ਅਕਸਰ ਵਿਆਹ ਦੇ ਰੀਤੀ ਰਿਵਾਜ਼ਾਂ ਤੋਂ ਹਰ ਵਿਅਕਤੀ ਭਲੀ ਭਾਂਤੀ ਜਾਣੂ ਹੁੰਦਾ ਹੈ ਪਰ ਸਭ ਕੁੱਝ ਜਾਨਣ ਤੋਂ ਬਾਅਦ ਵੀ ਵਿਆਹ ਵਿੱਚ ਸੱਤ ਫੇਰਿਆਂ ਦੀ ਥਾਂ ਅੱਠ ਫੇਰੇ ਲੈਣ ਵਾਲੀ ਅਤੇ ਇਸ ਵੇਲੇ ਮਾਨਸਾ ਵਿਖੇ ਪੂਰੀ ਤਨਦੇਹੀ ਨਾਲ ਚਾਈਲਡ ਪ੍ਰੋਟੈਕਸ਼ਨ ਆਫ਼ਿਸਰ ਦੀ ਡਿਊਟੀ ਨਿਭਾਉਣ ਵਾਲੀ ਸ਼ਾਇਨਾ ਕਪੂਰ ਦੀ ਇਹ ਗੱਲ ਸੁਣ ਕੇ ਮੈ ਵੀ ਹੈਰਾਨ ਹੋਇਆ ਅਤੇ ਇੰਝ ਲੱਗਾ ਕਿ ਇਹ ਕਿਸੇ ਜਨੂੰਨ ਜਾਂ ਪਾਗਲਪਣ ਤੋ ਘੱਟ ਨਹੀਂ । ਪਰ ਉਨ੍ਹਾਂ ਨਾਲ ਗੱਲ ਕਰਨ ਤੋਂ ਪਤਾ ਲੱਗਾ ਕਿ ਉਹ ਧੀਆਂ ਪ੍ਰਤੀ ਕਿੰਨੇ ਫ਼ਿਕਰਮੰਦ ਹਨ। ਉਨ੍ਹਾਂ ਨਾਲ ਕੀਤੇ ਸਵਾਲ ਦੀ ਤੁਹਾਡੇ ਨਾਲ ਸਾਂਝ ਕਰ ਰਿਹਾ ਹਾਂ।
ਸਵਾਲ – ਤੁਸੀਂ ਕਿੰਨੇ ਕੁ ਚਿਰ ਤੋਂ ਇਸ ਮੁਹਿੰਮ ਦੀ ਸ਼ੁਰੂਆਤ ਕਰ ਕੇ ਕੰਮ ਕਰ ਰਹੇ ਹੋ।
ਜਵਾਬ – ਮੈ ਤਕਰੀਬਨ ਸਾਢੇ ਕੁ ਤਿੰਨ ਸਾਲ ਤੋਂ ਕੁੜੀਆਂ ਦਾ ਦਰਜਾ ਉੱਚਾ ਚੁੱਕਣ ਲਈ ਵਿਸ਼ੇਸ਼ ਉਪਰਾਲੇ ਕਰ ਰਹੀ ਹਾਂ ਪਰ ਜਦੋ ਮੈ ਕਾਲਜ ਵਿਚ ਪੜ੍ਹਦੀ ਸੀ ਤਾਂ ਮੇਰੇ ਉਦੋਂ ਵੀ ਰੁਝਾਨ ਸੀ ਕਿ ਹੋਰ ਕੁੜੀਆਂ ਨੂੰ ਹੱਲਾਸ਼ੇਰੀ ਦੇਣਾ ਕਿ ਕੁੜੀਆਂ ਕਦੇ ਵੀ ਮੁੰਡਿਆ ਨਾਲੋਂ ਘੱਟ ਨਹੀਂ ਤੇ ਉਸ ਤੋ ਬਾਅਦ ਨੌਕਰੀ ਵੀ ਇਸੇ ਤਰਾਂ ਦੀ ਮਿਲੀ ਹੈ ਕਿ ਮੈ ਕੁੜੀਆਂ ਵਾਸਤੇ ਕੁੱਝ ਅਲੱਗ ਕਰ ਸਕਾਂ।
ਸਵਾਲ – ਤੁਸੀਂ ਧੀਆਂ ਪ੍ਰਤੀ ਫ਼ਿਕਰਮੰਦ ਵਿਆਹ ਤੋ ਪਹਿਲਾ ਕਾਲਜ ਲਾਈਫ਼ ਤੋ ਹੀ ਸੀ ਜਾਂ ਵਿਆਹ ਤੋ ਬਾਅਦ ਕੋਈ ਵਿਸ਼ੇਸ਼ ਕਾਰਨ ਰਿਹਾ।
ਜਵਾਬ – ਇਹ ਰੁਝਾਨ ਮੇਰੇ ਵਿਚ ਸ਼ੁਰੂ ਤੋ ਹੀ ਸੀ ਕਿਉਂਕਿ ਮੈ ਚਾਹੁੰਦੀ ਸੀ ਜੋ ਲਾਈਫ਼ ਮੈਨੂੰ ਮਿਲੀ ਉਸੇ ਤਰਾਂ ਸਭ ਕੁੜੀਆਂ ਪੜ੍ਹਨ ਅਤੇ ਨੌਕਰੀ ਦੇ ਨਾਲ ਨਾਲ ਹੋਰਨਾਂ ਕੁੜੀਆਂ ਵਾਸਤੇ ਕੁੱਝ ਵਿਸ਼ੇਸ਼ ਕਰ ਸਕਣ।
ਸਵਾਲ – ਕੀ ਏਦਾਂ ਦੀ ਸੋਚ ਲਈ ਕੋਈ ਵਿਸ਼ੇਸ਼ ਪੜਾਈ ਕੀਤੀ ਅਤੇ ਮਾਪਿਆਂ ਦਾ ਕਿੰਨਾ ਕੁ ਸਾਥ ਮਿਲਿਆ।
ਜਵਾਬ – ਜੀ ਹਾਂ ਮੈ ਪੀ ਐਚ ਡੀ ਕਰ ਰਹੀ ਹਾਂ ਸ਼ਸ਼ੋਲਜੀ ਵਿੱਚ ਜੋ ਕਿ ਜਲਦ ਹੀ ਪੂਰੀ ਹੋਣ ਜਾ ਰਹੀ ਹੈ ।ਸ਼ੁਰੂ ਵਿੱਚ ਮੇਰੇ ਮਾਤਾ ਪਿਤਾ ਨੇ ਮੈਡੀਕਲ ਕਰਨ ਲਈ ਕਿਹਾ ਸੀ ਪਰ ਮੈ ਹਿਊਮਨ ਨਾਲ ਜੁੜਨਾ ਚਾਹੁੰਦੀ ਸੀ ਤਾਂ ਜੋ ਲੋਕਾਂ ਦੀ ਸਮਝ ਨੂੰ ਹੋਰ ਨੇੜਿਉਂ ਜਾਣ ਸਕਾਂ।ਮਾਤਾ ਪਿਤਾ ਵਿਚੋਂ ਖ਼ਾਸ ਤੋਰ ਮਾਂ ਦਾ ਬਹੁਤ ਵੱਡਾ ਰੋਲ ਰਿਹਾ ਕਿਉਂਕਿ ਜਦੋਂ ਡਾਕਟਰ ਜਾਂ ਇੰਜੀਨੀਅਰ ਬਨਣ ਦੀ ਥਾਂ ਹਿਊਮਨ ਸਬਜੈਕਟ ਨੂੰ ਪਹਿਲ ਦਿੱਤੀ ਤਾਂ ਮੇਰੀ ਮਾਤਾ ਜੀ ਨੇ ਹਾਂ ਵੀ ਕੀਤੀ ਤੇ ਪੜਾਈ ਦੇ ਦੌਰਾਨ ਟਿਊਸ਼ਨ ਲੈ ਕੇ ਅੱਗੇ ਵਧਣ ਲਈ ਵੀ ਪ੍ਰੇਰਿਆ। ਪਿਤਾ ਜੀ ਉਸ ਵਕਤ ਕਾਫ਼ੀ ਬਿਮਾਰ ਵੀ ਰਹੇ, ਅੋਕੜਾ ਵੀ ਆਈਆਂ ਪਰ ਮਾਂ ਨੇ ਕਦੇ ਵੀ ਹਿਮੰਤ ਨਹੀਂ ਟੁੱਟਣ ਦਿੱਤੀ। ਅੱਜ ਜੋ ਵੀ ਹਾਂ ਉਹ ਇੰਝ ਲੱਗਦਾ ਹੈ ਕਿ ਮੇਰੀ ਮਾਂ ਕਰਕੇ ਹਾਂ।
ਸਵਾਲ – ਵਿਆਹ ਵੇਲੇ ਸੱਤ ਫੇਰਿਆਂ ਦੀ ਬਜਾਏ ਅੱਠ ਫੇਰਿਆਂ ਦਾ ਖਿਆਲ ਕਿਵੇਂ ਆਇਆ।
ਜ਼ਵਾਬ – (ਹੱਸ ਕੇ) ਜਦੋ ਮੇਰਾ ਵਿਆਹ ਹੋਇਆ ਤਾਂ ਫੇਰਿਆ ਵੇਲੇ ਪੰਡਤ ਜੀ ਨੇ ਸੱਤਲਾਈਨਾਂ ਵਾਇਆ ਪਰ ਮੈ ਆਪਣੀ ਇੱਛਾ ਜ਼ਾਹਿਰ ਕਰਦਿਆਂ ਅੱਠ ਲਾਈਨਾਂ ਪਾਉਣ ਲਈ ਕਿਹਾ,ਭਾਵੇਂ ਸਾਰੇ ਬੜੇ ਹੈਰਾਨ ਹੋਏ।ਪਰ ਮੈ ਆਪਣੇ ਫ਼ੈਸਲੇ ਤੇ ਅਟੱਲ ਸੀ ਤੇ ਇਸ ਵਿੱਚ ਮੇਰੇ ਪਤੀ ਨੇ ਵੀ ਮੇਰਾ ਸਾਥ ਦਿੱਤਾ। ਇਸ ਅੱਠਵੇਂ ਫੇਰੇ ਦਾ ਮਤਲਬ ਸੀ ਕਿ ਜੇਕਰ ਮੇਰੇ ਧੀਆਂ ਹੁੰਦੀਆਂ ਹਨ ਤਾਂ ਲੋਕਾਂ ਵਾਗ ਮੇਰੇ ਸਹੁਰਾ ਪਰਿਵਾਰ ਉਨ੍ਹਾਂ ਨੂੰ ਦਰਕਾਉਣ ਦੀ ਬਜਾਏ ਇਕ ਚੰਗੀ ਸੋਚ ਰੱਖ ਕੇ ਉਨ੍ਹਾਂ ਨੂੰ ਮੁੰਡਿਆ ਵਾਂਗ ਹੀ ਅਪਨਾਉਣਗੇ ।ਪਰ ਮੈ ਖ਼ੁਸ਼ ਹਾਂ ਕਿ ਮੇਰੇ ਸਹੁਰਾ ਪਰਿਵਾਰ ਮੇਰੀ ਇਸ ਸੋਚ ਤੋ ਕਿਤੇ ਵੱਧ ਕੇ ਕੁੜੀਆਂ ਪ੍ਰਤੀ ਫ਼ਿਕਰਮੰਦ ਹਨ।
ਸਵਾਲ – ਕੀ ਤੁਹਾਨੂੰ ਲੱਗਦਾ ਹੈ ਕਿ ਤੁਹਾਡੀਆਂ ਇਨ੍ਹਾਂ ਕੋਸ਼ਿਸ਼ਾਂ ਤੋ ਬਾਅਦ ਲੋਕਾਂ ਨੇ ਆਪਣੀ ਸੋਚ ਬਦਲੀ ਹੈ।
ਜ਼ਵਾਬ – ਵੈਸੇ ਅਸੀ ਪਟਿਆਲਾ ਵਿੱਚ ਇੱਕ ਪੰਘੂੜੇ ਦੀ ਸ਼ੂਰੁਆਦ ਵੀ ਕੀਤੀ ਹੈ ਤਾਂ ਜੋ ਲੋਕ ਕੁੜੀਆਂ ਨੂੰ ਮਾਰਨ ਦੀ ਬਜਾਏ ਇਸ ਪੰਘੂੜੇ ਵਿੱਚ ਪਾ ਜਾਣ ਅਤੇ ਉਸ ਬੇਟੀ ਦੀ ਸਾਰੀ ਜ਼ਿੰਮੇਵਾਰੀ ਸਰਕਾਰ ਦੀ ਹੋਵੇਗੀ।ਇਹ ਸਾਰੀਆਂ ਦਿੱਕਤਾਂ ਉੱਥੇ ਹੀ ਆਉਂਦੀਆਂ ਹਨ ਜਿੱਥੇ ਲੋਕਾਂ ਕੋਲ ਪਹਿਲਾ ਹੀ ਤਿੰਨ,ਚਾਰ ਜਾਂ ਪੰਜ ਕੁੜੀਆਂ ਹਨ ਤੇ ਮੁੰਡੇ ਦੀ ਚਾਹਨਾਂ ਵਿੱਚ ਕੁੜੀਆਂ ਨੂੰ ਖ਼ਤਮ ਕਰਨ ਚਾਹੁੰਦੇ ਹਨ।ਪਰ ਜੇ ਉਹ ਲੋਕ ਸੋਚ ਬਦਲ ਲੈਣ ਅਤੇ ਖ਼ਾਸ ਕਰ ਕੇ ਨੌਜਵਾਨ ਮੁੰਡੇ ਕੁੜੀਆਂ ਇਸ ਵਿੱਚ ਵਿਸ਼ੇਸ਼ ਰੋਲ ਅਦਾ ਕਰਨ ਤਾਂ ਜੋ ਲੋਕਾਂ ਨੂੰ ਸਮਝਾਇਆ ਜਾ ਸਕੇ ਕੁੜੀਆਂ ਡਾਕਟਰ, ਇੰਜੀਨੀਅਰ, ਪੁਲਿਸ ਅਫ਼ਸਰ ਬਨਣ ਵਿੱਚ ਮੁੰਡਿਆਂ ਤੋ ਕਿਸੇ ਪੱਖੋਂ ਘੱਟ ਨਹੀਂ।
ਆਖ਼ਰੀ ਸਵਾਲ – ਹਰ ਹਾਥ ਕਲਮ ਮਿਸ਼ਨ ਬਾਰੇ ਸਰਕਾਰ ਵੱਲੋਂ ਕੀ ਕੀਤਾ ਜਾ ਰਿਹਾ ਹੈ ਅਤੇ ਤੁਸੀਂ ਲੋਕਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ।
ਜ਼ਵਾਬ- ਜਦੋਂ ਦੀ ਮੈ ਇਸ ਮਿਸ਼ਨ ਦੀ ਸ਼ੂਰੁਆਦ ਕਰ ਕੇ ਤੁਰੀ ਹਾਂ ਤਾਂ ਦੇਖਣ ਵਿੱਚ ਆਇਆ ਹੈ ਕਿ ਲੋਕ ਆਪਣੇ ਬੱਚਿਆਂ ਤੋ ਭੀਖ ਮੰਗਾਉਣ ਵਿੱਚ ਵੀ ਗੁਰੇਜ਼ ਨਹੀਂ ਕਰਦੇ ਜਿਸ ਕਾਰਨ ਕਈ ਬੱਚਿਆਂ ਦੀਆਂ ਉਹਨਾ ਦੇ ਮਾਪਿਆ ਵੱਲੋਂ ਲੱਤਾਂ ਜਾਂ ਬਾਂਹਾਂ ਵੀ ਤੋੜ ਦਿੱਤੀਆਂ ਜਾਂਦੀਆਂ ਹਨ। ਜਿਸ ਕਾਰਨਤੇਜ਼ੀ ਨਾਲ ਹਰ ਹਾਥ ਕਲਮ ਮਿਸ਼ਨ ਤੇ ਕੰਮ ਕਰਦਿਆਂ ਅਜਿਹੇ ਬੱਚਿਆ ਨੂੰ ਭੀਖ ਮੰਗਾਉਣ ਦੀ ਬਜਾਏ ਪੜਾ ਲਿਖਾ ਕੇ ਚੰਗਾ ਇਨਸਾਨ ਬਨਾਉਣ ਬਾਰੇ ਕੰਮ ਕੀਤਾ ਜਾ ਰਿਹਾ ਹੈ।ਆਖ਼ਰੀ ਵਿੱਚ ਮੇਰਾ ਸੰਦੇਸ਼ ਇਹੋ ਹੈ ਕਿ ਬਸ ਲੋਕ ਇਹੋ ਸਮਝਣ ਕਿ ਹਰ ਕਾਮਯਾਬੀ ਦਾ ਜਨਮ ਮਾਂ ਦੀ ਕੁੱਖੋਂ ਹੀ ਹੁੰਦਾ ਹੈ। ਧੀਆਂ ਦਾ ਸਤਿਕਾਰ ਕਰੋ,ਪੁੱਤਰਾ ਵਾਂਗੂੰ ਪਿਆਰ ਕਰੋ।
ਪੇਸ਼ਕਸ਼ ਅਰਵਿੰਦਰ ਸਿੰਘ 9814826256