
ਨਵਾਂਸ਼ਹਿਰ/ਬੰਗਾ (ਏ-ਆਰ. ਆਰ. ਐੱਸ. ਸੰਧੂ) ਜ਼ਿਲ੍ਹਾ ਹਸਪਤਾਲ ਨਵਾਂਸ਼ਹਿਰ ਤੋਂ ਬਾਅਦ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਦਾ ਦੂਸਰਾ ਆਈਸੋਲੇਸ਼ਨ ਵਾਰਡ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ (ਤਹਿਸੀਲ ਬੰਗਾ) ’ਚ ਕਾਰਜਸ਼ੀਲ ਕਰ ਦਿੱਤਾ ਗਿਆ ਹੈ, ਜਿੱਥੇ ਇਸ ਮੌਕੇ 16 ਕੋਵਿਡ ਮਰੀਜ਼ ਰੱਖੇ ਗਏ ਹਨ।
ਐਸ.ਡੀ.ਐਮ ਬੰਗਾ ਗੌਤਮ ਜੈਨ ਅਨੁਸਾਰ ਵਾਰਡ ਲਈ ਸਾਰਾ ਢਾਂਚਾ ਤੇ ਸੁਵਿਧਾਵਾਂ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵੱਲੋਂ ਮੁਹੱਈਆ ਕਰਵਾਈਆਂ ਗਈਆਂ ਹਨ ਜਦਕਿ ਸਟਾਫ਼ ਜ਼ਿਲ੍ਹੇ ਦੇ ਸਿਹਤ ਵਿਭਾਗ ਵੱਲੋਂ ਤਾਇਨਾਤ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਹਸਪਤਾਲ ਦੀ ਮੈਨੇਜਮੈਂਟ ਵੱਲੋਂ ਇਸ ਵਾਰਡ ਨੂੰ ਆਈਸੋਲੇਸ਼ਨ ਵਾਰਡ ’ਚ ਤਬਦੀਲ ਕਰਨ ਲਈ ਲੋੜੀਂਦੀਆਂ ਤਬਦੀਲੀਆਂ ਵੀ ਆਪਣੇ ਪੱਧਰ ’ਤੇ ਕਰਵਾ ਕੇ ਪ੍ਰਸ਼ਾਸਨ ਨੂੰ ਇਸ ਮੁਸ਼ਕਿਲ ਦੀ ਘੜੀ ’ਚ ਪੂਰਣ ਸਹਿਯੋਗ ਦਿੱਤਾ ਗਿਆ ਹੈ। ਸਿਵਲ ਸਰਜਨ ਡਾ. ਰਾਜਿੰਦਰ ਭਾਟੀਆ ਅਨੁਸਾਰ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ 50 ਬੈਡ ਦੀ ਸਮਰੱਥਾ ਦਾ ਵਾਰਡ ਸਥਾਪਿਤ ਕੀਤਾ ਗਿਆ ਹੈ, ਜਿਸ ਲਈ ਬਾਕਾਇਦਾ ਮੈਡੀਕਲ ਤੇ ਦੂਸਰਾ ਅਮਲਾ ਵਿਭਾਗ ਵੱਲੋਂ ਤਾਇਨਾਤ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਤਿੰਨ ਸ਼ਿਫ਼ਟਾਂ ’ਚ ਚੱਲਣ ਵਾਲੇ ਇਸ ਆਈਸੋਲੇਸ਼ਨ ਵਾਰਡ ਲਈ 10 ਨਰਸਾਂ ਦੀ ਡਿਊਟੀ ਜ਼ਿਲ੍ਹਾ ਹਸਪਤਾਲ ਦੇ ਆਈਸੋਲੇਸ਼ਨ ਵਾਰਡ ’ਚੋਂ ਲਾਈ ਗਈ ਹੈ ਤਾਂ ਜੋ ਵਾਰਡ ਨੂੰ ਕਾਰਜਸ਼ੀਲ ਕਰਨ ਤੇ ਮਰੀਜ਼ਾਂ ਦੀ ਦੇਖਭਾਲ ਕਰਨ ’ਚ ਉਨ੍ਹਾਂ ਦਾ ਤਜਰਬਾ ਕੰਮ ਆ ਸਕੇ। ਉਨ੍ਹਾਂ ਦੱਸਿਆ ਕਿ ਇੱਥੇ 15 ਮਰੀਜ਼ 8 ਮਈ ਨੂੰ ਜ਼ਿਲ੍ਹੇ ਦੇ ਕੁਆਰਨਟੀਨ ਸੈਂਟਰਾਂ ’ਚੋਂ ਲਿਆਂਦੇ ਗਏ ਸਨ ਜਦਕਿ 16 ਵਾਂ ਮਰੀਜ਼ 10 ਮਈ ਨੂੰ ਆਇਆ ਸੀ। ਉਨ੍ਹਾਂ ਦੱਸਿਆ ਕਿ ਇਨ੍ਹਾਂ ਮਰੀਜ਼ਾਂ ’ਚ 14 ਪੁਰਸ਼ ਤੇ ਦੋ ਮਹਿਲਾ ਮਰੀਜ਼ ਸ਼ਾਮਿਲ ਹਨ, ਜਿਨ੍ਹਾਂ ਨੂੰ ਬਿਮਾਰੀ ਦਾ ਟਾਕਰਾ ਕਰਨ ਲਈ ਹਰ ਤਰ੍ਹਾਂ ਦੀ ਸੁਵਿਧਾ ਜਿਵੇਂ ਪੌਸ਼ਟਿਕ ਭੋਜਨ, ਕੌਂਸਲਿੰਗ ਅਤੇ ਲੋੜੀਂਦੀ ਦਵਾਈ ਦਿੱਤੀ ਜਾ ਰਹੀ ਹੈ। ਆਈਸੋਲੇਸ਼ਨ ਵਾਰਡ ’ਚ ਡਿਊਟੀ ਨਿਭਾਅ ਰਹੇ ਨਰਸਿੰਗ ਸਟਾਫ਼ ਅਨੁਸਾਰ ਸਿਹਤ ਵਿਭਾਗ ਵੱਲੋਂ ਇੱਕ ਮੈਡੀਕਲ ਅਫ਼ਸਰ, ਦੋ ਸਟਾਫ਼ ਨਰਸਾਂ, ਇੱਕ ਫ਼ਾਰਮਾਸਿਸਟ, ਇੱਕ ਸਫ਼ਾਈ ਸੇਵਕ ਅਤੇ ਇੱਕ ਵਾਰਡ ਅਟੈਂਡੈਂਟ ’ਤੇ ਆਧਾਰਿਤ ਤਿੰਨ ਟੀਮਾਂ ਤਿੰਨ ਸ਼ਿਫ਼ਟਾਂ ’ਚ ਕੰਮ ਕਰ ਰਹੀਆਂ ਹਨ। ਮਰੀਜ਼ਾਂ ਨੂੰ ਜਿੱਥੇ ਬਿਮਾਰੀ ਨਾਲ ਲੜਨ ਲਈ ਆਪਣੀ ਰੋਗ ਪ੍ਰਤੀਰੋਧਕ ਸ਼ਕਤੀ ਨੂੰ ਮਜ਼ਬੂਤ ਰੱਖਣ ਲਈ ਪੌਸ਼ਟਿਕ ਆਹਾਰ ਦਿੱਤਾ ਜਾ ਰਿਹਾ ਹੈ ਉੱਥੇ ਉਨ੍ਹਾਂ ਨੂੰ ਕੌਂਸਲਿੰਗ ਅਤੇ ਪ੍ਰਮਾਤਮਾ ਪਾਸ ਅਰਦਾਸ ਕਰਕੇ ਆਪਣੇ ਮਨੋਬਲ ਨੂੰ ਕਾਇਮ ਰੱਖਣ ਲਈ ਵੀ ਪ੍ਰੇਰਿਆ ਜਾ ਰਿਹਾ ਹੈ। ਸਟਾਫ਼ ਵੱਲੋਂ ਬਾਕਾਇਦਾ ਅਰਦਾਸ ਕਰਕੇ ਮਰੀਜ਼ਾਂ ਨੂੰ ਹੌਂਸਲੇ ’ਚ ਰਹਿਣ ਲਈ ਪ੍ਰੇਰਿਆ ਜਾ ਰਿਹਾ ਹੈ।