ਨਵਾਂਸ਼ਹਿਰ/ਬੰਗਾ (ਏ-ਆਰ. ਆਰ. ਐੱਸ. ਸੰਧੂ) ਬੰਗਾ ਸ਼ਹਿਰ ਦੇ ਸੋਤਰਾਂ ਰੋਡ ਸਥਿਤ ਮੁਹੱਲਾ ਐਮ.ਸੀ. ਕਾਲੋਨੀ ਵਿਖੇ ਘਰ ਵਿਚ ਹੀ ਆਪਣੀ ਰਿਵਾਲਵਰ ਸਾਫ ਕਰਦੇ ਸਮੇ ਅਚਾਨਕ ਚੱਲੀ ਗੋਲੀ ਨਾਲ ਦੋ ਮਹੀਨੇ ਪਹਿਲਾ ਹੀ ਏ.ਐਸ.ਆਈ. ਤੋਂ ਸਬ ਇੰਸਪੈਕਟਰ ਬਣੇ ਭੋਲਾ ਅਮੀਰ ਸਿੰਘ ਦੀ ਮੌਤ ਹੋ ਜਾਣ ਦਾ ਸਮਾਚਾਰ ਹੈ। ਸਬ ਇੰਸਪੈਕਟਰ ਦੇ ਬੇਟੇ ਸਾਹਿਲ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਉਸ ਦੇ ਪਿਤਾ ਜੀ ਜੋ ਥਾਣਾ ਮੁਕੰਦਪੁਰ ਵਿਖੇ ਬਤੌਰ ਸਬ-ਇੰਸਪੈਕਟਰ ਪਦ ‘ਤੇ ਤਾਇਨਾਤ ਹਨ, ਅੱਜ ਸਵੇਰੇ ਉਹ ਆਪਣੀ ਰਿਵਾਲਵਰ ਨੂੰ ਸਾਫ ਕਰ ਰਹੇ ਸਨ ਕਿ ਅਚਾਨਕ ਗੋਲੀ ਚੱਲ ਗਈ ।
ਉਹ ਆਪਣੇ ਕਮਰੇ ਵਿਚ ਸੁੱਤਾ ਪਿਆ ਸੀ, ਇਕ ਇਕ ਦਮ ਜ਼ੋਰ ਦੀ ਆਵਾਜ਼ ਆਈ ਤੇ ਉਹ ਛੇਤੀ ਨਾਲ ਆਪਣੇ ਪਿਤਾ ਦੇ ਕਮਰੇ ਵਲ ਗਿਆ ਤੇ ਵੇਖਿਆ ਕਿ ਉਹ ਖੂਨ ਨਾਲ ਲੱਥਪਥ ਕਮਰੇ ਵਿਚ ਪਏ ਸਨ। ਉਹਨਾਂ ਦੱਸਿਆ ਕਿ ਉਸਨੇ ਆਪਣੇ ਪਿਤਾ ਨੂੰ ਤੁਰੰਤ ਸਿਵਲ ਹਸਪਤਾਲ ਬੰਗਾ ਵਿਖੇ ਲਿਆਂਦਾ, ਜਿਥੇ ਡਾਕਟਰ ਨੇ ਉਨ੍ਹਾਂ ਨੂੰ ਮਿਤ੍ਰਕ ਘੋਸ਼ਿਤ ਕਰ ਦਿੱਤਾ। ਅਚਾਨਕ ਚਲੀ ਗੋਲੀ ਨਾਲ ਹੋਈ ਮੌਤ ਦੀ ਸੂਚਨਾ ਮਿਲਦੇ ਹੀ ਜ਼ਿਲ੍ਹਾ ਹੈਡਕੁਆਟਰ ਤੋਂ ਐਸ.ਪੀ. ਵਜ਼ੀਰ ਸਿੰਘ , ਡੀ.ਐਸ.ਪੀ. ਬੰਗਾ ਨਵਨੀਤ ਸਿੰਘ, ਐਸ.ਐਚ.ਉ. ਸਿਟੀ ਹਰਪ੍ਰੀਤ ਸਿੰਘ ਦੇਹਲ, ਐਸ.ਐਚ.ਉ. ਸਦਰ ਰਾਜੀਵ ਕੁਮਾਰ ਅਤੇ ਹੋਰ ਪ੍ਰਸ਼ਾਸ਼ਨਿਕ ਅਧਿਕਾਰੀ ਮੌਕੇ ਤੇ ਪੁੱਜੇ । ਜਿਨ੍ਹਾਂ ਨੇ ਮਿਤ੍ਰਕ ਐਸ.ਆਈ. ਭੋਲਾ ਅਮੀਰ ਸਿੰਘ ਦੀ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿਤੀ। ਥਾਣਾ ਸਿਟੀ ਬੰਗਾ ਦੇ ਐਸ.ਐਚ.ਉ. ਹਰਪ੍ਰੀਤ ਸਿੰਘ ਦੇਹਲ ਨੇ ਦੱਸਿਆ ਕਿ ਮ੍ਰਿਤਕ ਐਸ.ਆਈ. ਦੇ ਪਰਿਵਾਰਕ ਮੈਂਬਰਾ ਦੇ ਬਿਆਨਾਂ ਤੇ 174 ਦੀ ਕਾਰਵਾਈ ਕਰ ਪੋਸਟਮਾਰਟਮ ਉਪਰੰਤ ਲਾਸ਼ ਵਾਰਿਸਾਂ ਨੂੰ ਸੌਂਪ ਅਗਲੀ ਕਾਰਵਾਈ ਸ਼ੁਰੂ ਕਰ ਦਿਤੀ। ਅੱਜ ਸ਼ਾਮ ਨੂੰ ਐਸ.ਆਈ. ਭੋਲਾ ਅਮੀਰ ਸਿੰਘ ਦਾ ਸਥਾਨਕ ਮਸੰਦਾਂ ਪੱਟੀ ਦੇ ਸ਼ਮਸ਼ਾਨ ਘਾਟ ਚ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਜਿੱਥੇ ਪੰਜਾਬ ਪੁਲਿਸ ਦੇ ਜਵਾਨਾਂ ਦੀ ਇੱਕ ਟੁਕੜੀ ਨੇ ਆਪਣੇ ਵਿਛੜੇ ਪੁਲੀਸ ਮੁਲਾਜ਼ਮ ਨੂੰ ਸਲਾਮੀ ਦਿੱਤੀ। ਇਸ ਮੌਕੇ ਤੇ ਪਰਿਵਾਰਿਕ ਮੈਂਬਰਾਂ ਨਾਲ ਦੁਖ ਸਾਂਝਾਂ ਕਰਨ ਲਈ ਪੁਲਿਸ ਅਧਿਕਾਰੀਆਂ ਤੋਂ ਇਲਾਵਾ ਧਾਰਮਿਕ, ਸਮਾਜਿਕ ਅਤੇ ਰਾਜਨੀਤਕ ਆਗੂ ਵੀ ਹਾਜ਼ਰ ਸਨ।