ਖੰਨਾ (ਪਰਮਜੀਤ ਸਿੰਘ ਧੀਮਾਨ) : ਕੋਰੋਨਾ ਵਾਇਰਸ (ਕੋਵਿਡ-19) ਦੇ ਚੱਲਦਿਆਂ ਲੱਗੇ ਲਾਕ ਡਾਉੂਨ ਅਤੇ ਕਰਫਿਊ ਕਾਰਨ ਲੋਕਾਂ ਨੂੰ ਆ ਰਹੀਆਂ ਮੁਸ਼ਕਲਾਂ ਦੇ ਮੱਦੇਨਜ਼ਰ ਅੱਜ ਐਸ. ਐਸ. ਪੀ. ਦਫ਼ਤਰ ਵਿਖੇ ਪ੍ਰਸ਼ਾਸ਼ਨਿਕ, ਸਿਹਤ ਅਤੇ ਪੁਲਸ ਅਧਿਕਾਰੀਆਂ ਦੀ ਵਿਸ਼ੇਸ਼ ਮੀਟਿੰਗ ਹਲਕਾ ਵਿਧਾਇਕ ਗੁਰਕੀਰਤ ਸਿੰਘ ਦੀ ਅਗਵਾਈ ਹੇਠਾਂ ਹੋਈ ਜਿਸ ਵਿਚ ਲੋਕ ਸਭਾ ਹਲਕਾ ਸ਼੍ਰੀ ਫਤਿਹਗੜ• ਸਾਹਿਬ ਤੋਂ ਸਾਂਸਦ ਡਾ. ਅਮਰ ਸਿੰਘ ਵਿਸ਼ੇਸ਼ ਤੌਰ ਤੇ ਪੁੱਜੇ। ਜਿਸ ਵਿਚ ਲਾਕ ਡਾਉੂਨ ਦੌਰਾਨ ਹਲਕਾ ਖੰਨਾ ਦੇ ਪ੍ਰਬੰਧਾਂ ਦਾ ਜਾਇਜ਼ਾਲਿਆ ਗਿਆ ਅਤੇ ਲੋੜਵੰਦਾਂ ਨੂੰ ਆ ਰਹੀਆਂ ਮੁਸ਼ਕਲਾਂ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਮੌਕੇ ਅਪਾਤਕਾਲੀਨ ਸਥਿਤੀ ਦਾ ਸਾਹਮਣਾ ਕਰਨ ਲਈ ਸਿਵਲ ਹਸਪਤਾਲ ਖੰਨਾ ਵਿਖੇ ਵੈਂਟੀਲੇਟਰ ਦੀ ਸੁਵਿਧਾ ਨਾ ਹੋਣ ਕਾਰਨ ਹਲਕਾ ਵਿਧਾਇਕ ਵਲੋਂ ਲੋਕ ਸਭਾ ਹਲਕਾ ਸ਼੍ਰੀ ਫਤਿਹਗੜ• ਸਾਹਿਬ ਤੋਂ ਸਾਂਸਦ ਡਾ. ਅਮਰ ਸਿੰਘ ਅੱਗੇ 2 ਵੈਂਟੀਲੇਟਰ ਲਈ ਫੰਡ ਦੇਣ ਦੀ ਮੰਗ ਨੂੰ ਸਾਂਸਦ ਵਲੋਂ ਪ੍ਰਵਾਨਗੀ ਦੇ ਦਿੱਤੀ ਗਈ ਹੈ। ਇਸ ਤੋਂ ਇਲਾਵਾ ਵਿਧਾਇਕ ਵਲੋਂ ਹਲਕੇ ਵਿਚ ਮਾਸਕ ਤੇ ਸੈਨੀਟਾਈਜ਼ਰ ਤੇ ਹੋਰ ਲੋੜੀਂਦੇ ਮੈਡੀਕਲ ਇਕੁਪਮੈਂਟ ਦੀ ਘਾਟ ਲਈ ਫੰਡ ਦੇਣ ਦੀ ਮੰਗ ਨੂੰ ਵੀ ਸਾਂਸਦ ਨੇ ਪ੍ਰਵਾਨ ਕੀਤਾ.
- ਪ੍ਰਸਾਸ਼ਨ ਨੂੰ ਕਣਕ ਦੀ ਨਿਰਵਿਘਨ ਵਢਾਈ ਅਤੇ ਮੰਡੀਕਰਨ ਲਈ ਲੋੜੀਂਦੇ ਕਦਮ ਚੁੱਕਣ ਦੀ ਹਦਾਇਤ
ਲੋਕ ਸਭਾ ਮੈਂਬਰ ਡਾ. ਅਮਰ ਸਿੰਘ ਨੇ ਉਨਾ ਦੇ ਹਲਕੇ ਅਧੀਨ ਪੈਂਦੇ ਜ਼ਿਲਾਂ ਲੁਧਿਆਣਾ ਦੇ ਪ੍ਰਸਾਸ਼ਨ ਨੂੰ ਕੋਵਿਡ-19 ਅਤੇ ਕਰਫਿਊ ਬੰਦਸ਼ਾਂ ਦੇ ਮੱਦੇਨਜ਼ਰ ਕਣਕ ਦੀ ਨਿਰਵਿਘਨ ਖਰੀਦ ਅਤੇ ਮੰਡੀਕਰਨ ਨੂੰ ਯਕੀਨੀ ਬਣਾਉਣ ਲਈ ਲੋੜੀਂਦੇ ਕਦਮ ਚੁੱਕਣ ਦੇ ਹੁਕਮ ਦਿੱਤੇ ਹਨ। ਉਨਾ ਕਿਹਾ ਕਿ ਇਸ ਸਬੰਧੀ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਵੱਲੋਂ ਵਿਸਥਾਰਤ ਐਡਵਾਈਜ਼ਰੀ ਜਾਰੀ ਕੀਤੀ ਜਾ ਚੁੱਕੀ ਹੈ। ਉਨਾ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਕਣਕ ਦੀ ਵਢਾਈ ਤੇ ਮੰਡੀਕਰਨ ਤੋਂ ਇਲਾਵਾ ਗਰਮੀਆਂ ਦੀਆਂ ਹੋਰ ਫਸਲਾਂ ਲਈ ਯਤਨਾਂ ਵਿੱਚ ਤੇਜ਼ੀ ਲਿਆਂਦੀ ਜਾਵੇ। ਉਨਾ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਟਰੈਕਟਰ, ਟਰਾਲੀਆਂ, ਕੰਬਾਈਨਾਂ ਤੋਂ ਇਲਾਵਾ ਫਸਲ ਵੱਢਣ ਤੇ ਪੈਦਾਵਾਰ ਲਿਜਾਣ ਵਾਲੇ, ਖੇਤ ਵਾਹੁਣ ਅਤੇ ਬੀਜਣ ਵਾਲੇ ਖੇਤੀ ਸੰਦਾਂ ਸਮੇਤ ਸਾਰੀ ਖੇਤੀ ਮਸ਼ੀਨਰੀ ਦੇ ਆਉਣ-ਜਾਣ ਨੂੰ ਵੀ ਯਕੀਨੀ ਬਣਾਉਣ ਦੇ ਹੁਕਮ ਦਿੱਤੇ ਗਏ ਹਨ। ਡਿਪਟੀ ਕਮਿਸ਼ਨਰਾਂ ਨੂੰ ਖੇਤੀ ਮਸ਼ੀਨਰੀ ਦੀ ਮੁਰੰਮਤ ਕਰਨ ਵਾਲੀਆਂ ਵਰਕਸ਼ਾਪਾਂ ਅਤੇ ਸਬੰਧਤ ਸਪੇਅਰ ਪਾਰਟਸ ਵਾਲੀਆਂ ਦੁਕਾਨਾਂ ਚਲਾਉਣ ਦੀ ਇਜਾਜ਼ਤ ਦੇਣ ਤੋਂ ਇਲਾਵਾ ਬੀਜਾਂ, ਖਾਦਾਂ, ਕੀਟਨਾਸ਼ਕਾਂ, ਨਦੀਨਨਾਸ਼ਕਾਂ ਦੀ ਵਿਕਰੀ ਅਤੇ ਢੁਕਵੀਂ ਉਪਲਬਧਤਾ ਨੂੰ ਯਕੀਨੀ ਬਣਾਉਣ ਲਈ ਆਖਿਆ ਗਿਆ ਹੈ। ਇਸੇ ਤਰਾਂ ਕਣਕ ਦੀ ਆਮਦ ਲਈ ਅਨਾਜ ਮੰਡੀਆਂ ਵਿੱਚ ਸਾਰੇ ਲੋੜੀਂਦੇ ਇੰਤਜ਼ਾਮ ਕਰਨ ਤੋਂ ਇਲਾਵਾ ਖਰੀਦ ਏਜੰਸੀਆਂ ਨੂੰ ਘੱਟੋ-ਘੱਟ ਸਮਰਥਨ ‘ਤੇ ਖਰੀਦ ਕਰਨ ਲਈ ਤਿਆਰ ਕਰਨ ਦੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ।
ਇਸ ਮੌਕੇ ਸਾਂਸਦ ਤੇ ਵਿਧਾਇਕ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਪੰਜਾਬ ਸਰਕਾਰ ਦੀਆਂ ਹਿਦਾਇਤਾਂ ਨੂੰ ਧਿਆਨ ਵਿਚ ਰੱਖਦਿਆਂ ਕਣਕ ਦੀ ਖ੍ਰੀਦ ਦਾ ਕੰਮ ਇਸ ਹਿਸਾਬ ਨਾਲ ਚਲਾਇਆ ਜਾਵੇ ਕਿ ਸ਼ੋਸ਼ਲ ਡਿਸਟੈਂਸ ਰਹੇ ਅਤੇ ਮੰਡੀਆਂ ਵਿਚ ਜਿਆਦਾ ਭੀੜ ਨਾ ਕੀਤੀ ਜਾਵੇ। ਇਸੇ ਤਰਾਂ ਹੀ ਕਿਸਾਨਾਂ ਨੂੰ ਵੀ ਕਣਕ ਦੀ ਕਟਾਈ ਅਤੇ ਲਦਾਈ ਮੌਕੇ ਸ਼ੋਸ਼ਲ ਡਿਸਟੈਂਸ ਸਬੰਧੀ ਜਾਗਰੂਕ ਕੀਤਾ ਜਾਵੇ। ਉਨਾ ਕਿਹਾ ਕਿ ਕਿਸਾਨਾਂ ਦੀ ਫਸਲ ਦਾ ਇਕ ਇਕ ਦਾਣਾ ਸਰਕਾਰ ਵੱਲੋਂ ਖ੍ਰੀਦਿਆ ਜਾਵੇਗਾ ਅਤੇ ਕਿਸਾਨਾਂ ਨੂੰ ਕਿਸੇ ਵੀ ਤਰਾਂ ਦੀ ਮੁਸ਼ਕਲ ਨਹੀਂ ਆਉਣ ਦਿੱਤੀ ਜਾਵੇਗੀ। ਏ. ਐਫ਼. ਐਸ. ਓ. ਮਨੀਸ਼ ਪਜਨੀ ਨੇ ਦੱਸਿਆ ਕਿ ਐਸ. ਡੀ. ਐਮ. ਸੰਦੀਪ ਸਿੰਘ ਦੀ ਅਗਵਾਈ ਹੇਠ ਜਲਦ ਹੀ ਖ੍ਰੀਦ ਏਜੰਸੀਆਂ ਦੀ ਮੀਟਿੰਗ ਵਿਚ ਖ੍ਰੀਦ ਪ੍ਰਬੰਧਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਜਾਵੇਗਾ। ਇਸ ਮੌਕੇ ਐਸ. ਐਸ. ਪੀ. ਹਰਪ੍ਰੀਤ ਸਿੰਘ, ਐਸ. ਪੀ. (ਐਚ) ਤੇਜਿੰਦਰ ਸਿੰਘ ਸੰਧੂ, ਐਸ. ਡੀ. ਐਮ. ਸੰਦੀਪ ਸਿੰਘ, ਸਿਵਲ ਹਸਪਤਾਲ ਖੰਨਾ ਦੇ ਐਸ. ਐਮ. ਓ. ਡਾ. ਰਾਜਿੰਦਰ ਗੁਲਾਟੀ, ਡੀ. ਐਸ. ਪੀ. ਖੰਨਾ ਰਾਜਨ ਪਰਮਿੰਦਰ ਸਿੰਘ, ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਵਿਕਾਸ ਮਹਿਤਾ, ਨਗਰ ਕੌਂਸਲ ਦੇ ਈਓ ਰਣਬੀਰ ਸਿੰਘ, ਮਾਰਕੀਟ ਕਮੇਟੀ ਖੰਨਾ ਦੇ ਚੇਅਰਮੈਨ ਗੁਰਦੀਪ ਸਿੰਘ ਰਸੂਲੜਾ, ਜ਼ਿਲਾਂ ਯੂਥ ਕਾਂਗਰਸ ਪ੍ਰਧਾਨ ਅਮਿਤ ਤਿਵਾੜੀ, ਵਿਧਾਇਕ ਦੇ ਸਿਆਸੀ ਸਕੱਤਰ ਹਰਿੰਦਰ ਸਿੰਘ ਕਨੇਚ, ਜ਼ਿਲਾਂ ਸਾਂਝ ਕੇਂਦਰ ਦੇ ਇੰਚਾਰਜ ਇੰਸਪੈਕਟਰ ਜਸਪ੍ਰੀਤ ਸਿੰਘ, ਵੀ ਮੌਜੂਦ ਸਨ। ਮੀਟਿੰਗ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿਧਾਇਕ ਗੁਰਕੀਰਤ ਸਿੰਘ ਨੇ ਕਿਹਾ ਕਰਫਿਊ ਦੌਰਾਨ ਕਿਸਾਨਾਂ ਤੇ ਆਮ ਲੋਕਾਂ ਨੂੰ ਕਿਸੇ ਵੀ ਤਰਾਂ ਦੀ ਮੁਸ਼ਕਲ ਨਹੀਂ ਆਉਣ ਦਿੱਤੀ ਜਾਵੇਗੀ। ਲੋਕ ਸਰਕਾਰ ਦੀਆਂ ਹਿਦਾਇਤਾਂ ਦਾ ਪਾਲਣ ਕਰਨ ਅਤੇ ਆਪਣੇ ਘਰਾਂ ਦੇ ਅੰਦਰ ਹੀ ਰਹਿਣ। ਉਨਾ ਦੱਸਿਆ ਕਿ ਲੋੜਵੰਦਾਂ ਨੂੰ ਉਨਾ ਵਲੋਂ ਤੇ ਸਮਾਜ ਸੇਵੀ ਸੰਸਥਾਵਾਂ ਵਲੋਂ ਘਰ ਘਰ ਰਾਸ਼ਨ ਅਤੇ ਖਾਣਾ ਪੁੱਜਦਾ ਕੀਤਾ ਜਾ ਰਿਹਾ ਹੈ। ਲੋਕ ਘਬਰਾਉਣ ਨਹੀਂ ਜੇ ਕਿਸੇ ਲੋੜਵੰਦ ਨੂੰ ਰਾਸ਼ਨ ਨਹੀਂ ਮਿਲਿਆ ਤਾਂ ਉਹ ਲੋਕ ਉਨਾ ਨੂੰ ਸੰਪਰਕ ਕਰਨ, ਰਾਸ਼ਨ ਜਲਦ ਪੁੱਜਦਾ ਕੀਤਾ ਜਾਵੇਗਾ।