ਹੁਸ਼ਿਆਰਪੁਰ ( ਮੀਡੀਆ ਬਿਊਰੋ ) ਡਿਪਟੀ ਕਮਿਸ਼ਨਰ ਸ਼੍ਰੀਮਤੀ ਅਪਨੀਤ ਰਿਆਤ ਦੇ ਨਿਰਦੇਸ਼ਾਂ ‘ਤੇ ਜਿੱਥੇ ਜੰਮੂ-ਕਸ਼ਮੀਰ ਨਾਲ ਸਬੰਧਿਤ ਵਿਅਕਤੀਆਂ ਦਾ ਰੈਗੂਲਰ ਮੈਡੀਕਲ ਚੈਕਅੱਪ ਕੀਤਾ ਜਾ ਰਿਹਾ ਹੈ, ਉਥੇ ਸੁਚੱਜੇ ਤਰੀਕੇ ਨਾਲ ਦੇਖਭਾਲ ਵੀ ਕੀਤੀ ਜਾ ਰਹੀ ਹੈ, ਤਾਂ ਜੋ ਇਨਾਂ ਵਿਅਕਤੀਆਂ ਨੂੰ ਕਿਸੇ ਵੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ। ਜ਼ਿਕਰਯੋਗ ਹੈ ਕਿ ਪ੍ਰਸਾਸ਼ਨ ਵਲੋਂ ਰਾਧਾ ਸੁਆਮੀ ਸਤਿਸੰਗ ਘਰ ਟਾਂਡਾ ਵਿਖੇ 56 ਅਤੇ ਸਤਿਸੰਗ ਘਰ ਡੇਰਾ ਰਾਧਾ ਸੁਆਮੀ ਬਿਆਸ, ਪਿੰਡ ਪਲਾਕੀ (ਮੁਕੇਰੀਆਂ) ਵਿਖੇ 51 ਵਿਅਕਤੀਆਂ ਨੂੰ ਠਹਿਰਾਇਆ ਗਿਆ ਹੈ, ਜਿਹੜੇ ਕਰਫਿਊ ਦੌਰਾਨ ਫਸ ਗਏ ਸਨ। ਉਕਤ ਰਾਧਾ ਸੁਆਮੀ ਸਤਿਸੰਗ ਘਰ ਦੇ ਸਹਿਯੋਗ ਨਾਲ ਇਨਾਂ ਵਿਅਕਤੀਆਂ ਲਈ ਖਾਣੇ ਤੋਂ ਇਲਾਵਾ ਸੋਸ਼ਲ ਡਿਸਟੈਂਸ ਯਕੀਨੀ ਬਣਾਇਆ ਗਿਆ ਹੈ ਅਤੇ ਲਗਾਤਾਰ ਮੈਡੀਕਲ ਚੈਕਅੱਪ ਵੀ ਕਰਵਾਇਆ ਜਾ ਰਿਹਾ ਹੈ।
ਉਧਰ ਅੱਜ ਐਸ.ਡੀ.ਐਮ. ਹੁਸ਼ਿਆਰਪੁਰ ਸ਼੍ਰੀ ਅਮਿਤ ਮਹਾਜਨ ਨੇ ਵਿਸਾਖੀ ਦਾ ਪਵਿੱਤਰ ਦਿਹਾੜਾ ਘਰਾਂ ਵਿੱਚ ਹੀ ਮਨਾਉਣ ਲਈ ਵੱਖ-ਵੱਖ ਧਾਰਮਿਕ ਸੰਸਥਾਵਾਂ ਨਾਲ ਗੱਲਬਾਤ ਕਰਦਿਆਂ ਪੰਜਾਬ ਸਰਕਾਰ ਦੇ ਫੈਸਲੇ ਤੋਂ ਜਾਣੂ ਕਰਵਾਇਆ। ਡਿਪਟੀ ਕਮਿਸ਼ਨਰ ਸ਼੍ਰੀਮਤੀ ਅਪਨੀਤ ਰਿਆਤ ਨੇ ਅਪੀਲ ਕਰਦਿਆਂ ਕਿਹਾ ਕਿ ਕੋਵਿਡ-19 ਦੇ ਪ੍ਰਭਾਵ ਨੂੰ ਫੈਲਣ ਤੋਂ ਰੋਕਣ ਲਈ ਇਸ ਵਾਰ ਵਿਸਾਖੀ ਦਾ ਦਿਹਾੜਾ ਘਰਾਂ ਵਿੱਚ ਹੀ ਮਨਾਇਆ ਜਾਵੇ।
ਸ਼੍ਰੀਮਤੀ ਅਪਨੀਤ ਰਿਆਤ ਨੇ ਮਾਸਕ ਪਹਿਨਣ ਨੂੰ ਜ਼ਰੂਰੀ ਕਰਾਰ ਦਿੰਦਿਆਂ ਦੱਸਿਆ ਕਿ ਹਰੇਕ ਵਿਅਕਤੀ ਲਈ ਘਰੋਂ ਬਾਹਰ ਨਿਕਲਣ ਸਮੇਂ ਮਾਸਕ ਪਹਿਨਣਾ ਜ਼ਰੂਰੀ ਹੈ। ਉਨਾਂ ਦੱਸਿਆ ਕਿ ਜਨਤਕ ਸਥਾਨ, ਗਲੀਆਂ, ਹਸਪਤਾਲ, ਦਫ਼ਤਰ, ਮਾਰਕਿਟ ਆਦਿ ਵਿੱਚ ਜਾਣ ਸਮੇਂ ਸੂਤੀ ਕੱਪੜੇ ਦਾ ਮਾਸਕ ਜਾਂ ਟ੍ਰਿਪਲ ਲੇਅਰ ਮਾਸਕ ਪਾਉਣਾ ਜ਼ਰੂਰੀ ਹੈ। ਇਸ ਤੋਂ ਇਲਾਵਾ ਕਿਸੇ ਵੀ ਵਾਹਨ ‘ਤੇ ਸਫਰ ਕਰ ਰਿਹਾ ਵਿਅਕਤੀ ਅਤੇ ਦਫਤਰ/ਕੰਮ ਦੇ ਸਥਾਨ/ਕਾਰਖਾਨੇ ਆਦਿ ਵਿੱਚ ਕੰਮ ਕਰਨ ਵਾਲਾ ਹਰ ਵਿਅਕਤੀ ਵੀ ਇਹ ਮਾਸਕ ਜ਼ਰੂਰ ਪਹਿਨੇਗਾ। ਉਨਾਂ ਕਿਹਾ ਕਿ ਘਰ ਵਿੱਚ ਸੂਤੀ ਕੱਪੜੇ ਨਾਲ ਤਿਆਰ ਕੀਤੇ ਮਾਸਕ ਨੂੰ ਸਾਬਣ/ ਡਿਟਰਜੈਂਟ ਨਾਲ ਚੰਗੀ ਤਰਾਂ ਧੋਕੇ ਦੁਬਾਰਾ ਵਰਤੋਂ ਵਿੱਚ ਲਿਆਂਦਾ ਜਾ ਸਕਦਾ ਹੈ। ਉਨਾਂ ਕਿਹਾ ਕਿ ਜੇਕਰ ਮਾਸਕ ਉਪਲਬੱਧ ਨਹੀਂ ਹੈ ਤਾਂ ਰੁਮਾਲ, ਦੁਪੱਟਾ, ਪਰਨਾ ਆਦਿ ਦੀ ਵਰਤੋਂ ਵੀ ਕੀਤੀ ਜਾ ਸਕਦੀ ਹੈ। ਉਨਾਂ ਸਖਤ ਹਦਾਇਤ ਕਰਦਿਆਂ ਕਿਹਾ ਕਿ ਜੇਕਰ ਕੋਈ ਹਦਾਇਤਾਂ ਦੀ ਉਲੰਘਣਾ ਕਰੇਗਾ, ਤਾਂ ਉਸ ਖਿਲਾਫ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ