ਅੰਮ੍ਰਿਤਸਰ(ਮੀਡੀਆ ਬਿਊਰੋ) ਕਾਂਗਰਸੀ ਵਿਧਾਇਕ ਨਵਜੋਤ ਸਿੰਘ ਸਿੱਧੂ ਨੇ ਅੱਜ ਵੀ ਆਪਣੇ ਹਲਕੇ ਵਿਚ ਬਿਨਾਂ ਮਾਸਕ ਪਾਏ ਰਾਸ਼ਨ ਵੰਡਿਆ। ਇਸ ਤੋਂ ਪਹਿਲਾਂ ਵੀ ਉਨ੍ਹਾਂ ਵੱਲੋਂ ਕਈ ਵਾਰ ਬਿਨਾਂ ਮਾਸਕ ਪਾਏ ਹੀ ਰਾਸ਼ਨ ਵੰਡਿਆ ਗਿਆ ਹੈ। ਇਸ ਸਬੰਧੀ ਖ਼ਬਰਾਂ ਵੀ ਪ੍ਰਕਾਸ਼ਿਤ ਹੋਈਆਂ ਪਰ ਸਿੱਧੂ ਵੱਲੋਂ ਇਨ੍ਹਾਂ ਨੂੰ ਅਣਗੌਲਿਆਂ ਕਰ ਦਿੱਤਾ ਗਿਆ।
ਇਥੇ ਰਣਜੀਤ ਐਵੇਨਿਊ ਵਿਚ ਉਨ੍ਹਾਂ ਨੇ ਆਪਣੀ ਟੀਮ ਨਾਲ ਮੁਲਾਕਾਤ ਕੀਤੀ ਅਤੇ ਮੈਂਬਰਾਂ ਦੀਆਂ ਵੱਖ ਵੱਖ ਇਲਾਕਿਆਂ ਵਿਚ ਰਾਸ਼ਨ ਵੰਡਣ ਦੀਆਂ ਡਿਊਟੀਆਂ ਲਾਈਆਂ। ਉਹ ਆਪ ਵੀ ਕੁਝ ਥਾਵਾਂ ’ਤੇ ਰਾਸ਼ਨ ਵੰਡਣ ਗਏ ਪਰ ਉਨ੍ਹਾਂ ਨੇ ਇਸ ਸਾਰੀ ਕਾਰਵਾਈ ਦੌਰਾਨ ਕਿਸੇ ਵੀ ਥਾਂ ’ਤੇ ਮਾਸਕ ਨਹੀਂ ਪਾਇਆ। ਜ਼ਿਕਰਯੋਗ ਹੈ ਕਿ ਸਰਕਾਰ ਨੇ ਘਰ ਤੋਂ ਬਾਹਰ ਜਾਣ ਵੇਲੇ ਮਾਸਕ ਪਾਉਣਾ ਲਾਜ਼ਮੀ ਕੀਤਾ ਹੋਇਆ ਹੈ ਪਰ ਕਾਂਗਰਸੀ ਵਿਧਾਇਕ ਆਪਣੀ ਸਰਕਾਰ ਦੇ ਨਿਯਮਾਂ ਦੀਆਂ ਹੀ ਧੱਜੀਆਂ ਉਡਾ ਰਹੇ ਹਨ।