


ਪ੍ਰਦਰਸ਼ਨਕਾਰੀਆਂ ਤੇ ਪੁਲਿਸ ਵਿਚਾਲੇ ਝੜਪਾਂ ਤੇ ਲੁੱਟਮਾਰ ਦਾ ਸਿਲਸਲਾ ਜਾਰੀ, ਹਜਾਰਾਂ ਗ੍ਰਿਫਤਾਰੀਆਂ
ਵਾਸ਼ਿੰਗਟਨ (ਹੁਸਨ ਲੜੋਆ ਬੰਗਾ)— ਰਾਸ਼ਟਰਪਤੀ ਡੋਨਾਲਡ ਟਰੰਪ ਨੇ ਐਲਾਨ ਕੀਤਾ ਹੈ ਕਿ ਉਹ ਹਿੰਸਾ, ਲੁੱਟਮਾਰ, ਅਗਜ਼ਨੀ ਤੇ ਗੁੰਡਾਗਰਦੀ ਉਪਰ ਕਾਬੂ ਪਾਉਣ ਲਈ ਵਾਸ਼ਿੰਗਟਨ ਵਿਚ ਫੌਜ ਦੇ ਹਜਾਰਾਂ ਜਵਾਨਾਂ ਨੂੰ ਭੇਜ ਰਹੇ ਹਨ ਤੇ ਜੇਕਰ ਬਾਕੀ ਰਾਜ ਪ੍ਰਦਰਸ਼ਨਕਾਰੀਆਂ ‘ਤੇ ਨਿਯੰਤਰਣ ਨਹੀਂ ਕਰ ਸਕਦੇ ਤਾਂ ਰਾਜਾਂ ਵਿਚ ਵੀ ਉਹ ਫੌਜ ਤਾਇਨਾਤ ਕਰ ਦੇਣਗੇ। ਰੋਜ ਗਾਰਡਨ ਵਿਖੇ ਸੰਬੋਧਨ ਕਰਦਿਆਂ ਟਰੰਪ ਨੇ ਰਾਜਾਂ ਦੇ ਗਵਰਨਰਾਂ ਨੂੰ ਕਿਹਾ ਕਿ ਉਹ ਹਿੰਸਾ ਉਪਰ ਕਾਬੂ ਪਾਉਣ ਲਈ ਕੌਮੀ ਗਾਰਡਾਂ ਦੀ ਵਧ ਤੋਂ ਵਧ ਵਰਤੋਂ ਕਰਨ। ਨਾਲ ਹੀ ਉਨਾਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਉਹ ਅਜਿਹਾ ਨਹੀਂ ਕਰ ਸਕਦੇ ਤਾਂ ਉਹ ਫੌਜ ਭੇਜਕੇ ਸਮੱਸਿਆ ਤੁਰੰਤ ਹੱਲ ਕਰ ਦੇਣਗੇ। ਰਾਸ਼ਟਰਪਤੀ ਨੇ ਕਿਹਾ ਕਿ ਇਹ ਸ਼ਾਤਮਈ ਪ੍ਰਦਰਸ਼ਨ ਨਹੀਂ ਹਨ ਬਲਕਿ ਇਹ ਘਰੇਲੂ ਅਤੰਕ ਹੈ।
ਰਾਤ ਭਰ ਝੜਪਾਂ–
ਪੁਲਿਸ ਹਿਰਾਸਤ ਵਿਚ ਜਾਰਜ ਫਲਾਇਡ ਨਾਮੀ ਕਾਲੇ ਵਿਅਕਤੀ ਦੀ ਹੋਈ ਮੌਤ ਤੋਂ ਬਾਅਦ ਅਮਰੀਕਾ ਦੇ ਕਈ ਸ਼ਹਿਰਾਂ ਵਿਚ 7 ਵੇਂ ਦਿਨ ਵੀ ਹਿੰਸਕ ਪ੍ਰਦਰਸ਼ਨ ਜਾਰੀ ਰਹੇ। ਪ੍ਰਦਰਸ਼ਨਕਾਰੀਆਂ ਨੇ ਲੁੱਟਮਾਰ ਤੇ ਭੰਨਤੋੜ ਕੀਤੀ। ਮਿਨੀਏਪੋਲਿਸ ਤੇ ਹੋਰ ਅਮਰੀਕੀ ਸ਼ਹਿਰਾਂ ਵਿਚ ਪ੍ਰਦਰਸ਼ਕਾਰੀਆਂ ਤੇ ਪੁਲਿਸ ਵਿਚਾਲੇ ਰਾਤ ਭਰ ਝੜਪਾਂ ਹੋਈਆਂ। ਦੇਸ਼ ਭਰ ਵਿਚ 5000 ਦੇ ਕਰੀਬ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਲਾਸ ਏਂਜਲਸ ਵਿਚ ਪ੍ਰਦਰਸ਼ਨਕਾਰੀ ਸੜਕਾਂ ਉਪਰ ਲੇਟ ਗਏ ਜਿਨਾਂ ਨੂੰ ਪੁਲਿਸ ਗ੍ਰਿਫ਼ਤਾਰ ਕਰਕੇ ਲੈ ਗਈ। ਵਾਸ਼ਿੰਗਟਨ, ਡੀ.ਸੀ ਵਿਚ ਲੋਕਾਂ ਨੇ ਕਰਫ਼ਿਊ ਦੀ ਉਲੰਘਣਾ ਕਰਕੇ ਪ੍ਰਦਰਸ਼ਨ ਕੀਤਾ। ਵਾਈਟ ਹਾਊਸ ਦੇ ਬਿਲਕੁਲ ਨਾਲ ਲੱਗਦੇ ਇਕ ਪਾਰਕ ਵਿਚ ਪ੍ਰਦਰਸ਼ਨਕਾਰੀਆਂ ਨੂੰ ਦਾਖਲ ਹੋਣ ਤੋਂ ਰੋਕਣ ਲਈ ਪੁਲਿਸ ਨੇ ਅਥਰੂਗੈਸ ਦੇ ਗੋਲੇ ਸੁੱਟੇ ਤੇ ਰੱਬੜ ਦੀਆਂ ਗੋਲੀਆਂ ਚਲਾਈਆਂ। ਨਿਊਯਾਰਕ ਵਿਚ ਹਜਾਰਾਂ ਲੋਕਾਂ ਨੇ ਪ੍ਰਦਰਸ਼ਨ ਕੀਤਾ। ਪਹਿਲੇ ਦਿਨ ਦੀ ਤੁਲਨਾ ਵਿਚ ਸ਼ਹਿਰ ‘ਚ ਦੁੱਗਣੇ ਸੁਰੱਖਿਆ ਜਵਾਨ ਤਾਇਨਾਤ ਕੀਤੇ ਗਏ ਹਨ ਪਰ ਪ੍ਰਦਰਸ਼ਨਕਾਰੀ ਬੇਖੌਫ਼ ਹਨ। ਅਧਿਕਾਰੀਆਂ ਨੇ ਵਾਰ ਵਾਰ ਸਪੱਸ਼ਟ ਕੀਤਾ ਹੈ ਕਿ ਜੋ ਵੀ ਕੋਈ ਬਿਨਾਂ ਕਾਰਨ ਘਰ ਤੋਂ ਬਾਹਰ ਨਿਕਲੇਗਾ, ਉਸ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ ਤੇ ਉਸ ਵਿਰੁੱਧ ਕੇਸ ਦਰਜ ਕੀਤਾ ਜਾਵੇਗਾ ਪਰ ਲੋਕਾਂ ਉਪਰ ਇਸ ਚਿਤਾਵਨੀ ਦਾ ਕੋਈ ਅਸਰ ਨਹੀਂ ਹੋ ਰਿਹਾ। ਲੋਕਾਂ ਦਾ ਕਹਿਣਾ ਹੈ ਕਿ ਉਹ ਜੇਲ ਜਾਣ ਲਈ ਤਿਆਰ ਹਨ, ਉਨਾਂ ਨੂੰ ਜਿਥੇ ਮਰਜੀ ਲੈ ਜਾਵੋ ਪਰ ਉਹ ਆਪਣੀਆਂ ਹੱਕੀ ਮੰਗਾਂ ਮੰਨੇ ਜਾਣ ਤੱਕ ਪ੍ਰਦਰਸ਼ਨ ਕਰਦੇ ਰਹਿਣਗੇ। ਡਾਊਨ ਟਾਊਨ ਮੈਨਹਟਨ ਵਿਚ ਦੁਕਾਨਾਂ ਦੀ ਲੁੱਟਮਾਰ ਕੀਤੀ ਗਈ। ਲੁਟੇਰੇ ਦੁਕਾਨਾਂ ਤੇ ਸਟੋਰਾਂ ਦੇ ਸ਼ੀਸ਼ੇ ਤੋੜਕੇ ਅੰਦਰ ਜਾ ਵੜੇ ਤੇ ਉਥੋਂ ਸਮਾਨ ਲੁੱਟਕੇ ਲੈ ਗਏ। ਕਈ ਥਾਵਾਂ ‘ਤੇ ਦੁਕਾਨਾਂ ਦੇ ਮਾਲਕਾਂ ਨੇ ਆਪਣੀਆਂ ਦੁਕਾਨਾਂ ਲੁੱਟੇ ਜਾਣ ਤੋਂ ਬਚਾਉਣ ਦਾ ਯਤਨ ਵੀ ਕੀਤਾ ਪਰ ਉਹ ਨਾਕਾਮ ਰਹੇ। ਡਾਊਨ ਟਾਊਨ ਐਟਲਾਂਟਾ, ਜਾਰਜੀਆ ਵਿਚ ਪੁਲਿਸ ਨੇ ਸੈਂਕੜੇ ਲੋਕਾਂ ਨੂੰ ਹਿਰਾਸਤ ਵਿਚ ਲਿਆ ਹੈ।
ਦੂਸਰੇ ਪਾਸੇ ਵਾਸ਼ਿੰਗਟਨ , ਡੀ. ਸੀ ਦੇ ਮੇਅਰ ਮੋਰੀਲ ਬੋਅਸਰ ਨੇ ਵਾਈਟ ਹਾਊਸ ਦੇ ਬਾਹਰ ਸ਼ਾਂਤਮਈ ਪ੍ਰਦਰਸ਼ਨਕਾਰੀਆਂ ‘ਤੇ ਪੁਲਿਸ ਵੱਲੋਂ ਕੀਤੀ ਕਾਰਵਾਈ ਦੀ ਨਿੰਦਾ ਕਰਦਿਆਂ ਇਸ ਨੂੰ ਸ਼ਰਮਨਾਕ ਕਰਾਰ ਦਿੱਤਾ ਹੈ। ਉਨਾਂ ਕਿਹਾ ਹੈ ਕਿ ਸੰਘੀ ਪੁਲਿਸ ਨੇ ਬਿਨਾਂ ਕਿਸੇ ਭੜਕਾਹਟ ਦੇ ਤਾਕਤ ਦੀ ਵਰਤੋਂ ਕੀਤੀ।





















