
ਪਟਿਆਲਾ ( ਅਰਵਿੰਦਰ ਸਿੰਘ ) ਕੋਰੋਨਾ ਵਾਇਰਸ ਤੋਂ ਬਚਾਅ ਅਤੇ ਸ਼ਹਿਰ ਨੂੰ ਰੋਗਾਣੂ ਮੁਕਤ ਕਰਨ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ ਜਿਸ ਤਹਿਤ ਪਿਛਲੇ ਕਈ ਦਿਨਾਂ ਤੋਂ ਪਟਿਆਲਾ ਸ਼ਹਿਰ ਵਿੱਚ ਵਿਸ਼ੇਸ਼ ਸਪਰੇਅ ਮਸ਼ੀਨ ਨਾਲ ਸ਼ਹਿਰ ਦੇ ਜਨਤਕ ਸਥਾਨਾਂ ਸਮੇਤ ਵੱਡੇ ਤੇ ਚੌੜੇ ਬਾਜ਼ਾਰਾਂ ਵਿੱਚ ਸਵੱਛਤਾ ਪੈਦਾ ਕਰਨ ਲਈ ਨਗਰ ਨਿਗਮ ਵੱਲੋਂ ਟੈਨੋਆਕਸਾਈਡ ਦੇ ਵਿਸ਼ੇਸ਼ ਘੋਲ (ਡਿਸਇਨਫੈਕਟੈਂਟ) ਦਾ ਛਿੜਕਾਅ ਕੀਤਾ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆ ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਨੇ ਦੱਸਿਆ ਕਿ ਪਟਿਆਲਾ ਸ਼ਹਿਰ ਵਿੱਚ ਵਿਸ਼ੇਸ਼ ਸਪਰੇਅ ਮਸ਼ੀਨ ਨਾਲ ਪਿੱਛਲੇ ਇਕ ਹਫ਼ਤੇ ਤੋਂ ਸਪਰੇਅ ਕੀਤੀ ਜਾ ਰਹੀ ਹੈ ਅਤੇ ਸ਼ਹਿਰ ਦੀਆਂ ਲਗਭਗ 60 ਕਲੋਨੀਆਂ ਅਤੇ 90 ਫ਼ੀਸਦੀ ਸ਼ਹਿਰ ਵਿੱਚ ਸਪਰੇਅ ਕਰਕੇ ਉਸਨੂੰ ਰੋਗਾਣੂ ਮੁਕਤ ਕੀਤਾ ਜਾ ਚੁੱਕਾ ਹੈ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪਹਿਲਾਂ ਤੰਗ ਗਲੀਆਂ ਵਿੱਚ ਛੋਟੇ ਸਪਰੇਅ ਪੰਪਾਂ ਨਾਲ ਛਿੜਕਾਅ ਕੀਤਾ ਜਾਂਦਾ ਸੀ ਪਰ ਇਸ ਵੱਡੀ ਮਸ਼ੀਨ ਦੀਆਂ ਲੰਬੀਆਂ ਪਾਇਪਾ ਨਾਲ ਹੁਣ ਵੱਡੀ ਮਸ਼ੀਨ ਨਾਲ ਵੀ ਤੰਗ ਗਲੀਆਂ ਵਿੱਚ ਸਪਰੇਅ ਕਰਨ ਵਿੱਚ ਆਸਾਨੀ ਹੋਈ ਹੈ। ਇਸੇ ਦੌਰਾਨ ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਨੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਆਪਣੇ ਹੱਥਾਂ ਸਮੇਤ ਘਰ ਤੇ ਆਲੇ ਦੁਆਲੇ ਦੀ ਸਾਫ਼-ਸਫ਼ਾਈ ਵੱਲ ਵਿਸ਼ੇਸ਼ ਤਵੱਜੋ ਦੇਣ ਤਾਂ ਕਿ ਕੋਰੋਨਾਵਾਇਰਸ ਨੂੰ ਫੈਲਣ ਤੋਂ ਰੋਕਿਆ ਜਾ ਸਕੇ।
ਨਗਰ ਨਿਗਮ ਦੇ ਕਮਿਸ਼ਨਰ ਸ੍ਰੀਮਤੀ ਪੂਨਮਦੀਪ ਕੌਰ ਨੇ ਦੱਸਿਆ ਕਿ ਇਸ ਮਸ਼ੀਨ ‘ਚ ਟੈਨੋਆਕਸਾਈਡ ਜੋ ਕਿ ਕਲੋਰੀਨ ਪੈਦਾ ਕਰਦੀ ਹੈ ਦਾ ਖੋਲ ਪਾਣੀ ਵਿੱਚ ਪਾ ਕੇ ਛਿੜਕਾਅ ਕੀਤਾ ਜਾ ਰਿਹਾ ਹੈ ਤਾਂ ਕਿ ਜਿਆਦਾ ਮਨੁੱਖੀ ਛੋਹ ਵਾਲੇ ਸਥਾਨਾਂ ਨੂੰ ਰੋਗਾਣੂ ਮੁਕਤ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਇਸ ਘੋਲ ਦੇ ਛਿੜਕਾਅ ਦਾ ਅਸਰ, ਲੱਗੇ ਰਹਿਣ ‘ਤੇ ਲਗਪਗ 90 ਦਿਨ ਤੱਕ ਰਹਿੰਦਾ ਹੈ।
ਸ੍ਰੀਮਤੀ ਪੂਨਮਦੀਪ ਕੌਰ ਨੇ ਦੱਸਿਆ ਕਿ ਅੱਜ ਛੋਟੀ ਨਦੀ ਦੇ ਨਾਲ ਮਦਰਾਸੀਆਂ ਦੀ ਝੁੱਗੀਆਂ, ਤਫੱਜਲਪੁਰੇ ਦਾ ਇਲਾਵਾ, ਦਾਣਾ ਮੰਡੀ, ਘੁੰਮਣ ਨਗਰ, ਆਜ਼ਾਦ ਨਗਰ, ਰਾਜਿੰਦਰਾ ਹਸਪਤਾਲ, ਵਿਕਾਸ ਕਲੋਨੀ, ਸਿਕਲੀਗਰ ਬਸਤੀ, ਬਾਜੀਗਰ ਬਸਤੀ ਅਤੇ ਦਰਸ਼ਨਾ ਕਲੋਨੀ ਵਿੱਚ ਸਪਰੇਅ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਕੱਲ ਮਿਤੀ 30 ਮਾਰਚ ਨੂੰ ਬੰਗਡੂਗਰ, ਸ਼ਹਿਰ ਦੇ ਅੰਦਰੂਨੀ ਹਿੱਸੇ ਜਿਸ ਵਿੱਚ ਤਾਰਾ ਸਿੰਘ ਪਾਰਕ, ਸ਼ਨੀ ਦੇਵ ਮੰਦਰ, ਤੋਪਖਾਨਾ, ਟੀ.ਵੀ. ਹਸਪਤਾਲ ਵਾਲੀ ਸੜਕ, ਗਾਂਧੀ ਨਗਰ ਅਤੇ ਛੋਟਾ ਰਾਈ ਮਾਜਰਾ ਵਿਖੇ ਸਪਰੇਅ ਕੀਤੀ ਜਾਵੇਗੀ। ਇਸ ਮੌਕੇ ਨਗਰ ਨਿਗਮ ਦੇ ਕਾਰਜਕਾਰੀ ਇੰਜੀਨੀਅਰ ਸ੍ਰੀ ਸੁਰੇਸ਼ ਕੁਮਾਰ ਵੀ ਮੌਜੂਦ ਸਨ।




















