ਬ੍ਰਿਸਬੇਨ (ਹਰਜੀਤ ਲਸਾੜਾ) ਸਮੁੱਚਾ ਵਿਸ਼ਵ ਇਸ ਸਮੇਂ ਕਰੋਨਾ ਵਾਇਰਸ ਦੀ ਮੰਦਭਾਗੀ ਗਿ੍ਰਫਤ ਵਿੱਚ ਹੈ ਤੇ ਹਰ ਦੇਸ਼ ਇਸਦੇ ਫੈਲਾਅ ਨੂੰ ਰੋਕਣ ਅਤੇ ਇਲਾਜ਼ ਬਾਬਤ ਜਤਨਸ਼ੀਲ ਹੈ। ਜਿੱਥੇ ਇਸ ਮਹਾਮਾਰੀ ਤੋਂ ਬਚਣ ਲਈ ਸਰਕਾਰਾਂ ਹਰ ਸੰਭਵ ਕੋਸ਼ਿਸ਼ਾਂ ਕਰ ਰਹੀਆਂ ਹਨ ਉੱਥੇ ਵਿਦੇਸ਼ਾਂ ‘ਚ ਸਿੱਖੀ ਸਿਧਾਂਤ ‘ਵੰਡ ਕੇ ਸ਼ਕੋ’ ਤਹਿਤ ਗੁਰੂਘਰਾਂ ਵਲੋਂ ਨਿਵੇਕਲੀ ਪਹਿਲਕਦਮੀ ਤਹਿਤ ਸਮੂਹ ਮਾਈ-ਭਾਈ ਲਈ ਮੁਫ਼ਤ ਭੋਜਨ ਦੀ ਉਪਲਭਦਾ ਅਤੇ ਸਪੁਰਦਗੀ ਕਰਵਾਈ ਜਾ ਰਹੀ ਹੈ।

ਇੱਥੇ ਗੁਰੂਦੁਆਰਾ ਸਾਹਿਬ ਬ੍ਰਿਸਬੇਨ ਦੀ ਪ੍ਰਬੰਧਕੀ ਕਮੇਟੀ ਅਤੇ ਸਮੂਹ ਸੰਗਤ ਦੇ ਸਹਿਯੋਗ ਨਾਲ ਸਵੈ-ਇਕੱਲਤਾ, ਬਜ਼ੁਰਗਾਂ ਅਤੇ ਜੋ ਭੋਜਨ ਬਨਾਉਂਣ ਦੇ ਅਸਮਰਥ ਹਨ ਨੂੰ ਭੋਜਨ ਅਤੇ ਰਸਦ ਮੁਹਈਆ ਕਰਵਾਈ ਜਾ ਰਹੀ ਹੈ। ਰਾਸ਼ਟਰੀ ਅਤੇ ਸਥਾਨਕ ਮੀਡੀਆ ਨੂੰ ਗੁਰੂਘਰ ਕਮੇਟੀ ਨੇ ਆਪਣੇ ਸਾਂਝੇ ਪ੍ਰਗਟਾਵੇ ‘ਚ ਕਿਹਾ ਕਿ ਮਹਾਮਾਰੀ ਦੇ ਚੱਲਦਿਆਂ ਕੰਮ-ਧੰਦੇ ਮੰਦੀ ਦੀ ਮਾਰ ਹੇਠ ਹਨ। ਬਹੁਤੇ ਪਰਿਵਾਰ ਵੱਖ-ਵੱਖ ਦੇਸ਼ਾਂ ‘ਚ ਫ਼ਸ ਕੇ ਰਹਿ ਗਏ ਹਨ। ਸਰਕਾਰਾਂ ਵਲੋਂ ਇਕੱਠਾਂ ‘ਤੇ ਪਬੰਦੀਆਂ ਅਤੇ ਪਰਿਵਾਰ ਦੀ ਆਪਸੀ ਇਕੱਤਰਤਾ ਨਾ ਹੋਣ ਕਰਕੇ ਜੰਨ-ਜੀਵਨ ਬੁਰੀ ਤਰਾਂ ਪ੍ਰਭਾਵਿਤ ਹੋਇਆ ਹੈ। ਜਿਸਦੇ ਚੱਲਦਿਆਂ ਲੋਗਨ ਗੁਰੂਘਰ ਵਲੋਂ ਮੁਫ਼ਤ ਲੰਗਰ ਸੇਵਾ ਅਰੰਭੀ ਹੈ। ਕਮੇਟੀ ਦਾ ਕਹਿਣਾ ਹੈ ਕਿ ਸੰਗਤ ਇਸ ਲੰਗਰ ਦੇ ਪੈਕ ਲੋੜ ਮੁਤਾਬਕ ਸ਼ਾਮੀਂ 6 ਤੋਂ 8 ਗੁਰੂਘਰ ਤੋਂ ਆਪ ਆਕੇ ਲੈ ਸਕਦੀ ਹੈ ਅਤੇ ਜੋ ਮਜ਼ਬੂਰੀ ਕਾਰਣ ਗੁਰੂਘਰ ਨਹੀਂ ਆ ਸਕਦੇ ਉਹਨਾਂ ਨੂੰ ਗੁਰੂਘਰ ਦੇ ਸੇਵਾਦਾਰਾਂ ਵਲੋਂ ਘਰੇ ਪੁੱਜਦਾ ਕੀਤਾ ਜਾਵੇਗਾ। ਭੋਜਨ ਲਈ ਗੁਰੂਘਰ ਨੂੰ 0432710523 ਨੰਬਰ ‘ਤੇ ਸੰਪਰਕ ਕਰ ਸਕਦੇ ਹੋ। ਭੋਜਨ ਪੂਰਨ ਤੌਰ ‘ਤੇ ਸ਼ਾਕਾਹਾਰੀ ਰਹੇਗਾ। ਦੱਸਣਯੋਗ ਹੈ ਕਿ ਕਰੋਨਾਵਾਇਰਸ ਦੇ ਵਧ ਰਹੇ ਫੈਲਾਅ ਨੂੰ ਰੋਕਣ ਲਈ ਸਰਕਾਰਾਂ ਵਲੋਂ ਸੁਝਾਏ ਗਏ ਪ੍ਰਬੰਧਾਂ ਵਿੱਚ ਸਵੈਇੱਛਾ ਨਾਲ ਇਕੱਲਤਾ ਅਪਨਾਉਣੀ ਵੀ ਸ਼ਾਮਿਲ ਹੈ। ਇਸਦੀ ਪਾਲਣਾ ਨਾ ਕਰਨ ਵਾਲਿਆਂ ਨੂੰ ਵੱਡੇ ਜੁਰਮਾਨੇ ਦੇ ਨਾਲ਼-ਨਾਲ਼ ਜੇਲ੍ਹ ਵੀ ਹੋ ਸਕਦੀ ਹੈ।





















