ਵਿਦੇਸ਼ੋਂ ਪਰਤਿਆਂ ਦੇ ਨਾਲ-ਨਾਲ ਆਮ ਲੋਕ ਰਿਸ਼ਤੇਦਾਰੀਆਂ ’ਚ ਜਾਣ ਤੋਂ ਵੀ ਪ੍ਰਹੇਜ਼ ਕਰਨ-ਡਿਪਟੀ ਕਮਿਸ਼ਨਰ

ਕੋਰੋਨਾ ਰੋਕਥਾਮ ਲਈ ਜਨਤਕ ਕੜੀ ਨੂੰ ਤੋੜਨਾ ਜ਼ਰੂਰੀ-ਘਰਾਂ ’ਚ ਰਹਿਣ ਨੂੰ ਤਰਜੀਹ ਦਿੱਤੀ ਜਾਵੇ

ਨਵਾਂਸ਼ਹਿਰ( ਏ-ਆਰ. ਆਰ. ਐੱਸ. ਸੰਧੂ )  ਡਿਪਟੀ ਕਮਿਸ਼ਨਰ ਸ਼ਹੀਦ ਭਗਤ ਸਿੰਘ ਨਗਰ ਸ੍ਰੀ ਵਿਨੈ ਬਬਲਾਨੀ ਨੇ ਜ਼ਿਲ੍ਹੇ ਦੇ ਸਮੂਹ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਰਿਸ਼ਤੇਦਾਰੀਆਂ ’ਚ ਜਾਣ ਤੋਂ ਵੀ ਪ੍ਰਹੇਜ਼ ਕਰਨ। ਉਨ੍ਹਾਂ ਆਖਿਆ ਕਿ ਕੋਰੋਨਾ ਵਾਇਰਸ ਨੂੰ ਅੱਗੇ ਫੈਲਣ ਤੋਂ ਰੋਕਣ ਲਈ ਜਨਤਕ ਸਾਂਝ ਦੀ ਕੜੀ ਤੋੜਨਾ ਲਾਜ਼ਮੀ ਹੈ, ਇਸ ਲਈ ਵੱਧ ਤੋਂ ਵੱਧ ਇਹਤਿਆਤ ਵਰਤਦੇ ਹੋਏ ਘਰ ਰਹਿਣ ਨੂੰ ਤਰਜੀਹ ਦਿੱਤੀ ਜਾਵੇ। ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਜਿਸ ਤਰ੍ਹਾਂ ਅੱਜ ਸਮੁੱਚੇ ਜ਼ਿਲ੍ਹੇ ’ਚ ਲੋਕਾਂ ਨੇ ਜਨਤਕ ਕਰਫ਼ਿਊ ਦੌਰਾਨ ਸੂਝ-ਬੂਝ ਦਾ ਪ੍ਰਗਟਾਵਾ ਕੀਤਾ ਹੈ, ਉਸ ਤੋਂ ਲੋਕਾਂ ਵੱਲੋਂ ਇਸ ਬਿਮਾਰੀ ਦਾ ਟਾਕਰਾ ਕਰਨ ਲਈ ਪ੍ਰਸ਼ਾਸਨ ਅਤੇ ਸਰਕਾਰ ਨਾਲ ਇੱਕਮੁਠਤਾ ਝਲਕਦੀ ਹੈ।

ਉਨ੍ਹਾਂ ਕਿਹਾ ਕਿ ਜ਼ਿਲ੍ਹੇ ਦੇ ਤਿੰਨ ਪਿੰਡਾਂ ਪਠਲਾਵਾ, ਸੁੱਜੋਂ ਅਤੇ ਝਿੱਕਾ ’ਚੋਂ ਕੋਵਿਡ-19 (ਕੋਰੋਨਾ ਵਾਇਰਸ) ਦੇ ਕੇਸ ਮਿਲਣ ਬਾਅਦ ਜ਼ਿਲ੍ਹੇ ਦੇ ਲੋਕਾਂ ਨੂੰ ਹੋਰ ਵੀ ਸਾਵਧਾਨੀ ਵਰਤਣੀ ਜ਼ਰੂਰੀ ਹੋ ਗਈ ਹੈ। ਉਨ੍ਹਾਂ ਕਿਹਾ ਕਿ ਜਿੱਥੇ ਜ਼ਿਲ੍ਹੇ ਦੇ ਲੋਕ ਇਨ੍ਹਾਂ ਤਿੰਨਾਂ ਪਿੰਡਾਂ ’ਚ ਬਿਲਕੁਲ ਨਾ ਜਾਣ ਉੱਥੇ ਇਨ੍ਹਾਂ ਤਿੰਨਾਂ ਪਿੰਡਾਂ ਦੇ ਲੋਕਾਂ ਨੂੰ ਕੋਈ ਦੂਸਰੇ ਪਿੰਡ ਜਾਂ ਸ਼ਹਿਰ ਦਾ ਵਿਅਕਤੀ ਆਪਣੇ ਘਰ ਵੀ ਨਾ ਰੱਖਣ। ਉਨ੍ਹਾਂ ਕਿਹਾ ਕਿ ਇਹ ਬਿਮਾਰੀ ਇੱਕ ਵਿਅਕਤੀ ਤੋਂ ਦੂਸਰੇ ਵਿਅਕਤੀ ’ਚ ਜਾਣ ਤੋਂ ਰੋਕਣ ਲਈ ਸਾਡੇ ਲਈ ਇਹਤਿਆਤ ਵਰਤਣਾ ਲਾਜ਼ਮੀ ਹੈ। ਡਿਪਟੀ ਕਮਿਸ਼ਨਰ ਅਨੁਸਾਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਸ ਬਿਮਾਰੀ ਨੂੰ ਇਨ੍ਹਾਂ ਤਿੰਨਾਂ ਪਿੰਡਾਂ ਤੋਂ ਅੱਗੇ ਹੋਰ ਜ਼ਿਲ੍ਹੇ ’ਚ ਫੈਲਣ ਤੋਂ ਰੋਕਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਇਸ ਵਿੱਚ ਜ਼ਿਲ੍ਹੇ ਦੇ ਲੋਕਾਂ ਦਾ ਸਹਿਯੋਗ ਅਤਿ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਦੇ ਲੋਕ ਸਭ ਤੋਂ ਪਹਿਲਾਂ ਜੇਕਰ ਇਨ੍ਹਾਂ ਪਿੰਡਾਂ ’ਚੋਂ ਕੋਈ ਵਿਅਕਤੀ ਕੁੱਝ ਦਿਨ ਪਹਿਲਾਂ ਉਨ੍ਹਾਂ ਦੇ ਸੰਪਰਕ ’ਚ ਆਇਆ ਸੀ ਤਾਂ ਆਪਣੇ ਆਪ ਨੂੰ ਆਪਣੇ ਘਰ ਅੰਦਰ ਹੀ ਨਜ਼ਰਬੰਦ ਕਰ ਲੈਣ ਅਤੇ ਦੇਖਣ ਕਿ 14 ਦਿਨਾਂ ’ਚ ਉਨ੍ਹਾਂ ’ਚ ਕੋਈ ਲੱਛਣ ਜਿਸ ਵਿੱਚ ਬੁਖਾਰ, ਸੁੱਕੀ ਖੰਘ ਜਾਂ ਸਾਹ ਲੈਣ ’ਚ ਤਕਲੀਫ਼ ਆਦਿ ਤਾਂ ਨਹੀਂ ਆਉਂਦੇ। ਜੇਕਰ ਅਜਿਹਾ ਕੋਈ ਲੱਛਣਾ ਆਵੇ ਤਾਂ ਤੁਰੰਤ ਨੇੜਲੇ ਸਰਕਾਰੀ ਸਿਹਤ ਕੇਂਦਰ ਨਾਲ ਸੰਪਰਕ ਕਰਕੇ ਆਪਣੇ ਬਾਰੇ ਦੱਸਣ। ਡਿਪਟੀ ਕਮਿਸ਼ਨਰ ਨੇ ਐਨ ਆਰ ਆਈ ਬਹੁਤਾਤ ਵਾਲਾ ਜ਼ਿਲ੍ਹਾ ਹੋਣ ਕਾਰਨ ਵਿਦੇਸ਼ ਤੋਂ ਜ਼ਿਲ੍ਹੇ ’ਚ ਆਏ ਹੋਏ ਲੋਕਾਂ ਨੂੰ ਜ਼ਿਲ੍ਹਾ ਪ੍ਰਸ਼ਾਸਨ ਦਾ ਵਿਸ਼ੇਸ਼ ਤੌਰ ’ਤੇ ਸਾਥ ਦੇਣ ਲਈ ਆਪਣੇ ਆਪ ਨੂੰ ਘਰ ’ਚ 14 ਦਿਨਾਂ ਲਈ ਨਜ਼ਰਬੰਦ ਕਰਕੇ ਰੱਖਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ’ਚ ਇਨ੍ਹਾਂ 14 ਦਿਨਾਂ ਦੌਰਾਨ ਬਿਮਾਰੀ ਨਾਲ ਸਬੰਧਤ ਕੋਈ ਲੱਛਣ ਵੀ ਆਉਂਦਾ ਹੈ ਤਾਂ ਉਹ ਤੁਰੰਤ ਸਿਹਤ ਵਿਭਾਗ ਨਾਲ ਸੰਪਰਕ ਕਰਨ। ਸ੍ਰੀ ਬਬਲਾਨੀ ਨੇ ਜ਼ਿਲ੍ਹੇ ਦੇ ਸਮੂਹ ਪਿੰਡਾਂ ਦੇ ਸਰਪੰਚਾਂ ਅਤੇ ਨੰਬਰਦਾਰਾਂ ਨੂੰ ਇਸ ਮੁਸ਼ਕਿਲ ਦੀ ਘੜੀ ’ਚ ਆਪਣੀ ਜ਼ਿੰਮੇਂਵਾਰੀ ਨਿਭਾਉਣ ’ਤੇ ਜ਼ੋਰ ਦਿੰਦਿਆਂ ਆਪੋ-ਆਪਣੇ ਪਿੰਡ ’ਚ ਬਿਮਾਰੀ ਪ੍ਰਤੀ ਜਾਗਰੂਕਤਾ ਪੈਦਾ ਕਰਨ ਅਤੇ ਪਿੰਡ ’ਚ ਵਿਦੇਸ਼ ਤੋਂ ਆਏ ਲੋਕਾਂ ਦਾ ਉਨ੍ਹਾਂ ਦੇ ਆਪਣੇ ਘਰਾਂ ’ਚ ਰਹਿਣਾ ਯਕੀਨੀ ਬਣਾਉਣ ਲਈ ਵੀ ਕਿਹਾ। ਉਨ੍ਹਾਂ ਕਿਹਾ ਕਿ ਜੇਕਰ ਅਜਿਹੇ ਲੋਕ ਫ਼ਿਰ ਵੀ ਘਰ ਤੋਂ ਬਾਹਰ ਨਿਕਲਦੇ ਹਨ ਤਾਂ ਉਨ੍ਹਾਂ ਬਾਰੇ ਨੇੜਲੇ ਪੁਲਿਸ ਥਾਣੇ ਨੂੰ ਸ਼ਿਕਾਇਤ ਕੀਤੀ ਜਾਵੇ ਤਾਂ ਜੋ ਉਨ੍ਹਾਂ ਖ਼ਿਲਾਫ਼ ਧਾਰਾ 188 ਅਧੀਨ ਪਰਚਾ ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਜਾਵੇ।
ਉਨ੍ਹਾਂ ਸਪੱਸ਼ਟ ਰੂਪ ’ਚ ਚਿਤਾਵਨੀ ਦਿੱਤੀ ਕਿ ਕੁੱਝ ਗੈਰ-ਜ਼ਿੰਮੇਂਵਾਰ ਲੋਕਾਂ ਦੀ ਵਹਝਾ ਨਾਲ ਸਮੁੱਚੇ ਜ਼ਿਲ੍ਹੇ ਦੇ ਲੋਕਾਂ ਦੀ ਜ਼ਿੰਦਗੀ ਨੂੰ ਖਤਰੇ ’ਚ ਨਹੀਂ ਪਾਇਆ ਜਾ ਸਕਦਾ।
ਸ੍ਰੀ ਬਬਲਾਨੀ ਅਨੁਸਾਰ ਸਿਹਤ ਵਿਭਾਗ ਵੱਲੋਂ ਜ਼ਿਲ੍ਹੇ ਦੇ ਕੋਵਿਡ-19 ਪਾਜ਼ੇਟਿਵ ਪਾਏ ਜਾਣ ਵਾਲੇ ਲੋਕਾਂ ਨੂੰ ਆਈਸੋਲੇਟਿਡ ਵਾਰਡਾਂ ’ਚ ਰੱਖਿਆ ਜਾ ਰਿਹਾ ਹੈ ਤਾਂ ਜੋ ਉਨ੍ਹਾਂ ਦੇ ਲੋੜੀਂਦੇ ਇਲਾਜ ਦੇ ਨਾਲ-ਨਾਲ ਉਨ੍ਹਾਂ ਦੀ ਸਿਹਤ ਦਾ ਵੀ ਖਿਆਲ ਰੱਖਿਆ ਜਾ ਸਕੇ।

Share This :

Leave a Reply