ਅੰਮ੍ਰਿਤਸਰ, (ਮੀਡੀਆ ਬਿਊਰੋ ) ਕ੍ਰਿਸ਼ੀ ਵਿਗਿਆਨ ਕੇਂਦਰ ਵੱਲੋਂ ਪਿੰਡ ਜਹਾਂਗੀਰ ਵਿਚ ਕਿਸਾਨਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਬਾਰੇ ਜਾਣਕਾਰੀ ਦੇਣ ਲਈ ਲਗਾਏ ਗਏ ਕੈਂਪ ਵਿਚ ਵਿਸ਼ੇਸ਼ ਤੌਰ ਉਤੇ ਪੁੱਜੇ ਲੋਕ ਸਭਾ ਮੈਂਬਰ ਸ. ਗੁਰਜੀਤ ਸਿੰਘ ਔਜਲਾ ਨੇ ਪਾਣੀ ਦੀ ਬਚਤ ਲਈ ਵੱਡੇ ਕਿਸਾਨਾਂ ਨੂੰ ਅਜਿਹੇ ਤਜ਼ਰਬੇ ਕਰਨ ਲਈ ਪ੍ਰੇਰਦੇ ਕਿਹਾ ਕਿ ਤੁਹਾਡੇ ਵੱਲੋਂ ਥੋੜੇ-ਥੋੜੇ ਰਕਬੇ ਉਤੇ ਕੀਤਾ ਗਿਆ ਤਜ਼ਰਬਾ ਆਉਣ ਵਾਲੀਆਂ ਪੀੜੀਆਂ ਲਈ ਮਾਰਗ ਦਰਸ਼ਕ ਬਣ ਸਕਦਾ ਹੈ। ਉਨਾਂ ਕਿਹਾ ਕਿ ਡਾ. ਦਲੇਰ ਸਿੰਘ, ਜੋ ਕਿ ਸੇਵਾ ਮੁਕਤ ਖੇਤੀਬਾੜੀ ਅਧਿਕਾਰੀ ਹਨ, ਨੇ ਇਸ ਮੁੱਦੇ ਉਤੇ ਲੰਮਾ ਸਮਾਂ ਕੰਮ ਕੀਤਾ ਹੈ ਅਤੇ ਉਨਾਂ ਦੀ ਖੋਜ ਸਿੱਧ ਕਰਦੀ ਹੈ ਕਿ ਜੇਕਰ ਵੱਟਾਂ ਉਤੇ ਝੋਨੇ ਦੀ ਬਿਜਾਈ ਕੀਤੀ ਜਾਵੇ ਤਾਂ ਝਾੜ ਵੀ ਨਹੀਂ ਘਟਦਾ ਤੇ ਪਾਣੀ ਦੀ ਬਚਤ ਵੀ 41 ਫੀਸਦੀ ਤੱਕ ਹੁੰਦੀ ਹੈ।
ਸ. ਔਜਲਾ ਨੇ ਕਿਹਾ ਕਿ ਕਣਕ-ਝੋਨੇ ਦਾ ਫਸਲੀ ਚੱਕਰ ਕੇਵਲ ਕਿਸਾਨ ਦੀ ਲੋੜ ਨਹੀਂ, ਬਲਕਿ ਸਾਡੇ ਦੇਸ਼ ਦੇ ਅਨਾਜ ਭੰਡਾਰ ਭਰਨ ਲਈ ਵੀ ਜ਼ਰੂਰੀ ਹੈ। ਸ. ਔਜਲਾ ਇਸ ਮਗਰੋਂ ਕ੍ਰਿਸ਼ੀ ਵਿਗਿਆਨ ਕੇਂਦਰ ਵੀ ਗਏ ਅਤੇ ਮਾਹਿਰਾਂ ਨਾਲ ਖੇਤੀ ਖੋਜ ਬਾਰੇ ਵਿਸਥਾਰ ਵਿਚ ਜਾਣਕਾਰੀ ਪ੍ਰਾਪਤ ਕੀਤੀ ਕ੍ਰਿਸ਼ੀ ਵਿਗਿਆਨ ਕੇਂਦਰ ਦੇ ਡਿਪਟੀ ਡਾਇਰੈਕਟਰ ਡਾ. ਭੁਪਿੰਦਰ ਸਿੰਘ ਨੇ ਦੱਸਿਆ ਕਿ ਅੱਜ ਅਸੀਂ ਕਿਸਾਨਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਬਾਰੇ ਜਾਣਕਾਰੀ ਦੇਣ ਲਈ ਅਤੇ ਪ੍ਰੈਕਟੀਕਲ ਸਿੱਖਿਆ ਦੇਣ ਲਈ ਇਹ ਕੈਂਪ ਲਗਾਇਆ ਸੀ, ਜਿਸ ਵਿਚ 150 ਦੇ ਕਰੀਬ ਕਿਸਾਨਾਂ ਨੂੰ ਸਿੱਧੀ ਬਿਜਾਈ ਬਾਰੇ ਜਾਣਕਾਰੀ ਦਿੱਤੀ ਗਈ। ਉਨਾਂ ਕਿਹਾ ਕਿ ਡਾ. ਦਲੇਰ ਸਿੰਘ ਵਿਸ਼ੇਸ਼ ਤੌਰ ਉਤੇ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਲੁਧਿਆਣਾ ਤੋਂ ਆਏ ਅਤੇ ਉਨਾਂ ਸਿੱਧੀ ਬਿਜਾਈ ਬਾਰੇ ਕਿਸਾਨਾਂ ਨੂੰ ਵਿਸਥਾਰ ਵਿਚ ਸਮਝਾਇਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਡਾ. ਗੁਰਦਿਆਲ ਸਿੰਘ ਬੱਲ, ਡਾ. ਅਵਤਾਰ ਸਿੰਘ ਬੁੱਟਰ, ਡਾ. ਸੁਖਰਾਜ ਸਿੰਘ, ਡਾ. ਅਮਰਜੀਤ ਸਿੰਘ, ਡਾ. ਸੁਖਮਿੰਦਰ ਸਿੰਘ, ਡਾ. ਰਮਿੰਦਰ ਕੌਰ, ਸ. ਪ੍ਰਦੀਪ ਸਿੰਘ, ਸਰਪੰਚ ਅਮਰੀਕ ਸਿੰਘ ਜਹਾਂਗੀਰ ਤੇ ਹੋਰ ਪਤਵੰਤੇ ਵੀ ਹਾਜ਼ਰ ਸਨ।