ਸਮਾਣਾ/ਪਟਿਆਲਾ ( ਮੀਡੀਆ ਬਿਊਰੋ) ਸਖਤ ਕਰਫ਼ਿਊ ਦੇ ਚਲਦਿਆ ਅਤੇ ਹਦਾਇਤਾਂ ਦੀ ਪ੍ਰਵਾਹ ਨਾ ਕਰਦਿਆਂ ਇਕ ਉਦਯੋਗਪਤੀ ਨੇ ਦਰਜਨ ਤੋਂ ਵੱਧ ਵਿਅਕਤੀਆਂ ਨੂੰ ਨਾਲ ਲੈ ਕੇ ਟਰੱਕ ਯੂਨੀਅਨ ਦੇ ਨਜ਼ਦੀਕ ਇਕ ਗਲੀ ਵਿਚ ਫ਼ੈਕਟਰੀ ਦੀ ਕੰਧ ਤੋੜ ਕੇ ਲੋਹੇ ਦਾ ਗੇਟ ਲਗਾ ਦਿੱਤਾ ਗਿਆ ਹੈ।
ਮੁਹੱਲਾ ਵਾਸੀਆਂ ਦੇ ਇਤਰਾਜ਼ ਕਰਨ ‘ਤੇ ਕਥਿਤ ਹਮਲਾ ਕਰ ਦਿੱਤਾ ਜਿਸ ਕਾਰਨ ਮੁਹੱਲੇ ਦੇ ਦੋ ਨੌਜਵਾਨ ਜ਼ਖ਼ਮੀ ਹੋ ਗਏ ਹਨ । ਉਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਸਮਾਣਾ ਦਾਖਲ ਕਰਵਾਇਆ ਗਿਆ ਹੈ। ਗਲੀ ‘ਚ ਗੇਟ ਕੱਢਣ ਦੇ ਰੋਸ ਵਜੋਂ ਮੁਹੱਲਾ ਵਾਸੀਆਂ ਜਿਨ੍ਹਾਂ ਵਿਚ ਔਰਤਾਂ ਵੀ ਸ਼ਾਮਲ ਸਨ, ਨੇ ਸਿਟੀ ਥਾਣਾ ਅੱਗੇ ਰੋਸ ਪ੍ਰਦਰਸ਼ਨ ਕਰਦਿਆਂ ਕਈ ਘੰਟੇ ਧਰਨਾ ਵੀ ਲਾਇਆ ਅਤੇ ਮੰਗ ਕੀਤੀ ਕਿ ਕੱਢੇ ਗੇਟ ਨੂੰ ਤੁਰੰਤ ਬੰਦ ਕਰਵਾਇਆ ਜਾਵੇ ਤੇ ਦੋਸ਼ੀਆਂ ਖਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇ। ਥਾਣੇ ਅੱਗੇ ਇਕੱਠੇ ਹੋਏ ਗਲੀ ਦੇ ਵਾਸੀਆਂ ਸੁਦਰਸ਼ਨ ਗਰਗ, ਰਜਿੰਦਰ ਕੁਮਾਰ, ਯਸ਼ਪਾਲ, ਰਾਕੇਸ਼ ਕੁਮਾਰ, ਸੁਸ਼ੀਲ ਕੁਮਾਰ ਆਦਿ ਨੇ ਦੱਸਿਆ ਕਿ ਦੇਸ਼ ਭਰ ‘ਚ ਕਰਫ਼ਿਊ ਲੱਗਾ ਹੋਇਆ ਹੈ | ਕਿਸੇ ਵੀ ਜਗ੍ਹਾ ‘ਤੇ ਵਿਅਕਤੀਆਂ ਦੇ ਇਕਠੇ ਹੋਣ ‘ਤੇ ਮਨਾਹੀ ਹੈ ਪਰ ਬੀਤੇ ਦਿਨ ਫ਼ੈਕਟਰੀ ਮਾਲਕ ਨੇ ਇਕਠੇ ਕੀਤੇ ਸਮਰਥਕਾਂ ਦੀ ਮਦਦ ਨਾਲ ਗਲੀ ਵਿਚ ਕੰਧ ਤੋੜ ਕੇ ਗੇਟ ਲਗਾਉਣਾ ਸ਼ੁਰੂ ਕਰ ਦਿੱਤਾ । ਗਲੀ ਵਾਸੀਆਂ ਨੇ ਦੋਸ਼ ਲਗਾਇਆ ਕਿ ਉਨ੍ਹਾਂ ਦੇ ਰੋਕਣ ‘ਤੇ ਉਨ੍ਹਾਂ ਉੱਪਰ ਡਾਂਗਾਂ ਤੇ ਰਾਡਾਂ ਨਾਲ ਹਮਲਾ ਕਰ ਦਿੱਤਾ ਜਿਸ ਕਾਰਨ ਮੁਹੱਲੇ ਦੇ ਦੋ ਨੌਜਵਾਨ ਜ਼ਖ਼ਮੀ ਹੋ ਗਏ । ਉਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ | ਕੁੱਝ ਸਮੇਂ ਬਾਅਦ ਥਾਣਾ ਮੁਖੀ ਜਸਪ੍ਰੀਤ ਸਿੰਘ ਨੇ ਇਹ ਭਰੋਸਾ ਦੇ ਕੇ ਕਿ ਕਰਫ਼ਿਊ ਤੋਂ ਬਾਅਦ ਗੇਟ ਬੰਦ ਕਰਵਾ ਦਿੱਤਾ ਜਾਵੇਗਾ ਅਤੇ ਬਣਦੀ ਕਾਰਵਾਈ ਕੀਤੀ ਜਾਵੇਗੀ |