੇ ਲਈ ਨਵੇਂ ਸਾਧਨ ਆ ਰਹੇ ਹਨ ਅਤੇ ਮਰੀਜਾਂ ਦੇ ਠੀਕ ਹੋਣ ਨਾਲ ਡਾਕਟਰਾਂ ਦੇ ਹੌਂਸਲੇ ਵੀ ਵਧੇ ਹਨ। ਇਸ ਤੋਂ ਇਲਾਵਾ ਬਿਮਾਰ ਮਰੀਜ਼ ਨੂੰ ਮਾਨਸਿਕ ਤੌਰ ਉਤੇ ਬਲ ਮਿਲਿਆ ਹੈ, ਜੋ ਕਿ ਸਮੇਂ ਦੀ ਲੋਡ਼ ਹੈ।

   ਲੋਕ ਸਭਾ ਮੈਂਬਰ ਸ. ਗੁਰਜੀਤ ਸਿੰਘ ਔਜਲਾ ਨੇ  ਲੰਗਰ ਤੇ ਰਾਸ਼ਨ ਦੀ ਸਪਲਾਈ ਬਾਰੇ ਆਪਣੇ ਵਿਚਾਰ ਰੱਖੇ ਅਤੇ ਜਿਲੇ ਵਿਚ ਹੁਣ ਤੱਕ ਰਾਸ਼ਨ ਦੀ ਕੀਤੀ ਸਪਲਾਈ ਬਾਰੇ ਜਾਣਕਾਰੀ ਲਈ। ਉਨਾਂ ਕਿਹਾ ਕਿ ਜੇਕਰ ਇਹ ਸੰਭਵ ਹੋਵੇ ਕਿ ਹਰੇਕ ਵਾਸੀ ਦਾ ਟੈਸਟ ਹੋ ਸਕੇ ਤਾਂ ਇਸ ਤੋਂ ਵਧੀਆ ਹੋਰ ਕੋਈ ਉਪਾਅ ਨਹੀਂ। ਵਿਧਾਇਕ ਸ. ਇੰਦਰਬੀਰ ਸਿੰਘ ਬੁਲਾਰੀਆ ਤੇ ਵਿਧਾਇਕ ਸ੍ਰੀ ਸੁਨੀਲ ਦੱਤੀ ਨੇ ਆਪਣੇ-ਆਪਣੇ ਹਲਕੇ ਵਿਚ ਲੋਡ਼ਵੰਦ ਲੋਕਾਂ ਤੱਕ ਰਾਸ਼ਨ ਅਤੇ ਆਮ ਸ਼ਹਿਰੀ ਨੂੰ ਪੇਸ਼ ਆ ਰਹੀ ਦਿੱਕਤਾਂ ਬਾਰੇ ਗੱਲ ਕਰਦੇ ਇਸ ਨੂੰ ਹੋਰ ਸੁਖਾਲਾ ਕਰਨ ਦੀ ਲੋਡ਼ ਉਤੇ ਜ਼ੋਰ ਦਿੱਤਾ। ਸ੍ਰੀ ਦਿਨੇਸ਼ ਬੱਸੀ ਨੇ ਕਿਹਾ ਕਿ ਆਰਥਿਕ ਤੌਰ ਉਤੇ ਜੇਕਰ ਕਿਸੇ ਤਰਾਂ ਦੀ ਕੋਈ ਸਹਾਇਤਾ ਚਾਹੀਦੀ ਹੋਵੇ ਤਾਂ ਬਤੌਰ ਨਗਰ ਸੁਧਾਰ ਟਰੱਸਟ ਚੇਅਰਮੈਨ ਉਹ ਹਰ ਤਰਾਂ ਸ਼ਹਿਰ ਵਾਸੀਆਂ ਨਾਲ ਖਡ਼ੇ ਹਨ।  ਡਿਪਟੀ ਕਮਿਸ਼ਨਰ ਸ. ਸ਼ਿਵਦੁਲਾਰ ਸਿੰਘ ਢਿਲੋਂ ਨੇ ਲੋਡ਼ਵੰਦ ਲੋਕਾਂ ਲਈ ਕੀਤੇ ਜਾ ਚੁੱਕੇ ਪ੍ਰਬੰਧ ਅਤੇ ਵੰਡ ਵਿਚ ਆ ਰਹੀਆਂ ਕੁੱਝ ਮੁਸ਼ਿਕਲਾਂ ਤੋਂ ਜਾਣੂੰ ਕਰਵਾਉਂਦੇ ਜਿਲਾ ਵਾਸੀਆਂ ਤੋਂ ਸਹਿਯੋਗ ਮੰਗਿਆ ਕਿ ਉਹ ਘਰਾਂ ਵਿਚ ਰਹਿ ਕੇ ਸਾਡਾ ਸਾਥ ਦੇਣ ਤਾਂ ਅਸੀਂ ਇਹ ਜੰਗ ਜਿੱਤਾਂਗੇ। ਪੁਲਿਸ ਕਮਿਸ਼ਨਰ ਡਾ. ਸੁਖਚੈਨ ਸਿੰਘ ਗਿੱਲ ਨੇ ਕਰਫਿਊ ਦੌਰਾਨ ਅਮਨ-ਕਾਨੂੰਨ ਦੇ ਨਾਲ-ਨਾਲ ਪੁਲਿਸ ਵੱਲੋਂ ਕੀਤੇ ਜਾ ਰਹੇ ਰਾਹਤ ਕੰਮਾਂ ਬਾਰੇ ਜਾਣੂੰ ਕਰਵਾਇਆ ।  ਸਾਰੇ ਰਾਜਸੀ ਆਗੂਆਂ ਨੇ ਪੁਲਿਸ ਵੱਲੋਂ ਕੀਤੇ ਜਾ ਰਹੇ ਇੰਨਾਂ ਕੰਮਾਂ ਦੀ ਤਾਰੀਫ ਕੀਤੀ।

Share This :

Leave a Reply