ਪਟਿਆਲਾ ( ਅਰਵਿੰਦਰ ਸਿੰਘ ) ਪਟਿਆਲਾ ਜ਼ਿਲ੍ਹੇ ਦੇ ਐਸ.ਐਸ.ਪੀ. ਸ. ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਸ਼ੋਸ਼ਲ ਮੀਡੀਆ ‘ਤੇ ਹਜ਼ਰਤ ਮੁਹੰਮਦ ਸਾਹਿਬ ਅਤੇ ਮੁਸਲਿਮ ਭਾਈਚਾਰੇ ਖ਼ਿਲਾਫ਼ ਇਤਰਾਜ਼ਯੋਗ ਟਿੱਪਣੀ ਕਰਨ ਦੇ ਮਾਮਲੇ ਵਿੱਚ ਥਾਣਾ ਤ੍ਰਿਪੜੀ ਵਿਖੇ ਐਫ.ਆਈ.ਆਰ. ਨੰਬਰ 111 ਮਿਤੀ 8-4-2020 ਆਈ.ਪੀ.ਸੀ. ਦੀ ਧਾਰਾ ਅ/ਧ 188, 295 ਏ, 505 ਸੀ ਅਤੇ ਡੀਜਾਸਟਰ ਮੈਨੇਜਮੈਂਟ ਐਕਟ-2005 ਦੇ ਸੈਕਸ਼ਨ 54 ਤਹਿਤ ਦਰਜ਼ ਕਰਕੇ ਆਕਾਸ਼ ਦੀਪ ਨਾਮ ਦੇ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ।
ਇਸ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੰਦਿਆ ਐਸ.ਐਸ.ਪੀ. ਸ. ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਫੇਸਬੁੱਕ ‘ਤੇ ਕਿਸੇ ਵਿਅਕਤੀ ਵੱਲੋਂ ਹਜ਼ਰਤ ਮੁਹੰਮਦ ਸਾਹਿਬ ਅਤੇ ਮੁਸਲਿਮ ਭਾਈਚਾਰੇ ਬਾਰੇ ਅਪਸ਼ਬਦ ਵਰਤੇ ਗਏ ਸਨ ਜਦ ਇਹ ਪੋਸਟ ਪਟਿਆਲਾ ਪੁਲਿਸ ਦੇ ਧਿਆਨ ਵਿੱਚ ਆਈ ਤਾਂ ਪੁਲਿਸ ਦੇ ਸ਼ੋਸ਼ਲ ਮੀਡੀਆ ਸੈਲ ਤੇ ਸੀ.ਆਈ.ਏ. ਪਟਿਆਲਾ ਵੱਲੋਂ ਪੋਸਟ ਪਾਉਣ ਵਾਲੇ ਵਿਅਕਤੀ ਨੂੰ ਤਕਨੀਕੀ ਸਾਧਨਾਂ ਰਾਹੀਂ ਟਰੈਕ ਕੀਤਾ ਗਿਆ ਅਤੇ ਆਕਾਸ਼ ਦੀਪ ਨਾਮੀ ਵਿਅਕਤੀ ਨੂੰ ਇਸ ਸਬੰਧੀ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਜੋ ਕਿ ਇਕ ਮੀਡੀਆ ਹਾਊਸ ਵਿਖੇ ਪ੍ਰੋਡਕਸ਼ਨ ਮੈਨੇਜਰ ਦੇ ਤੌਰ ‘ਤੇ ਪਹਿਲਾ ਕੰਮ ਕਰਦਾ ਸੀ। ਉਨ੍ਹਾਂ ਦੱਸਿਆ ਕਿ ਜਿਸ ਮੋਬਾਇਲ ਰਾਹੀਂ ਉਸ ਵੱਲੋਂ ਮੈਸੇਜ ਕੀਤੇ ਗਏ ਸਨ ਉਸਨੂੰ ਵੀ ਪੁਲਿਸ ਵੱਲੋਂ ਕਬਜ਼ੇ ਵਿੱਚ ਲੈ ਲਿਆ ਗਿਆ ਹੈ। ਸ. ਸਿੱਧੂ ਨੇ ਕਿਹਾ ਕਿ ਭਲਕੇ ਆਕਾਸ਼ ਦੀਪ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਪ੍ਰਾਪਤ ਕੀਤਾ ਜਾਵੇਗਾ।
ਐਸ.ਐਸ.ਪੀ. ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਡੀ.ਜੀ.ਪੀ. ਪੰਜਾਬ ਸ੍ਰੀ ਦਿਨਕਰ ਗੁਪਤਾ ਵੱਲੋਂ ਸਖਤ ਸੁਨੇਹਾ ਹੈ ਕਿ ਪੰਜਾਬ ਵਿੱਚ ਸਾਰੇ ਫਿਰਕੇ ਅਮਨ ਅਮਾਨ ਅਤੇ ਆਪਸੀ ਭਾਈਚਾਰਕ ਸਾਂਝ ਨਾਲ ਰਹਿੰਦੇ ਹਨ ਅਤੇ ਪੰਜਾਬ ਵਿੱਚ ਕਿਸੇ ਵੀ ਧਰਮ ਜਾ ਫਿਰਕੇ ਖ਼ਿਲਾਫ਼ ਕੋਈ ਵੀ ਟਿੱਪਣੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਕੱਲ ਜਦੋਂ ਪਟਿਆਲਾ ਪੁਲਿਸ ਨੂੰ ਫੇਸਬੁੱਕ ‘ਤੇ ਇਸ ਪੋਸਟ ਬਾਰੇ ਪਤਾ ਲੱਗਾ ਤਾਂ ਤੁਰੰਤ ਕਾਰਵਾਈ ਕਰਦਿਆ ਪੋਸਟ ਪਾਉਣ ਵਾਲੇ ਵਿਅਕਤੀ ਆਕਾਸ਼ ਦੀਪ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।
ਸ. ਮਨਦੀਪ ਸਿੰਘ ਸਿੱਧੂ ਨੇ ਕਿਹਾ ਕਿ ਇਹ ਸ਼ਰਾਰਤੀ ਅਨਸਰਾਂ ਨੂੰ ਸਖਤ ਸੁਨੇਹਾ ਹੈ ਕਿ ਉਨ੍ਹਾਂ ਵੱਲੋਂ ਕੀਤੀਆਂ ਜਾ ਰਹੀਆਂ ਅਜਿਹੀਆਂ ਗਤੀਵਿਧੀਆਂ ‘ਤੇ ਪੁਲਿਸ ਦੀ ਪੂਰੀ ਨਜ਼ਰ ਹੈ ਅਤੇ ਜੇਕਰ ਕੋਈ ਸੋਸ਼ਲ ਮੀਡੀਆ ‘ਤੇ ਗਲਤ ਪ੍ਰਚਾਰ ਕਰਦਾ ਹੈ ਤਾਂ ਉਸਦੀ ਜਗ੍ਹਾਂ ਸਮਾਜ ਵਿੱਚ ਨਹੀਂ ਸਗੋਂ ਸਲਾਖਾਂ ਪਿੱਛੇ ਹੈ।