ਪਟਿਆਲਾ (ਪਰਮਜੀਤ ਸਿੰਘ ਧੀਮਾਨ) ਕੋਰੋਨਾ ਵਾਇਰਸ ਦੇ ਮੱਦੇਨਜ਼ਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਗੋਵਾਲ ਜੀ ਦੇ ਦਿਸ਼ਾ ਨਿਰਦੇਸ਼ਾਂ ‘ਤੇ ਗੁਰਦੁਆਰਾ ਸਾਹਿਬਾਨ ਦੀਆਂ ਸਰਾਵਾਂ ਨੂੰ ਇਕਾਂਤਵਾਸ ਬਣਾਏ ਜਾਣ ਦੀ ਪੇਸ਼ਕਸ਼ ਦੇ ਚੱਲਦਿਆਂ ਅੱਜ ਗੁਰਦੁਆਰਾ ਸ੍ਰੀ ਦੂਖਨਿਵਾਰਨ ਸਾਹਿਬ ਦੀ ਮਾਤਾ ਨਾਨਕੀ ਨਿਵਾਸ ਵਿਖੇ 3 ਪਰਵਾਸੀਆਂ ਨੂੰ ਇਕਾਂਤਵਾਸ ‘ਚ ਰੱਖਿਆ ਗਿਆ ਹੈ। ਇਕਾਂਤਵਾਸ ‘ਚ ਰੱਖੇ ਗਏ ਪਰਵਾਸੀਆਂ ਦੀ ਦੇਖ-ਰੇਖ ਸ਼੍ਰੋਮਣੀ ਕਮੇਟੀ ਸਟਾਫ ਅਤੇ ਡਾਕਟਰੀ ਅਮਲਾ ਨਿਗਰਾਨੀ ਕਰ ਰਿਹਾ ਹੈ।
ਗੁਰਦੁਆਰਾ ਸਾਹਿਬ ਦੇ ਮਾਤਾ ਨਾਨਕੀ ਨਿਵਾਸ ‘ਚ ਰੱਖੇ ਤਿੰਨੋਂ ਪਰਵਾਸੀ ਸਰਕਾਰੀ ਰਾਜਿੰਦਰਾ ਹਸਪਤਾਲ ਵੱਲੋਂ ਭੇਜੇ ਗਏ ਹਨ, ਜਿਨ੍ਹਾਂ ਨੂੰ ਮਾਮੂਲੀ ਖੰਘ ਅਤੇ ਜ਼ੁਕਾਮ ਦੀ ਸ਼ਿਕਾਇਤ ਤੋਂ ਬਾਅਦ ਡਾਕਟਰਾਂ ਵੱਲੋਂ 14 ਦਿਨਾਂ ਲਈ ਇਕਾਂਤਵਾਸ ‘ਚ ਰੱਖਣ ਦੀ ਹਦਾਇਤ ਕੀਤੀ ਗਈ ਹੈ। ਜਾਣਕਾਰੀ ਦਿੰਦਿਆਂ ਮੈਨੇਜਰ ਕਰਨੈਲ ਸਿੰਘ ਨਾਭਾ ਨੇ ਦੱਸਿਆ ਕਿ ਇਕਾਂਤਵਾਸ ‘ਚ ਰੱਖੇ ਗਏ ਤਿੰਨੋਂ ਪਰਵਾਸੀਆਂ ਨੂੰ ਦੇਰ ਰਾਤ ਰਾਜਿੰਦਰਾ ਹਸਪਤਾਲ ਤੋਂ ਮਾਤਾ ਨਾਨਕ ਨਿਵਾਸ ‘ਚ ਤਬਦੀਲ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਪੰਕਜ ਗਿਰੀ ਨਵੀਂ ਦਿੱਲੀ, ਸੁਰੇਸ਼ ਅਤੇ ਗਣੇਸ਼ ਲਾਲ ਬਿਹਾਰ ਦੇ ਰਹਿਣ ਵਾਲੇ ਹਨ, ਜਿਨਾਂ ਦੀ ਨਿਗਰਾਨੀ ਸ਼੍ਰੋਮਣੀ ਕਮੇਟੀ ਸਟਾਫ ਅਤੇ ਤਾਇਨਾਤ ਕੀਤੀ ਗਈ ਡਾਕਟਰਾਂ ਦੀ ਟੀਮ ਵੱਲੋਂ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਕਤਾਂਵਾਸ ‘ਚ ਤਾਇਨਾਤ ਮੈਡੀਕਲ ਟੀਮ ‘ਚ ਡਾ. ਰਵਿੰਦਰ ਸਿੰਘ, ਡਾ. ਬ੍ਰਹਮਨਾਥ ਸਿੰਘ ਅਤੇ ਨੀਤਾ ਬੱਤਰਾ ਸਮੇਂ ਸਮੇਂ ‘ਤੇ ਇਨ੍ਹਾਂ ਦਾ ਡਾਕਟਰੀ ਮੁਆਇਨਾ ਕਰਨਗੇ।
ਮਾਤਾ ਨਾਨਕੀ ਨਿਵਾਸ ਨੂੰ ਬਣਾਇਆ ਇਕਤਾਂਵਾਸ : ਮੈਨੇਜਰ 150 ਬੈਡ ਅਤੇ 75 ਕਮਰਿਆਂ ਦੀ ਕੀਤੀ ਵਿਵਸਥਾ ਕਰੋਨਾ ਵਾਇਰਸ ਦੇ ਮੱਦੇਨਜ਼ਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਹਰ ਸੰਭਵ ਸਹਿਯੋਗ ਦਿੱਤਾ ਜਾ ਰਿਹਾ। ਸ਼੍ਰੋਮਣੀ ਕਮੇਟੀ ਵੱਲੋਂ ਸਰਾਵਾਂ ਨੂੰ ਇਕਾਂਤਵਾਸ ਵਜੋਂ ਵਰਤਣ ਦੀ ਪੇਸ਼ਕਸ਼ ਤੋਂ ਬਾਅਦ ਗੁਰਦੁਆਰਾ ਸ੍ਰੀ ਦੂਖਨਿਵਾਰਨ ਸਾਹਿਬ ਦੇ ਮਾਤਾ ਨਾਨਕੀ ਨਿਵਾਸ ਨੂੰ ਇਕਾਂਤਵਾਸ ਬਣਾਇਆ ਗਿਆ ਹੈ। ਮੈਨੇਜਰ ਕਰਨੈਲ ਸਿੰਘ ਨਾਭਾ ਨੇ ਦੱਸਿਆ ਕਿ ਸ਼੍ਰੋਮਣੀ ਕਮੇਟੀ ਵਲੋਂ ਲੋੜਵੰਦਾਂ ਲਈ ਲੰਗਰ ਤੋਂ ਇਲਾਵਾ ਜ਼ਰੂਰਤ ਪੈਣ ‘ਤੇ ਸਰਾਵਾਂ ਦੀ ਵਿਵਸਥਾ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਮਾਤਾ ਨਾਨਕੀ ਨਿਵਾਸ ‘ਚ 150 ਬੈਡ ਅਤੇ 75 ਕਮਰਿਆਂ ਦੀ ਵਿਵਸਥਾ ਕੀਤੀ ਚੁੱਕੀ ਹੈ।