
ਫ਼ਤਹਿਗੜ੍ਹ ਸਾਹਿਬ ( ਮੀਡੀਆ ਬਿਊਰੋ ) ਮੁੱਖ ਖੇਤੀਬਾੜੀ ਅਫਸਰ ਡਾ. ਇੰਦਰਪਾਲ ਸਿੰਘ ਸੰਧੂ ਨੇ ਦੱਸਿਆ ਕਿ ਕਿਸਾਨ ਵਧੇਰੇ ਮੁਨਾਫਾ ਲੈਣ ਲਈ ਝੋਨੇ ਦੀ ਫਸਲ ਹੇਠੋਂ ਰਕਬਾ ਘਟਾ ਕੇ ਪਕਾਵੀਂ ਮੱਕੀ ਦੀ ਫਸਲ ਦੀ ਬਿਜਾਈ ਕਰ ਸਕਦੇ ਹਨ ਅਤੇ ਜੇਕਰ ਕਿਸਾਨ ਚਾਰੇ ਵਾਲੀ ਮੱਕੀ ਦੀ ਫਸਲ ਦੀ ਬਿਜਾਈ ਕਰਨੀ ਚਾਹੁੰਦੇ ਹਨ ਤਾਂ ਝੋਨੇ ਦੀ ਫਸਲ ਦੇ ਸਮੇਂ ਵਿੱਚ ਹੀ ਚਾਰੇ ਵਾਲੀ ਮੱਕੀ ਬੀਜੀ ਜਾ ਸਕਦੀ ਹੈ। ਡਾ. ਸੰਧੂ ਨੇ ਦੱਸਿਆ ਕਿ ਕਿਸਾਨ ਆਪਣੀ ਮੱਕੀ ਚਾਰੇ ਦੀ ਫਸਲ ਸਾਈਲੇਜ ਪਲਾਂਟਾਂ ਵਿੱਚ ਵੇਚ ਕੇ ਵੱਧ ਆਮਦਨ ਲੈ ਸਕਦੇ ਹਨ।

ਡਾ. ਸੰਧੂ ਨੇ ਦੱਸਿਆ ਕਿ ਝੋਨੇ ਦੀ ਥਾਂ ਮੱਕੀ ਬੀਜਣ ਨਾਲ ਜ਼ਮੀਨ ਦੀ ਉਪਜਾਊ ਸ਼ਕਤੀ ਤਾਂ ਵਧੇਗੀ ਹੀ ਇਸ ਦੇ ਨਾਲ ਪਾਣੀ ਦੀ ਵੀ ਬੱਚਤ ਹੋਵੇਗੀ। ਮੱਕੀ ਚਾਰੇ ਤੋਂ ਸਾਈਲੇਜ ਤਿਆਰ ਕਰਨ ਨਾਲ ਪਸ਼ੂਆਂ ਨੂੰ ਸੰਤੁਲਿਤ ਖੁਰਾਕ ਮਿਲੇਗੀ, ਜਿਸ ਨਾਲ ਦੁੱਧ ਦੀ ਪੈਦਾਵਾਰ ਵਧੇਗੀ ਤੇ ਪਸ਼ੂ ਵੀ ਤੰਦਰੁਸਤ ਰਹਿਣਗੇ। ਉਨ੍ਹਾਂ ਦੱਸਿਆ ਕਿ ਚਾਰੇ ਵਾਲੀ ਮੱਕੀ ਦੀ ਪਹਿਲੀ ਫਸਲ ਇੱਕ ਜੂਨ ਅਤੇ ਦੂਜੀ ਫਸਲ ਦੀ ਬਿਜਾਈ ਅਗਸਤ ਦੇ ਦੂਜੇ ਪੰਦਰਵਾੜੇ ਤੋਂ ਕੀਤੀ ਜਾ ਸਕਦੀ ਹੈ। ਇਸ ਤਰ੍ਹਾਂ ਕਿਸਾਨ ਝੋਨੇ ਦੀ ਫਸਲ ਦੇ ਸਮੇਂ ਵਿੱਚ ਹੀ ਚਾਰੇ ਵਾਲੀ ਮੱਕੀ ਦੀਆਂ ਦੋ ਫਸਲਾਂ ਬੀਜ ਸਕਦੇ ਹਨ।
ਡਾ. ਸੰਧੂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਝੋਨੇ ਤੇ ਕਣਕ ਦੇ ਰਵਾਇਤੀ ਚੱਕਰ ਨੂੰ ਛੱਡ ਕੇ ਫਸਲੀ ਵਿਭਿੰਨਤਾ ਅਪਣਾਉਣ ਅਤੇ ਝੋਨੇ ਦੀ ਜਗ੍ਹਾ ਪਕਾਵੀਂ ਮੱਕੀ ਜਾਂ ਚਾਰੇ ਵਾਲੀ ਮੱਕੀ ਦੀ ਫਸਲ ਦੀ ਬਿਜਾਈ ਕਰਕੇ ਆਪਣੇ ਆਮਦਨ ਵਧਾਉਣ ਅਤੇ ਵਾਤਾਵਰਣ ਨੂੰ ਪ੍ਰਦੂਸ਼ਣ ਰਹਿਤ ਕਰਨ ਵਿੱਚ ਆਪਣਾ ਯੋਗਦਾਨ ਪਾਉਣ।




















