ਵਿਸਕਾਨਸਨ ਸੁਪਰੀਮ ਕੋਰਟ ਵੱਲੋਂ ‘ਸਟੇਅ ਐਟ ਹੋਮ’ ਦੇ ਹੁਕਮ ਰੱਦ

ਰਾਸ਼ਟਰਪਤੀ ਟਰੰਪ ਨੇ ਇਸ ਨੂੰ ਦੇਸ਼ ਦੀ ਜਿੱਤ ਕਰਾਰ ਦਿੱਤਾ

2154 ਹੋਰ ਮੌਤਾਂ, ਮ੍ਰਿਤਕਾਂ ਦੀ ਕੁਲ ਗਿਣਤੀ 86912 ਹੋਈ

ਵਾਸ਼ਿੰਗਟਨ 15 ਮਈ (ਹੁਸਨ ਲੜੋਆ ਬੰਗਾ)—ਵਿਸਕਾਨਸਨ ਸੁਪਰੀਮ ਕੋਰਟ ਵੱਲੋਂ ਕੋਰੋਨਾਵਾਇਰਸ ਮਹਾਮਾਰੀ ਨੂੰ ਫੈਲਣ ਤੋਂ ਰੋਕਣ ਲਈ ਰਾਜ ਵੱਲੋਂ ਜਾਰੀ ‘ਸਟੇਅ ਐਟ ਹੋਮ’ ਆਦੇਸ਼ਾਂ ਨੂੰ ਰੱਦ ਕਰ ਦਿੱਤਾ ਹੈ। ਇਸ ਫੈਸਲੇ ਨੂੰ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦੇਸ਼ ਦੀ ਜਿੱਤ ਕਰਾਰ ਦਿੰਦਿਆਂ ਕਿਹਾ ਹੈ ਕਿ ਲੋਕ ਆਪਣੀ ਜਿੰਦਗੀ ਜੀਣਾ ਚਹੁੰਦੇ ਹਨ।

 ਡੈਮੋਕਰੈਟਿਕ ਆਗੂ ਵਿਸਕਾਨਸਨ ਦੇ ਗਵਰਨਰ ਟੋਨੀ ਐਵਰਜ ਨੇ ਕਿਹਾ ਹੈ ਕਿ ਅਦਾਲਤ ਦਾ ਨਿਰਨਾ ਲੋਕਾਂ ਦੀ ਸਿਹਤ ਨੂੰ ਗੰਭੀਰ ਜੋਖ਼ਮ ਵਿਚ ਪਾ ਸਕਦਾ ਹੈ। ਦੇਸ਼ ਦੇ ਚੋਟੀ ਦੇ ਸਿਹਤ ਮਾਹਿਰ ਡਾ ਐਨਥਨੀ ਫੌਕੀ ਨੇ ਕਿਹਾ ਹੈ ਕਿ ਲਾਕਡਾਊਨ ਬਹੁਤ ਸਾਰੀਆਂ ਜਾਨਾਂ ਬਚਾਉਣ ਵਿਚ ਸਫਲ ਹੋਇਆ ਹੈ ਜੇਕਰ ਪਾਬੰਦੀਆਂ ਨੂੰ ਕਾਹਲ ‘ਚ ਹਟਾ ਲਿਆ ਗਿਆ ਤਾਂ ਮੌਤਾਂ ਬਹੁਤ ਜਿਆਦਾ ਹੋ ਸਕਦੀਆਂ ਹਨ।    
2100 ਤੋਂ ਵਧ ਹੋਰ ਮੌਤਾਂ-
ਅਮਰੀਕਾ ਵਿਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾਵਾਇਰਸ ਨੇ 2154 ਹੋਰ ਮਰੀਜ਼ਾਂ ਦੀ ਜਾਨ ਲੈ ਲਈ ਹੈ। ਇਸ ਤਰਾਂ ਹੁਣ ਤੱਕ 86912 ਹੋਰ ਅਮਰੀਕੀ ਦਮ ਤੋੜ ਚੁੱਕੇ ਹਨ। ਪੀੜਤ ਮਰੀਜ਼ਾਂ ਦੀ ਗਿਣਤੀ 14,57,593 ਹੋ ਗਈ ਹੈ ਜਦ ਕਿ 3,18,027 ਅਮਰੀਕੀ ਸਿਹਤਯਾਬ ਹੋ ਕੇ ਘਰਾਂ ਨੂੰ ਪਰਤ ਗਏ ਹਨ। ਸਿਹਤਯਾਬ ਹੋਣ ਦੀ ਦਰ ਵਿਚ ਸੁਧਾਰ ਹੋਇਆ ਹੈ। 4,04,939 ਮਰੀਜ਼ਾਂ ਵਿਚੋਂ 79% ਸਿਹਤਯਾਬ ਹੋਏ ਹਨ ਤੇ 21% ਦੀ ਮੌਤ ਹੋਈ ਹੈ। ਸਭ ਤੋਂ ਵਧ ਪ੍ਰਭਾਵਿਤ ਰਾਜ ਨਿਊਯਾਰਕ ਵਿਚ ਮੌਤਾਂ ਦੀ ਗਿਣਤੀ 27426 ਹੋ ਗਈ ਹੈ। ਮੌਤਾਂ ਦੇ ਮਾਮਲੇ ਵਿਚ ਨਿਊਜਰਸੀ ਦੂਸਰੇ ਸਥਾਨ ‘ਤੇ ਹੈ ਜਿਥੇ 9946 ਮਰੀਜ਼ ਮੌਤ ਦੇ ਮੂੰਹ ਵਿਚ ਜਾ ਪਏ ਹਨ।
ਟਰੰਪ ਵੱਲੋਂ ਫੈਕਟਰੀ ਦਾ ਦੌਰਾ-
ਰਾਸ਼ਟਰਪਤੀ ਟਰੰਪ ਨੇ ਪੈਨਸਿਲਵੇਨੀਆ ਦੀ ਓਨਜ ਐਂਡ ਮਾਈਨਰ ਇੰਕ ਨਾਮੀ ਫੈਕਟਰੀ ਦਾ ਦੌਰਾ ਕੀਤਾ । ਉਨਾਂ ਨੇ ਫੈਕਟਰੀ ਮਾਲਕਾਂ ਤੇ ਮੁਲਾਜਮਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੈਨਸਿਲਵੇਨੀਆ ਦੇ ਗਵਰਨਰ ਉਪਰ ਅਰਥਵਿਵਸਥਾ ਖੋਲਣ ਲਈ ਜੋਰ ਪਾਉਣਾ ਪਵੇਗਾ। ਉਨਾਂ ਕਿਹਾ ਕਿ ਪੈਨਸਿਲਵੇਨੀਆ ਕੋਰੋਨਾਵਾਇਰਸ ਤੋਂ ਬਹੁਤ ਘਟ ਪ੍ਰਭਾਵਿਤ ਹੋਇਆ ਹੈ ਤੇ ਗਵਰਨਰ ਇਸ ਨੂੰ ਬੰਦ ਰਖਣਾ ਚਹੁੰਦੇ ਹਨ ਪਰੰਤੂ ਤੁਸੀਂ ਅਜਿਹਾ ਨਹੀਂ ਕਰ ਸਕਦੇ। ਇਸ ਫੈਕਟਰੀ ਵਿਚ ਮਾਸਕ, ਦਸਤਾਨੇ ਤੇ ਸਰਜੀਕਲ ਗਾਊਨ ਤਿਆਰ ਹੁੰਦੇ ਹਨ। ਆਪਣੇ ਦੌਰੇ ਦੌਰਾਨ ਟਰੰਪ ਬਿਨਾਂ ਮਾਸਕ ਹੀ ਨਜਰ ਆਏ ਜਦ ਕਿ ਉਨਾਂ ਦੇ ਨਾਲ ਗਏ ਅਧਿਕਾਰੀਆਂ ਤੇ ਮੁਲਾਜ਼ਮਾਂ ਨੇ ਮਾਸਕ ਪਾਏ ਹੋਏ ਸਨ।
ਕਾਰੋਬਾਰੀਆਂ ਲਈ ਨਵੇਂ ਦਿਸ਼ਾ ਨਿਰਦੇਸ਼-
ਲਾਗ ਦੀਆਂ ਬਿਮਾਰੀਆਂ ਬਾਰੇ ਚੋਟੀ ਦੇ ਮਾਹਿਰਾਂ ਨੇ ਕੋਰੋਨਾਵਾਇਰਸ ਮਹਾਮਾਰੀ ਦੌਰਾਨ ਕਾਰੋਬਾਰ ਤੇ ਸਕੂਲ ਖੋਲਣ ਸਬੰਧੀ ਨਵੇਂ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ ਜਿਨਾਂ ਵਿਚ ਇਕ ਵਾਰ ਫਿਰ ‘ਸੋਸ਼ਲ ਡਿਸਟੈਂਸ’ ਰਖਣ ਉਪਰ ਜੋਰ ਦਿੱਤਾ ਗਿਆ ਹੈ। ਉਦਾਹਣ ਵਜੋਂ ਰੈਸਟੋਰੈਂਟ ਮਾਲਕਾਂ ਨੂੰ ਪੁੱਛਿਆ ਗਿਆ ਹੈ ਕਿ ਕੀ ਉਹ ਗਾਹਕਾਂ ਵਿਚਾਲੇ ਦੂਰੀ ਰਖਣ ਤੇ ਮੁਲਾਜ਼ਮਾਂ ਲਈ ਛੁੱਟੀਆਂ ਦੇ ਮਾਮਲੇ ਵਿਚ ਨਰਮ ਰੁਖ ਅਪਣਾਉਣ ਲਈ ਤਿਆਰ ਹਨ। ਜੇਕਰ ਉਹ ਅਜਿਹਾ ਕਰ ਸਕਦੇ ਤਾਂ ਉਹ ਆਪਣੇ ਰੈਸਟੋਰੈਂਟ ਖੋਲ ਸਕਦੇ ਹਨ। ਏਜੰਸੀ ਨੇ ਇਹ ਦਿਸ਼ਾ-ਨਿਰਦੇਸ਼ ਆਪਣੀ ਵੈਬ ਸਾਈਟ ਉਪਰ ਵੀ ਪਾ ਦਿੱਤੇ ਹਨ।

Share This :

Leave a Reply