ਅਮਰੀਕਾ ਚ ਮਰਨ ਵਾਲਿਆਂ ਦੀ ਗਿਣਤੀ 5110 ਹੋਈ।
ਵਾਸ਼ਿੰਗਟਨ ( ਹੁਸਨ ਲੜੋਆ ਬੰਗਾ)— ਅੱਜ ਅਮਰੀਕਾ ਵਿੱਚ ਕਰੋਨਾਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ ਪੰਜ ਹਜਾਰ ਤੋਂ ਉਪਰ ਟੱਪ ਕੇ 5110 ਹੋ ਗਈ ਹੈ ਜੋ ਕੇ ਅਮਰੀਕਾ ਦੀਆਂ ਟੌਪ ਦੀਆਂ ਸਹਿਤ ਸੰਸਥਾਵਾਂ ਦੇ ਕਿਆਸ ਤੋਂ ਉਪਰ ਹੈ। ਦੂਸਰੇ ਪਾਸੇ ਯੁਨੀਵਰਸਿਟੀ ਆਫ ਵਾਸ਼ਿੰਗਟਨ ਨੇ ਆਪਣੇ ਅਧਿਅਨ ਵਿਚ ਕਿਹਾ ਹੈ ਕਿ ਜੇਕਰ ਸਮੁੱਚਾ ਰਾਸ਼ਟਰ ਕੋਰੋਨਾਵਾਇਰਸ ਨੂੰ ਰੋਕਣ ਲਈ ਹਰ ਸੰਭਵ ਯਤਨ ਕਰੇ ਤਾਂ ਵੀ ਅਗਲੇ ਦੋ ਹਫ਼ਤਿਆਂ ਦੌਰਾਨ ਇਹ ਆਪਣੀ ਚਰਮ ਸੀਮਾ ‘ਤੇ ਪੁੱਜ ਜਾਵੇਗਾ। ਯੁਨੀਵਰਸਿਟੀ ਅਨੁਸਾਰ ਜਿਆਦਾਤਰ
ਰਾਜਾਂ ਦੇ ਹਸਪਤਾਲ ਮਰੀਜ਼ਾਂ ਨਾਲ ਭਰ ਜਾਣਗੇ।
ਯੁਨੀਵਰਸਿਟੀ ਅਨੁਸਾਰ ਅੱਧ ਅਪ੍ਰੈਲ ਤੱਕ ਰੋਜਾਨਾ 2214 ਮੌਤਾਂ ਹੋਣ ਦਾ ਅਨੁਮਾਨ ਹੈ। ਗਰਮੀਆਂ ਦੇ ਅੰਤ ਤੱਕ 84000 ਅਮਰੀਕੀਆਂ ਦੀ ਕੋਰੋਨਾਵਾਇਰਸ ਨਾਲ ਮੌਤ ਹੋ ਜਾਣ ਦੀ ਸੰਭਾਵਨਾ ਹੈ ਜੋ ਕਿ 2018-19 ਦੇ ਫਲੂ ਸੀਜਨ ਦੌਰਾਨ ਹੋਈਆਂ ਮੌਤਾਂ ਨਾਲੋਂ ਤਕਰੀਬਨ ਦੁੱਗਣੀਆਂ ਹੋਣਗੀਆਂ। ਉਸ ਸਮੇਂ 34000 ਲੋਕ ਫਲੂ ਨਾਲ ਮਾਰੇ ਗਏ ਸਨ। ਯੁਨੀਵਰਸਿਟੀ ਆਫ ਵਾਸ਼ਿੰਗਟਨ ਦੀ ਇੰਸਟੀਚਿਊਟ ਆਫ ਹੈਲਥ ਮੈਟਰਿਕਸ ਐਂਡ ਇਵੈਲਜੂਏਸ਼ਨ ਦੇ ਫਾਊਂਡਰ ਤੇ ਚੇਅਰ ਕ੍ਰਿਸਟੋਫਰ ਮੂਰੇ ਦੀ
ਅਗਵਾਈ ਵਾਲੀ ਖੋਜ ਟੀਮ ਅਨੁਸਾਰ ਕੋਰੋਨਾਵਾਇਰਸ ਨਾਲ ਸਮੁੱਚੇ ਅਮਰੀਕਾ ਵਿਚ ਮੌਤਾਂ ਦੀ ਗਿਣਤੀ 36000 ਤੋਂ 152000 ਤੱਕ ਹੋ ਸਕਦੀ ਹੈ। ਇਸ ਖੋਜ ਵਿਚ ਭਵਿੱਖਬਾਣੀ ਕੀਤੀ ਗਈ ਹੈ ਕਿ ਜੂਨ 11 ਤੋਂ ਪਹਿਲਾਂ ਮੌਤਾਂ ਦੀ ਗਿਣਤੀ ਘਟ ਕੇ ਰੋਜਾਨਾ 100 ਹੋ ਜਾਵੇਗੀ ਪਰੰਤੂ ਇਹ ਵੀ ਤਾਂ ਹੀ ਸੰਭਵ ਹੋਵੇਗਾ ਜੇਕਰ ਸਾਰੇ 50 ਰਾਜ ਇਸੇ ਹਫ਼ਤੇ ਤਿੰਨ ਜਾ ਚਾਰ ਕਦਮ ਚੁੱਕਣਗੇ। ਇਨਾਂ ਕਦਮਾਂ ਵਿਚ ਸਕੂਲ ਬੰਦ ਕਰਨੇ, ਗੈਰ ਜਰੂਰੀ ਸੇਵਾਵਾਂ ਬੰਦ ਕਰਨੀਆਂ, ਲੋਕਾਂ ਨੂੰ ਪਨਾਹ ਦੇਣੀ ਤੇ ਯਾਤਰਾ ਉਪਰ ਸਖਤ ਪਾਬੰਦੀਆਂ ਲਾਗੂ ਕਰਨੀਆਂ ਸ਼ਾਮਿਲ ਹਨ।
ਰੂਸ ਦਾ ਸਭ ਤੋਂ ਵੱਡਾ ਫੌਜੀ ਕਾਰਗੋ ਜਹਾਜ਼,ਮੈਡੀਕਲ ਸਪਲਾਈ ਲੈ ਕੇ ਅਮਰੀਕਾ ਪਹੁੰਚਿਆ:
ਰੂਸ ਦਾ ਸਭ ਤੋਂ ਵੱਡਾ ਫੌਜੀ ਕਾਰਗੋ ਜਹਾਜ਼, ਮੈਡੀਕਲ ਸਪਲਾਈ ਕਰਨ ਵਾਲਾ ਜਹਾਜ਼ ਐੱਫ ਕੈਨੇਡੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਅੱਜ ਉਤਰਿਆ।
ਰਿਪੋਰਟਾਂ ਦੇ ਅਨੁਸਾਰ, ਇਹ ਜਹਾਜ਼ ਕੋਰੋਨਾਵਾਇਰਸ, ਕੋਵਿਡ -19 ਦੇ ਵੱਧ ਰਹੇ ਫੈਲਾਅ ਦੀ ਅਮਰੀਕੀ ਲੜਾਈ ਵਿੱਚ ਸਹਾਇਤਾ ਲਈ ਨਿੱਜੀ ਸੁਰੱਖਿਆ ਉਪਕਰਣਾਂ ਅਤੇ ਹੋਰ ਸਪਲਾਈਆਂ ਦਾ ਭੰਡਾਰ ਲੈ ਕੇ ਇਥੇ ਪੁੱਜਾ।
ਰੂਸ ਦੇ ਵਿਦੇਸ਼ ਮੰਤਰਾਲੇ ਨੇ ਵੀ ਇਸ ਸਮਾਨ ਦੀ ਸਪੁਰਦਗੀ ਬਾਰੇ ਟਵੀਟ ਕੀਤਾ, ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਅਤੇ ਯੂਐਸ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਫ਼ੋਨ ਦੀ ਗੱਲਬਾਤ ਤੋਂ ਬਾਅਦ ਸਮਾਨ ਨਾਲ ਭਰੇ ਸਮੁੰਦਰੀ ਜ਼ਹਾਜ਼ ਨੂੰ ਭੇਜਣ ਦਾ ਫੈਸਲਾ ਲਿਆ। ਟਵੀਟ ਵਿਚ ਕਿਹਾ ਗਿਆ ਹੈ ਕਿ ਸਾਡਾ ਮਕਸਦ ਮਹਾਂਮਾਰੀ ਦੀ ਲੜਾਈ ਲੜਨ ਅਤੇ ਅਮਰੀਕੀ ਨਾਗਰਿਕਾਂ ਦੀਆਂ ਜਾਨਾਂ ਬਚਾਉਣਾ ਹੈ।