ਹਰੇਕ ਥਾਣੇ ਤੋਂ ਇੱਕ ਅਧਿਕਾਰੀ ਵੰਡ ਦੇ ਕਾਰਜ ਨਾਲ ਤਾਇਨਾਤ

ਜ਼ਿਲ੍ਹਾ ਪੁਲਿਸ ਵੱਲੋਂ ਪੁਲਿਸ ਮੁਲਾਜ਼ਮਾਂ, ਸਮਾਜ ਸੇਵੀ ਸੰਸਥਾਂਵਾਂ ਤੇ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਗਰੀਬ ਲੋਕਾਂ ਲਈ ਤਿਆਰ ਕੀਤੀਆਂ ਰਾਸ਼ਨ ਕਿੱਟਾਂ ਦੀ ਵੰਡ ਕਰਦੇ ਹੋਏ ਆਈ ਜੀ ਲੁਧਿਆਣਾ ਰੇਂਜ ਜਸਕਰਨ ਸਿੰਘ ਅਤੇ ਐਸ ਐਸ ਪੀ ਅਲਕਾ ਮੀਨਾ

ਨਵਾਂਸ਼ਹਿਰ ( ਏ-ਆਰ. ਆਰ. ਐੱਸ. ਸੰਧੂ )  ਕੋਰੋਨਾ ਵਾਇਰਸ ਦੀ ਦਹਿਸ਼ਤ ਨਾਲ ਪੀੜਤ ਸ਼ਹੀਦ ਭਗਤ ਸਿੰਘ ਦੀ ਜ਼ਿਲ੍ਹਾ ਪੁਲਿਸ ਮੁਸ਼ਕਿਲ ਦੇ ਸਮੇਂ ’ਚ ਸੰਕਟ ਮੋਚਨ ਬਣ ਕੇ ਆਈ ਹੈ। ਐਸ ਐਸ ਪੀ ਅਲਕਾ ਮੀਨਾ ਦੀ ਅਗਵਾਈ ’ਚ ਜ਼ਿਲ੍ਹੇ ਦੀਆਂ ਸਮਾਜ ਸੇਵੀ ਸੰਸਥਾਂਵਾਂ ਤੇ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਸਥਾਨਕ ਡਾ. ਆਸਾ ਨੰਦ ਆਰੀਆ ਮਾਡਲ ਸੀਨੀਅਰ ਸੈਕੰਡਰੀ ਸਕੂਲ ਵਿਖੇ ਰਾਹਤ ਕੈਂਪ ਆਫ਼ਿਸ ਤਿਆਰ ਕੀਤਾ ਗਿਆ ਹੈ।
ਜ਼ਿਲ੍ਹਾ ਪੁਲਿਸ ਵੱਲੋਂ ਇਸ ਥਾਂ ’ਤੇ ਸੁੱਕੇ ਰਾਸ਼ਨ ਦਾ ਸੁਚੱਜਾ ਪ੍ਰਬੰਧ ਕਰਕੇ ਕਲ੍ਹ ਤੋਂ ਸ਼ਹਿਰ ਅਤੇ ਜ਼ਿਲ੍ਹੇ ਦੇ ਉਨ੍ਹਾਂ ਇਲਾਕਿਆਂ ’ਚ ਰਾਸ਼ਨ ਭੇਜਣ ਦਾ ਪ੍ਰਬੰਧ ਕੀਤਾ ਗਿਆ ਹੈ। ਇਸ ਵਿੱਚ ਪ੍ਰਤੀ ਪਰਿਵਾਰ 5 ਕਿੱਲੋ ਆਟਾ, ਤਿੰਨ ਕਿੱਲੋ ਚਾਵਲ, ਇੱਕ ਲੀਟਰ ਪਕਾਉਣ ਵਾਲਾ ਤੇਲ, ਇੱਕ ਕਿੱਲੋ ਨਮਕ, ਦੋ ਕਿੱਲੋ ਦਾਲਾਂ ਅਤੇ ਬੱਚਿਆਂ ਵਾਲੇ ਪਰਿਵਾਰ ਲਈ ਸੁੱਕਾ ਦੁੱਧ ਦੇਣ ਦਾ ਪ੍ਰਬੰਧ ਕੀਤਾ ਗਿਆ ਹੈ।


ਅੱਜ ਐਸ ਐਸ ਪੀ ਅਲਕਾ ਮੀਨਾ ਨੇ ਇਸ ਕੈਂਪ ਆਫ਼ਿਸ ਦਾ ਦੌਰਾ ਕਰਨ ਮੌਕੇ ਦੱਸਿਆ ਕਿ ਜ਼ਿਲ੍ਹਾ ਪੁਲਿਸ ਵੱਲੋਂ ਮੁੱਖ ਮੰਤਰੀ ਪੰਜਾਬ ਦੀ ਅਪੀਲ ’ਤੇ ਜ਼ਿਲ੍ਹੇ ਦੇ ਉਨ੍ਹਾਂ ਲਾਚਾਰ ਅਤੇ ਗਰੀਬ ਲੋਕਾਂ, ਜਿਹੜੇ ਇਸ ਮੁਸ਼ਕਿਲ ਦੀ ਘੜੀ ’ਚ ਆਪਣੀ ਰੋਜ਼ਾਨਾ ਦੀ ਦਿਹਾੜੀ ’ਤੇ ਨਹੀਂ ਜਾ ਸਕਦੇ ਸਨ, ਨੂੰ ਖਾਣਾ ਮੁਹੱਈਆ ਕਰਵਾਇਆ ਜਾ ਰਿਹਾ ਹੈ।
ਡੀ ਐਸ ਪੀ ਰਾਜ ਕੁਮਾਰ ਨੇ ਇਸ ਉਪਰਾਲੇ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਲ੍ਹ ਨਵਾਂਸ਼ਹਿਰ ’ਚ ਬੰਗਾ ਫ਼ਾਟਕ, ਚੰਡੀਗੜ੍ਹ ਰੋਡ ਦੀਆਂ ਝੁੱਗੀਆਂ, ਦੁਸਹਿਰਾ ਗਰਾਊਂਡ ਨੇੜਲੇ ਗਰੀਬ ਘਰਾਂ ’ਚ ਆਈ ਜੀ ਲੁਧਿਆਣਾ ਰੇਂਜ ਜਸਕਰਨ ਸਿੰਘ ਅਤੇ ਐਸ ਐਸ ਪੀ ਅਲਕਾ ਮੀਨਾ ਦੀ ਅਗਵਾਈ ’ਚ ਰਾਸ਼ਨ ਦੀ ਵੰਡ ਕਰਕੇ ਸ਼ੁਰੂ ਕੀਤਾ ਗਿਆ ਸੀ।
ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪੁਲਿਸ ਮੁਖੀ ਵੱਲੋਂ ਜ਼ਿਲ੍ਹੇ ਦੇ ਹਰੇਕ ਥਾਣੇ ਅਧੀਨ ਪੈਂਦੇ ਗਰੀਬ ਪਰਿਵਾਰ ਨੂੰ ਭੁੱਖਾ ਨਾ ਸੌਣ ਦੇਣ ਨੂੰ ਯਕੀਨੀ ਬਣਾਉਣ ਲਈ ਥਾਣਾ ਮੁਖੀਆਂ ਨੂੰ ਅਜਿਹੇ ਲੋੜਵੰਦ ਤੇ ਗਰੀਬ ਪਰਿਵਾਰਾਂ ਦੀਆਂ ਸੂਚੀਆਂ ਬਣਾ ਕੇ ਦੇਣ ਲਈ ਆਖਿਆ ਹੈ ਤਾਂ ਜੋ ਉਨ੍ਹਾਂ ਤੱਕ ਵੱਖ-ਵੱਖ ਟੀਮਾਂ ਰਾਸ਼ਨ ਪੁੱਜਦਾ ਕਰ ਸਕਣ। ਇਸ ਰਾਸ਼ਨ ਲਗਪਗ 10 ਦਿਨਾਂ ਲਈ ਕਾਫ਼ੀ ਹੈ।
ਡੀ ਐਸ ਪੀ ਰਾਜ ਕੁਮਾਰ ਅਨੁਸਾਰ ਜ਼ਿਲ੍ਹੇ ਭਰ ਦੀਆਂ ਸੰਸਥਾਂਵਾਂ ਅਤੇ ਦਾਨੀ ਸੱਜਣਾਂ ਵੱਲੋਂ ਇੱਕ ਦੂਸਰੇ ਤੋਂ ਅੱਗੇ ਹੋ ਕੇ ਵਿੱਤੀ, ਰਾਸ਼ਨ, ਟ੍ਰਾਂਸਪੋਰਟ ਤੇ ਵਾਲੰਟੀਅਰਾਂ ਦਾ ਯੋਗਦਾਨ ਪਾਇਆ ਜਾ ਰਿਹਾ ਹੈ।
ਇਸ ਉਦਮ ਤਹਿਤ ਜ਼ਿਲ੍ਹੇ ਦੇ 900 ਪਰਿਵਾਰਾਂ ਨੂੰ ਪਿਛਲੇ ਦੋ ਦਿਨਾਂ ’ਚ ਰਾਸ਼ਨ ਸਪਲਾਈ ਕੀਤਾ ਜਾ ਚੁੱਕਾ ਹੈ। ਅੱਜ 1000 ਪਰਿਵਾਰ ਤੱਕ ਪਹੁੰਚ ਕਰਨ ਦਾ ਟੀਚਾ ਰੱਖਿਆ ਗਿਆ। ਰਾਸ਼ਨ ਕੇਵਲ ਉਸ ਪਰਿਵਾਰ ਨੂੰ ਦਿੱਤਾ ਜਾ ਰਿਹਾ ਹੈ ਜਿਨ੍ਹਾਂ ਕੋਲ ਕਮਾਈ ਦਾ ਕੋਈ ਸਾਧਨ ਨਹੀਂ ਅਤੇ ਨਾ ਹੀ ਖਾਣ ਨੂੰ ਕੁੱਝ ਹੈ। ਉਨ੍ਹਾਂ ਦੱਸਿਆ ਕਿ ਭੱਠਿਆ ਆਦਿ ਤੇ ਬੰਨ੍ਹ ਤੇ ਬੈਠੇ ਪਰਵਾਸੀਆਂ ਨੂੰ ਪਹਿਲ ਦਿੱਤੀ ਜਾ ਰਹੀ ਹੈ। ਇਸ ਤੋਂ ਇਲਾਵਾ 900 ਕਰੀਬ ਦੇ ਵਿਅਕਤੀਆਂ ਨੂੰ ਪੱਕਿਆ ਖਾਣਾ ਦਿੱਤਾ ਜਾ ਚੁੱਕਾ ਹੈ। ਰਾਧਾ ਸੁਆਮੀ ਡੇਰੇ ਦੀ ਮੱਦਦ ਨਾਲ 1000 ਵਿਅਕਤੀਆਂ ਨੂੰ ਪੱਕਿਆ ਖਾਣਾ ਦਿੱਤਾ ਜਾ ਰਿਹਾ ਹੈ।

Share This :

Leave a Reply