ਫ਼ਤਹਿਗੜ੍ਹ ਸਾਹਿਬ (ਸੂਦ) ਸਥਾਨਕ ਬਾਬਾ ਬੰਦਾ ਸਿੰਘ ਬਹਾਦੁਰ ਇੰਜੀਨੀਅਰਿੰਗ ਕਾਲਜ ਦੇ ਵਿਭਾਗ ਮੁਖੀਆਂ ਨਾਲ ਕਾਲਜ ਪ੍ਰਿੰਸੀਪਲ ਮੇਜਰ ਜਨਰਲ ਡਾ ਗੁਰਚਰਨ ਸਿੰਘ ਲਾਂਬਾ ਨੇ ਵੀਡੀਓ ਕਾਨਫਰੰਸ ਰਾਹੀਂ ਵਿਭਾਗ ਮੁਖੀਆਂ ਅਤੇ ਸਮੂਹ ਫੈਕਲਟੀ ਮੈਂਬਰਾਂ ਨਾਲ ਮੀਟਿੰਗ ਕੀਤੀ। ਇਸ ਦੌਰਾਨ ਵਿਦਿਆਰਥੀਆਂ ਦੀ ਪੜ੍ਹਾਈ ਲਈ ਆਨਲਾਈਨ ਕਲਾਸਾਂ ਦਾ ਜਾਇਜਾ ਲਿਆ ਗਿਆ। ਕਾਲਜ ਵੱਲੋਂ ਜਾਰੀ ਪ੍ਰੈਸ ਨੋਟ ਵਿੱਚ ਕਾਲਜ ਪ੍ਰਿੰਸੀਪਲ ਨੇ ਕਿਹਾ ਕਿ ਕੋਵਿਡ-19 ਦੀ ਮਹਾਂਮਾਰੀ ਦੇ ਚੱਲਦੇ ਜਿੱਥੇ ਸਰਕਾਰ ਵੱਲੋਂ ਜਾਰੀ ਹਦਾਇਤਾਂ ਦੀ ਇੰਨ-ਬਿੰਨ ਪਾਲਣਾ ਕੀਤੀ ਜਾ ਰਹੀ ਹੈ, ਉਥੇ ਨਾਲ ਹੀ ਵਿਦਿਆਰਥੀਆਂ ਦੀ ਪੜ੍ਹਾਈ ਦਾ ਸਿਲੇਬਸ ਪੂਰਾ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਉਨ੍ਹਾਂ ਕਿਹਾ ਕਿ ਕਾਲਜ ਵਿੱਚ ਪੜ੍ਹਦੇ ਵਿਦਿਆਰਥੀਆਂ ਨੂੰ ਪ੍ਰਸਾਸ਼ਨ ਦੀਆਂ ਹਦਾਇਤਾਂ ਮੁਤਾਬਿਕ ਪਹਿਲਾਂ ਹੀ ਘਰਾਂ ਵਿੱਚ ਭੇਜ ਦਿੱਤਾ ਗਿਆ ਸੀ। ਉਨ੍ਹਾਂ ਦੀਆਂ ਕਲਾਸਾਂ ਨਿਰਧਾਰਤ ਟਾਈਮ ਟੇਬਲ ਮੁਤਾਬਿਕ ਗੁਗਲ ਕਲਾਸਰੂਮ ਅਤੇ ਜ਼ੂਮ ਆਦਿ ਸਾਫਟਵੇਅਰ ਰਾਹੀਂ ਲਈਆਂ ਜਾ ਰਹੀਆਂ ਹਨ। ਡਾ. ਲ਼ਾਂਬਾ ਨੇ ਹੋਰ ਦੱਸਿਆ ਕਿ ਉਨ੍ਹਾਂ ਵਿਦਿਆਰਥੀਆਂ ਨਾਲ ਵੀ ਗੱਲ ਕੀਤੀ ਹੈ ਅਤੇ ਸਿਲੇਬਸ ਸੰਬੰਧੀ ਜਾਣਕਾਰੀ ਹਾਸਲ ਕੀਤੀ ਹੈ। ਉਨ੍ਹਾਂ ਕਿਹਾ ਕਿ ਭਾਵੇਂ ਇੰਜੀਨੀਅਰਿੰਗ ਦੀ ਪੜ੍ਹਾਈ ਪ੍ਰੈਕਟੀਕਲ ਅਧਾਰਿਤ ਹੁੰਦੀ ਹੈ ਪ੍ਰੰਤੂ ਸਟਾਫ ਵੱਲੋਂ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਵੱਧ ਤੋਂ ਵੱਧ ਪੜ੍ਹਾਈ ਦੀ ਸਮੱਗਰੀ ਵਿਦਿਆਰਥੀਆਂ ਨੂੰ ਮੁਹੱਈਆ ਕਰਾਈ ਜਾ ਸਕੇ। ਉਨ੍ਹਾਂ ਦੇਸ਼ ਨੂੰ ਇਸ ਕੋਰੋਨਾ ਦੀ ਮਹਾਂਮਾਰੀ ਤੋਂ ਜਲਦ ਤੋਂ ਜਲਦ ਨਿਕਲਣ ਦੀ ਕਾਮਨਾ ਕੀਤੀ।