
ਪਟਿਆਲਾ ( ਅਰਵਿੰਦਰ ਸਿੰਘ ) ਪੰਜਾਬ ਗਊ ਸੇਵਾ ਕਮਿਸ਼ਨ ਦੇ ਚੇਅਰਮੈਨ ਸ੍ਰੀ ਸਚਿਨ ਸ਼ਰਮਾ ਨੇ ਕਿਹਾ ਕਿ ਪੰਜਾਬ ਰਾਜ ਇੱਕ ਖੇਤੀ ਪ੍ਰਧਾਨ ਸੂਬਾ ਹੈ ਅਤੇ ਗੁਰੂਆਂ, ਪੈਗੰਬਰਾਂ ਦੀ ਧਰਤੀ ਹੈ। ਰਾਜ ਵਿੱਚ ਜਦੋਂ ਵੀ ਕੋਈ ਕਿਸੇ ਕਿਸਮ ਦਾ ਸੰਕਟ ਆਉਂਦਾ ਹੈ ਤਾਂ ਸਭ ਧਰਮਾਂ ਦੇ ਲੋਕ ਮਿਲਜੁਲ ਕੇ ਇੱਕਠੇ ਹੋ ਕੇ ਸਾਰੀ ਮਾਨਵਤਾ ਦੀ ਮੱਦਦ ਲਈ ਅੱਗੇ ਆਉਂਦੇ ਹਨ। ਉਹਨਾਂ ਕਿਹਾ ਜਿਵੇਂ ਕਿ ਪਿਛਲੇ ਲੱਗਭੱਗ 18 ਦਿਨਾਂ ਤੋਂ ਕਰੋਨਾ ਜਿਹੀ ਮਹਾਮਾਰੀ ਨੇ ਭਾਰਤ ਦੇ ਲੱਗਭੱਗ ਸਾਰੇ ਪ੍ਰਾਂਤਾ, ਸੂਬਿਆਂ ਨੂੰ ਆਪਣੀ ਲਪੇਟ ਵਿੱਚ ਲਿਆ ਹੋਇਆ ਹੈ। ਇਸਦੇ ਚੱਲਦੇ ਸੂਬੇ ਅਤੇ ਕੇਂਦਰ ਸਰਕਾਰ ਵੱਲੋਂ ਮੁਕੰਮਲ ਲਾਕਡਾਊਨ, ਕਰਫਿਊ ਲਗਾ ਕੇ ਲੋਕਾਂ ਨੂੰ ਇਸ ਬਿਮਾਰੀ ਤੋਂ ਬਚਾਉਣ ਲਈ ਘਰਾਂ ਦੇ ਅੰਦਰ ਰਹਿਣ ਸਬੰਧੀ ਅਪੀਲ ਸੂਬਾ ਅਤੇ ਕੇਂਦਰ ਸਰਕਾਰ ਵੱਲੋਂ ਕੀਤੀਆਂ ਗਈਆਂ ਹਨ।

ਗਊ ਸੇਵਾ ਕਮਿਸ਼ਨ ਦੇ ਚੇਅਰਮੈਨ ਨੇ ਪੰਜਾਬ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਸਰਕਾਰੀ ਕੈਟਲ ਪੌਡਜ਼ ਅਤੇ ਐਨ.ਜੀ.ਓ. ਦੀ ਸਹਾਇਤਾ ਨਾਲ ਚਲਾਈਆਂ ਜਾ ਰਹੀਆਂ ਗਊਸ਼ਾਲਾਵਾਂ ਨੂੰ ਹਰੇ ਚਾਰੇ ਦੀ ਨਿਰਵਿਘਨ ਸਪਲਾਈ ਲਈ ਸਮਾਜ ਸੇਵੀ ਸੰਸਥਾਵਾਂ ਨੂੰ ਅੱਗੇ ਆਉਣ ਦੀ ਅਪੀਲ ਕੀਤੀ ਹੈ। ਉਹਨਾਂ ਕਿਹਾ ਕਿ ਰਾਜ ਸਰਕਾਰ ਦੀ ਸਹਾਇਤਾ ਲਈ ਸਮਾਜ ਸੇਵੀ ਸੰਸਥਾਵਾਂ ਨੂੰ ਜੋ ਕਿ ਸਾਰੇ ਧਰਮਾ ਨਾਲ ਜੁੜੀਆਂ ਹਨ, ਅੱਗੇ ਆਉਣ ਅਤੇ ਇਹ ਬੇਸਹਾਰਾ ਗਊਧਨ ਦੀ ਸੇਵਾ ਲਈ ਹਰਾ ਚਾਰਾ, ਤੂੜੀ, ਦਵਾਈਆਂ ਆਦਿ ਵਿੱਚ ਆਪਣਾ ਯੋਗਦਾਨ ਵੱਧ ਤੋਂ ਵੱਧ ਪਾਉਣ। ਸ੍ਰੀ ਸਚਿਨ ਸ਼ਰਮਾਂ ਨੇ ਕਿਹਾ ਕਿ ਇਸ ਸੰਕਟ ਦੀ ਘੜੀ ਵਿੱਚ ਸਾਨੂੰ ਸਾਰਿਆਂ ਨੂੰ ਸਰਕਾਰ ਵੱਲੋਂ ਜਾਰੀ ਹਦਾਇਤਾਂ ਦਾ ਵੀ ਧਿਆਨ ਰੱਖਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਪ੍ਰਸ਼ਾਸ਼ਨ ਵੱਲੋਂ ਐਨ.ਜੀ.ਓ. , ਗਊਸ਼ਾਲਾਵਾਂ, ਪਸ਼ੂਸਾਲਾਵਾਂ ਵਿਭਾਗ ਦੇ ਅਧਿਕਾਰੀਆਂ, ਕਰਮਚਾਰੀਆਂ ਨੂੰ ਕਰਫਿਊ ਪਾਸ ਆਦਿ ਵਗੈਰਾ ਮੁਹੱਈਆ ਕਰਵਾਏ ਗਏ ਹਨ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਦੇ ਸਾਰੇ ਵਿਭਾਗ ਬੜੀ ਮੁਸਤੈਦੀ ਨਾਲ ਕੰਮ ਕਰ ਰਹੇ ਹਨ ਅਤੇ ਉਹਨਾਂ ਇਸ ਔਖੀ ਘੜੀ ਵਿੱਚ ਕੰਮ ਕਰਨ ਵਾਲੇ ਅਧਿਕਾਰੀਆਂ, ਕਰਮਚਾਰੀਆਂ ਦੀ ਵੀ ਸ਼ਲਾਘਾ ਕੀਤੀ ਗਈ।




















