ਅੰਮ੍ਰਿਤਸਰ (ਮੀਡੀਆ ਬਿਊਰੋ ) ਫੈਡਰੇਸ਼ਨ ਆਫ ਇੰਡੀਅਨ ਚੈਂਬਰ ਆਫ ਕਮਰਸ ਐਂਡ ਇੰਡਸਟਰੀ (ਫ਼ਿਕੀ) ਦੇ ਮਹਿਲਾ ਉਦਮੀਆਂ ਦੀ ਸੰਸਥਾ ‘ਫਿਕੀ ਫਲੋਅ’ ਨੇ ਕੋਵਿਡ 19 ਦੇ ਟਾਕਰੇ ਲਈ ਫੰਰਟ ਲਾਇਨ ਉਤੇ ਕੰਮ ਕਰ ਰਹੇ ਪੈਰਾ ਮੈਡੀਕਲ ਸਟਾਫ ਅਤੇ ਮੰਡੀਆਂ ਵਿਚ ਕਣਕ ਦੀ ਖਰੀਦ ਵਿਚ ਲੱਗੇ ਕਿਸਾਨਾਂ ਤੇ ਮਜ਼ਦੂਰਾਂ ਲਈ ਮਾਸਕ, ਸੈਨੇਟਾਇਜ਼ਰ, ਸਾਬੁਣ ਡਿਸਪੈਂਸਰ, ਥਰਮੋ ਸਕੈਨਰ ਦੇ ਕੇ ਵੱਡਾ ਯੋਗਦਾਨ ਪਾਇਆ ਹੈ।
ਡਾਕਟਰੀ ਸਿੱਖਿਆ ਤੇ ਖੋਜ ਮੰਤਰੀ ਸ੍ਰੀ ਓ ਪੀ ਸੋਨੀ ਨੇ ਸੰਸਥਾ ਵੱਲੋਂ ਕੀਤੀ ਇਸ ਪਹਿਲ ਕਦਮੀ ਦਾ ਸਵਾਗਤ ਕਰਦੇ ਕਿਹਾ ਕਿ ਇਸ ਵਿਚੋਂ 20 ਥਰਮੋ ਸਕੈਨਰ, 100 ਪੀ ਪੀ ਈ ਕਿੱਟਾਂ, 500 ਟ੍ਰਿਪਲ ਲੇਅਰ ਮਾਸਕ ਅਤੇ 100 ਐਨ 95 ਮਾਸਕ ਗੁਰੂ ਨਾਨਕ ਦੇਵ ਹਸਪਤਾਲ ਦੇ ਪੈਰਾ ਮੈਡੀਕਲ ਸਟਾਫ ਨੂੰ ਭੇਜ ਦਿੱਤੇ ਗਏ ਹਨ, ਜੋ ਕਿ ਇਸ ਵੇਲੇ ਮਰੀਜਾਂ ਦੇ ਇਲਾਜ ਵਿਚ ਲੱਗੇ ਹੋਏ ਹਨ। ਸ. ਔਜਲਾ ਨੇ ਇਸ ਖੇਪ ਵਿਚੋਂ 10 ਹਜ਼ਾਰ ਮਾਸਕ ਤੇ 5 ਇੰਨਫਰਾ ਰੈਡ ਥਰਮਾ ਮੀਟਰ, ਸਾਬਣ ਡਿਸਪੈਂਸਰ ਅਤੇ ਸੈਨੇਟਾਇਜ਼ਰ ਭਗਤਾਂਵਾਲਾ ਦੀ ਅਨਾਜ ਮੰਡੀ ਨੂੰ ਭੇਜੇ, ਤਾਂ ਜੋ ਉਥੇ ਕਣਕ ਲੈ ਕੇ ਆ ਰਹੇ ਕਿਸਾਨਾਂ ਤੇ ਖਰੀਦ ਵਿਚ ਲੱਗੇ ਮਜ਼ਦੂਰਾਂ ਨੂੰ ਵਾਇਰਸ ਤੋਂ ਬਚਾਈ ਰੱਖਣ ਵਿਚ ਮਦਦ ਮਿਲ ਸਕੇ। ਉਨਾਂ ਸੰਸਥਾ ਦੇ ਪ੍ਰਧਾਨ ਸ੍ਰੀਮਤੀ ਆਰੂਸ਼ੀ ਵਰਮਾ ਅਤੇ ਡਾ. ਅਨੁਜ ਦਾ ਧੰਨਵਾਦ ਕਰਦੇ ਕਿਹਾ ਕਿ ਸਿਹਤ ਵਰਗੇ ਅਹਿਮ ਮੁੱਦੇ ਉਤੇ ਸੰਸਥਾ ਨੇ ਸੰਕਟ ਦੇ ਦਿਨਾਂ ਵਿਚ ਸਾਥ ਦੇ ਕੇ ਵੱਡਾ ਪਰਉਪਕਾਰ ਕੀਤਾ ਹੈ। ਐਸ ਡੀ ਐਮ ਵਿਕਾਸ ਹੀਰਾ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਇਸ ਸੰਸਥਾ ਵੱਲੋਂ ਲੋੜਵੰਦਾਂ ਨੂੰ 6000 ਫੂਡ ਪੈਕਟ ਅਤੇ ਸੈਨੇਟਰੀ ਪੈਡ ਦਿੱਤੇ ਗਏ ਹਨ। ਉਨਾਂ ਦੱਸਿਆ ਕਿ ਜ਼ਿਲਾ ਪ੍ਰਸ਼ਾਸ਼ਨ ਨੂੰ ਸ਼ਹਿਰ ਦੀਆਂ ਕਈ ਸਿਵਲ ਸੁਸਾਇਟੀਆਂ ਵੱਲੋਂ ਰਾਹਤ ਕਾਰਜਾਂ ਵਿਚ ਵੱਡਾ ਯੋਗਦਾਨ ਮਿਲ ਰਿਹਾ ਹੈ, ਜਿਸ ਸਦਕਾ ਅਸੀਂ ਹਰੇਕ ਲੋੜਵੰਦ ਤੱਕ ਰਾਹਤ ਪਹੁੰਚਾਉਣ ਵਿਚ ਕਾਮਯਾਬ ਹੋਏ ਹਾਂ।