ਸੰਗਰੂਰ (ਅਜੈਬ ਸਿੰਘ ਮੋਰਾਂਵਾਲੀ ) “ਸਮੁੱਚੀ ਦੁਨੀਆਂ ਵਿਚ ਵੱਸਣ ਵਾਲੀ ਮੁਸਲਿਮ ਕੌਮ ਦੇ ਅਤਿ ਪਵਿੱਤਰ ਅਤੇ ਮਨੁੱਖਤਾ ਪੱਖੀ ਰਮਜਾਨ ਦੇ ਦਿਨ ਸੁਰੂ ਹੋ ਚੁੱਕੇ ਹਨ ਅਤੇ ਸਮੁੱਚੀ ਮੁਸਲਿਮ ਕੌਮ ਆਪਣੇ ਰੀਤੀ-ਰਿਵਾਜਾਂ ਅਨੁਸਾਰ ਜੋ ਪਹਿਲੋਂ ਹੀ ਦਿਨ ਵਿਚ 5 ਵਾਰੀ ਆਪਣੀ ਨਮਾਜ ਪਡ਼੍ਹਨ ਅਤੇ ਉਸ ਖੁਦਾ ਨੂੰ ਯਾਦ ਕਰਨ ਦੇ ਫਰਜ ਅਦਾ ਕਰਦੀ ਹੈ, ਉਸਦੇ ਨਾਲ ਹੀ ਰਮਜਾਨ ਦੇ ਦਿਨਾਂ ਵਿਚ ਜਿਵੇਂ ਸਿੱਖ ਕੌਮ ਨੂੰ ਗੁਰੂ ਸਾਹਿਬਾਨ ਨੇ ਆਪਣੀ ਨੇਕ ਕਮਾਈ ਵਿਚੋਂ ਦਸਵੰਧ ਕੱਢਣ ਦਾ ਹੁਕਮ ਕਰਕੇ ਮਨੁੱਖਤਾ ਦੀ ਬਿਹਤਰੀ ਵਿਚ ਲਗਾਉਣ ਦੇ ਆਦੇਸ਼ ਦਿੱਤੇ ਹੋਏ ਹਨ, ਉਸੇ ਤਰ੍ਹਾਂ ਇਨ੍ਹਾਂ ਦੇ ਅੱਲ੍ਹਾ-ਖੁੱਦਾ ਵੱਲੋਂ ਲੋਕਾਈ ਦੀ ਬਿਹਤਰੀ ਲਈ ਸਭ ਤੋਂ ਵੱਡੇ ਫਰਿਸਤੇ ਦੇ ਹੁਕਮਾਂ ਤੇ ਉਸਨੂੰ ਯਾਦ ਕਰਦੇ ਹੋਏ ਮੁਸਲਿਮ ਕੌਮ 30 ਦਿਨਾਂ ਦੇ ਰੋਜੇ ਰੱਖਦੀ ਹੈ ਅਤੇ ਰੋਜ਼ਾਨਾ ਹੀ ਆਪਣੀ ਆਮਦਨ ਦਾ ਢਾਈ ਪ੍ਰਤੀਸ਼ਤ ਕੱਢਕੇ ਉਸਨੂੰ ਗਰੀਬਾਂ, ਮਜ਼ਲੂਮਾਂ, ਵਿਧਵਾਵਾਂ ਜਾਂ ਗਰੀਬ ਬੱਚਿਆਂ ਦੇ ਵਿਆਹ ਅਤੇ ਹੋਰ ਮਨੁੱਖਤਾ ਪੱਖੀ ਕੰਮਾਂ ਵਿਚ ਵੰਡਕੇ ਉਸ ਅੱਲ੍ਹਾਂ-ਖੁੱਦਾ ਦੀਆਂ ਖੁਸ਼ੀਆਂ ਪ੍ਰਾਪਤ ਕਰਦੀ ਹੈ ।
ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਸਿੱਖ ਕੌਮ ਮੁਸਲਿਮ ਕੌਮ ਦੀ ਇਸ ਮਨੁੱਖਤਾ ਪੱਖੀ ਰਵਾਇਤ ਨੂੰ ਸਲਾਮ ਕਰਦੀ ਹੋਈ ਉਨ੍ਹਾਂ ਦੀ ਇਸ ਖੁਸ਼ੀ ਵਿਚ ਅਤੇ ਨੇਕ ਉਦਮਾਂ ਵਿਚ ਸਾਂਝ ਪਾਉਦੀ ਹੋਈ ਜਿਥੇ ਰਮਜਾਨ ਦੇ ਦਿਨ ਸੁਰੂ ਹੋਣ ਤੇ ਮੁਬਾਰਕਬਾਦ ਦਿੰਦੀ ਹੈ, ਉਥੇ 30 ਦਿਨਾਂ ਬਾਅਦ ਰੋਜਿਆ ਦਾ ਸਮਾਂ ਖ਼ਤਮ ਹੋਣ ਉਪਰੰਤ ਜੋ ਸਮੁੱਚੇ ਸੰਸਾਰ ਅਤੇ ਇਸਲਾਮਿਕ ਮੁਲਕਾਂ ਤੇ ਮੁਸਲਿਮ ਕੌਮ ਵੱਲੋਂ ਈਂਦ ਦਾ ਤਿਉਹਾਰ ਮਨਾਇਆ ਜਾਵੇਗਾ, ਉਸ ਵੱਡੀ ਖੁਸ਼ੀ ਵਿਚ ਵੀ ਅਸੀਂ ਆਪਣੇ ਇਨਸਾਨੀ ਅਤੇ ਮੁਸਲਿਮ ਕੌਮ ਨਾਲ ਪੁਰਾਤਨ ਉਸ ਸਾਂਝ ਜਦੋਂ ਗੁਰੂ ਸਾਹਿਬਾਨ ਨੇ ਸਾਈ ਮੀਆਮੀਰ ਤੋਂ ਸ੍ਰੀ ਦਰਬਾਰ ਸਾਹਿਬ ਨੀਂਹ ਰਖਵਾਉਣ, ਫਿਰ ਗਨੀ ਖਾਂ ਅਤੇ ਨਬੀ ਖਾਂ ਵੱਲੋਂ ਇਸ ਸਾਂਝ ਨੂੰ ਹੋਰ ਪੱਕਿਆ ਕਰਦੇ ਨਿਭਾਈ ਗਈ ਭੂਮਿਕਾ, ਪੀਰ ਬੁੱਧੂ ਸ਼ਾਹ ਵੱਲੋਂ ਦਸਮ ਗੁਰੂ ਸਾਹਿਬਾਨ ਨਾਲ ਆਪਣੇ ਪੁੱਤਰਾਂ ਦੀ ਸ਼ਹਾਦਤ ਦੇਣ ਅਤੇ ਉਨ੍ਹਾਂ ਜੰਗਾਂ ਵਿਚ ਸਹਿਯੋਗ ਦੇਣ ਦੇ ਮਹੱਤਵਪੂਰਨ ਵਰਤਾਰੇ ਨੂੰ ਅਤੇ ਨਵਾਬ ਮਲੇਰਕੋਟਲਾ ਵੱਲੋਂ ਸਾਹਿਬਜ਼ਾਦਿਆ ਦੀ ਸ਼ਹਾਦਤ ਸਮੇਂ ਮਾਰੇ ਗਏ ਮਨੁੱਖਤਾ ਪੱਖੀ ਹਾਂ ਦੇ ਨਾਅਰੇ ਨੂੰ ਮੁੱਖ ਰੱਖਦੇ ਹੋਏ ਅਤੇ ਸਾਡੇ ਲਾਹੌਰ ਖ਼ਾਲਸਾ ਦਰਬਾਰ ਦੇ ਵਿਦੇਸ਼ ਵਜ਼ੀਰ ਫਕੀਰ ਅਜਜੂਦੀਨ ਵੱਲੋਂ ਨਿਭਾਈਆਂ ਗਈਆ ਸੇਵਾਵਾਂ ਅਤੇ ਸਾਂਝ ਨੂੰ ਮੁੱਖ ਰੱਖਦੇ ਹੋਏ, ਈਂਦ ਦੇ ਮਹਾਨ ਦਿਹਾਡ਼ੇ ਤੇ ਇਸ ਸਾਂਝ ਨੂੰ ਪਹਿਲੇ ਨਾਲੋ ਵੀ ਵਧੇਰੇ ਪੀਡ਼ਾ ਕਰਦੇ ਹੋਏ ਮੁਬਾਰਕਬਾਦ ਦਿੱਤੀ ਜਾਵੇਗੀ ਅਤੇ ਇਸ ਵੱਡੀ ਖੁਸ਼ੀ ਵਿਚ ਸਮੂਲੀਅਤ ਕੀਤੀ ਜਾਵੇਗੀ । ਪਰ ਦੁੱਖ ਅਤੇ ਅਫ਼ਸੋਸ ਹੈ ਕਿ ਮੌਜੂਦਾ ਇੰਡੀਆ ਦੇ ਫਿਰਕੂ ਹੁਕਮਰਾਨ ਦਿੱਲੀ ਨਿਜਾਮੂਦੀਨ ਦੇ ਮਰਕਜ ਜਮਾਤੀਆਂ ਦੇ ਧਾਰਮਿਕ ਪ੍ਰੋਗਰਾਮ ਨੂੰ ਆਧਾਰ ਬਣਾਕੇ ਸਮੁੱਚੀ ਮੁਸਲਿਮ ਕੌਮ ਨੂੰ ਇੰਡੀਆਂ ਅਤੇ ਬਾਹਰਲੇ ਮੁਲਕਾਂ ਵਿਚ ਜੋ ਬਦਨਾਮ ਕਰਨ ਦੇ ਦੁੱਖਦਾਇਕ ਅਮਲ ਕਰ ਰਹੀ ਹੈ ਅਤੇ ਮਕਰਜ ਦੇ ਜਮਾਤੀਆਂ ਉਤੇ ਕੇਸ ਬਣਾਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਕੇ ਜ਼ਬਰ-ਜੁਲਮ ਢਾਹੁਣ ਦੇ ਅਮਲ ਕਰ ਰਹੀ ਹੈ, ਕਸ਼ਮੀਰ ਵਿਚ ਕਸ਼ਮੀਰੀਆਂ ਉਤੇ ਅਣਮਨੁੱਖੀ ਜੁਲਮ ਢਾਹ ਰਹੀ ਹੈ ਅਤੇ ਹੁਣ ਕਸ਼ਮੀਰ ਵਿਚ ਮਰਨ ਵਾਲੇ ਕਸ਼ਮੀਰੀਆਂ ਦੀਆਂ ਲਾਸਾਂ ਵੀ ਉਨ੍ਹਾਂ ਦੇ ਪਰਿਵਾਰਾਂ ਨੂੰ ਦੇਣ ਤੋਂ ਇਨਕਾਰ ਕੀਤਾ ਜਾ ਰਿਹਾ ਹੈ, ਰਮਜਾਨ ਦੇ ਦਿਨਾਂ ਵਿਚ ਅਜਿਹੇ ਅਣਮਨੁੱਖੀ ਅਮਲ ਅਤੇ ਮੁਸਲਿਮ ਕੌਮ ਨਾਲ ਕੀਤੇ ਜਾ ਰਹੇ ਵਿਤਕਰਿਆ ਦੀ ਜਿਥੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਪੁਰਜੋਰ ਸ਼ਬਦਾਂ ਵਿਚ ਨਿਖੇਧੀ ਕਰਦਾ ਹੈ, ਉਥੇ ਅਜਿਹੇ ਮਨੁੱਖਤਾ ਵਿਰੋਧੀ ਅਮਲਾਂ ਨੂੰ ਅਸੀਂ ਬਿਲਕੁਲ ਸਹਿਣ ਨਹੀਂ ਕਰਾਂਗੇ ਅਤੇ ਇਸ ਅਤਿ ਮੁਸ਼ਕਿਲ ਦੀ ਘਡ਼ੀ ਵਿਚ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਸਿੱਖ ਕੌਮ ਮੁਸਲਿਮ ਕੌਮ ਨਾਲ ਇਨਸਾਨੀਅਤ ਅਤੇ ਮਨੁੱਖਤਾ ਦੇ ਨਾਤੇ ਮੋਢੇ ਨਾਲ ਮੋਢਾ ਲਗਾਕੇ ਖਡ਼੍ਹੀ ਹੈ, ਇਸ ਲਈ ਮੁਸਲਿਮ ਕੌਮ ਨੂੰ ਮੁਤੱਸਵੀਆਂ ਦੇ ਇਸ ਜ਼ਬਰ ਦਾ ਭੈ-ਡਰ ਰੱਖਣ ਦੀ ਕੋਈ ਲੋਡ਼ ਨਹੀਂ ਅਤੇ ਆਪਣੇ ਰਮਜਾਨ ਦੇ ਦਿਨਾਂ ਨੂੰ ਉਸ ਖੁਦਾ ਨਾਲ ਸਾਂਝ ਪਾਉਦੇ ਹੋਏ ਮਨਾਉਣ, ਅੱਲ੍ਹਾਂ-ਖੁੱਦਾ-ਵਾਹਿਗੁਰੂ ਵੀ ਇਸ ਜ਼ਬਰ-ਜੁਲਮ ਵਿਰੁੱਧ ਉਨ੍ਹਾਂ ਦੇ ਅੰਗ-ਸੰਗ ਰਹੇਗਾ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਮੁਸਲਿਮ ਕੌਮ ਦੇ ਸੁਰੂ ਹੋ ਚੁੱਕੇ ਰਮਜਾਨ ਦੇ ਦਿਨਾਂ ਦੀ ਸਮੁੱਚੀ ਮੁਸਲਿਮ ਕੌਮ ਨੂੰ ਮੁਬਾਰਕਬਾਦ ਦਿੰਦੇ ਹੋਏ ਅਤੇ ਉਨ੍ਹਾਂ ਵੱਲੋਂ ਇਨ੍ਹੀਂ-ਦਿਨੀਂ ਆਪਣੀਆ ਨੇਕ ਕਮਾਈਆ ਵਿਚੋਂ ਮਨੁੱਖਤਾ ਪੱਖੀ ਉਦਮ ਕਰਨ ਦੀ ਭਰਪੂਰ ਪ੍ਰਸ਼ੰਸ਼ਾਂ ਕਰਨ ਦੇ ਨਾਲ-ਨਾਲ ਉਨ੍ਹਾਂ ਦੇ ਹਰ ਔਕਡ਼-ਮੁਸ਼ਕਿਲ ਵਿਚ ਦ੍ਰਿਡ਼ਤਾ ਨਾਲ ਸਾਥ ਦੇਣ ਦੀ ਗੱਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਸਾਡੇ ਧਿਆਨ ਵਿਚ ਇਹ ਆਇਆ ਹੈ ਕਿ ਕਸ਼ਮੀਰ ਵਿਚ ਹੁਕਮਰਾਨਾਂ ਨੇ ਆਪਣੀਆ ਮੁਸਲਿਮ ਕੌਮ ਵਿਰੋਧੀ ਸਾਜਿ਼ਸਾਂ ਨੂੰ ਤੇਜ਼ ਕਰਨ ਹਿੱਤ ਉਥੇ ਤਾਇਨਾਤ ਸਭ ਮਿਲਟਰੀ ਫ਼ੌਜੀ, ਨਾਰਥਨ ਕਮਾਡ, 15 ਕੋਪ ਅਤੇ ਸਿਵਲ ਸਿੱਖ ਅਫ਼ਸਰਾਂ ਨੂੰ ਕਸ਼ਮੀਰ ਵਿਚੋਂ ਤਬਦੀਲ ਕਰ ਦਿੱਤਾ ਹੈ ਅਤੇ ਕਸ਼ਮੀਰੀਆਂ ਉਤੇ ਨਫ਼ਰਤ ਅਤੇ ਫਿਰਕੂ ਸੋਚ ਅਧੀਨ ਜੁਲਮ ਢਾਹੁਣ ਦੇ ਮਨਸੂਬੇ ਬਣਾਏ ਜਾ ਰਹੇ ਹਨ । ਜਦੋਂਕਿ ਇਹ ਦਿਨ ਮੁਸਲਿਮ ਕੌਮ ਦੇ ਅਤਿ ਪਵਿੱਤਰ ਰਮਜਾਨ ਅਤੇ ਮਨੁੱਖਤਾ ਦੀ ਭਲਾਈ ਕਰਨ ਦੇ ਦਿਨ ਹਨ ਅਤੇ ਉਸ ਖੁੱਦਾ ਅੱਲ੍ਹਾਂ ਤਾਲਾ ਨਾਲ ਆਪਣੀ ਸਾਂਝ ਨੂੰ ਵਧਾਉਣ ਦਾ ਸਮਾਂ ਹੈ । ਅਜਿਹੇ ਸਮੇਂ ਅਜਿਹੀਆ ਕਾਰਵਾਈਆ ਨੂੰ ਇਨਸਾਨੀਅਤ, ਇਖਲਾਕੀ, ਸਮਾਜਿਕ ਤੌਰ ਤੇ ਕਦਾਚਿੱਤ ਸਹੀ ਨਹੀਂ ਕਿਹਾ ਜਾ ਸਕਦਾ । ਦੂਸਰਾ ਘੱਟ ਗਿਣਤੀ ਕੌਮਾਂ ਨੂੰ ਨਿਸ਼ਾਨਾਂ ਬਣਾਉਣਾ, ਵਿਧਾਨ ਦੀ ਧਾਰਾ 14, 19 ਅਤੇ 21 ਦੀ ਘੋਰ ਉਲੰਘਣਾ ਹੈ । ਜਿਸ ਰਾਹੀ ਇਥੋਂ ਦੇ ਸਭ ਨਾਗਰਿਕਾਂ ਨੂੰ ਧਰਮ, ਕੌਮਾਂ, ਫਿਰਕਿਆ ਆਦਿ ਦੇ ਵਿਤਕਰਿਆ ਤੋਂ ਉਪਰ ਉੱਠਕੇ ਬਰਾਬਰਤਾ, ਆਪਣੀ ਆਜ਼ਾਦੀ ਨਾਲ ਵਿਚਾਰ ਪ੍ਰਗਟ ਕਰਨ ਅਤੇ ਆਪਣੀ ਜਿੰਦਗੀ ਨੂੰ ਬਿਨ੍ਹਾਂ ਕਿਸੇ ਭੈ-ਡਰ ਤੋਂ ਬਸਰ ਕਰਨ ਦੇ ਵਿਧਾਨਿਕ ਤੇ ਕਾਨੂੰਨੀ ਹੱਕ ਹਾਸਿਲ ਹਨ।
ਉਨ੍ਹਾਂ ਕਿਹਾ ਕਿ ਟੀਪੂ ਸੁਲਤਾਨ ਜੋ ਮੈਸੂਰ ਦੇ ਮੁਸਲਿਮ ਬਾਦਸ਼ਾਹ ਹੋਏ ਹਨ, ਜੋ ਸਾਡੇ ਖ਼ਾਲਸਾ ਰਾਜ ਤੋਂ ਪਹਿਲੇ ਦਾ ਬਿਰਤਾਤ ਹੈ, ਉਸ ਵੱਲੋਂ ਇਹ ਕਿਹਾ ਗਿਆ ਸੀ ਕਿ ਬਘਿਆਡ਼ਾ ਅਤੇ ਭੇਡਾਂ ਦੀ ਤਰ੍ਹਾਂ 100 ਦਿਨ ਦੀ ਜਿੰਦਗੀ ਜਿਊਂਣ ਨਾਲੋਂ ਸ਼ੇਰ ਦੀ ਤਰ੍ਹਾਂ ਇਕ ਦਿਨ ਅਣਖ਼ ਅਤੇ ਗੈਰਤ ਨਾਲ ਜਿਊਂਣਾ ਅੱਛਾ ਹੈ । ਇਸੇ ਸੋਚ ਅਨੁਸਾਰ ਸਾਡੇ ਗੁਰੂ ਸਾਹਿਬਾਨ, ਸਾਡੇ ਖ਼ਾਲਸਾ ਰਾਜ ਦੇ ਹੁਕਮਰਾਨਾਂ ਅਤੇ ਸਾਡੇ ਜਰਨੈਲ ਸ਼ਾਮ ਸਿੰਘ ਅਟਾਰੀਵਾਲਾ ਨੇ ਅਣਖ ਗੈਰਤ ਨੂੰ ਕਾਇਮ ਰੱਖਦੇ ਹੋਏ ਸ਼ੇਰਾਂ ਦੀ ਤਰ੍ਹਾਂ ਖ਼ਾਲਸਾ ਰਾਜ ਵਿਚ ਮਨੁੱਖਤਾ ਪੱਖੀ ਉਦਮ ਕੀਤੇ । ਉਸ ਉਪਰੰਤ ਆਜ਼ਾਦ ਬਾਦਸ਼ਾਹੀ ਸਿੱਖ ਰਾਜ ਦੀ ਕਾਇਮੀ ਲਈ ਸਿੱਖੀ ਲੀਹਾਂ ਉਤੇ ਪਹਿਰਾ ਦਿੰਦੇ ਹੋਏ 20ਵੀਂ ਸਦੀਂ ਦੇ ਮਹਾਨ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆ ਨੇ ਵੀ ਟੀਪੂ ਸੁਲਤਾਨ ਵੱਲੋਂ ਪ੍ਰਗਟਾਈਆ ਭਾਵਨਾਵਾਂ ਅਨੁਸਾਰ ਆਪਣੀ ਆਤਮਾ ਤੋਂ ਉੱਠੀ ਆਵਾਜ਼ ਨੂੰ ਬੁਲੰਦ ਕਰਦੇ ਹੋਏ ਕਿਹਾ ਸੀ ਕਿ ‘ਸਰੀਰਕ ਮੌਤ ਨੂੰ ਮੈਂ ਮੌਤ ਨਹੀਂ ਸਮਝਦਾ, ਜ਼ਮੀਰ ਦਾ ਮਰ ਜਾਣਾ ਯਕੀਨਣ ਮੌਤ ਹੋਵੇਗੀ’ ਦੇ ਅਨੁਸਾਰ ਉਨ੍ਹਾਂ ਨੇ ਵੀ ਸ਼ੇਰਾਂ ਦੀ ਤਰ੍ਹਾਂ ਅਣਖ਼ ਤੇ ਗੈਰਤ ਨਾਲ ਜਿਊਂਣ ਅਤੇ ਸ਼ਹਾਦਤ ਪਾਉਣ ਨੂੰ ਬਿਹਤਰ ਸਮਝਿਆ ਅਤੇ ਜਾਲਮਾਂ ਅੱਗੇ ਬਿਲਕੁਲ ਵੀ ਈਂਨ ਨਹੀਂ ਮੰਨੀ । ਤਿੰਨ ਦਿਨ ਤੱਕ ਰੂਸ, ਬਰਤਾਨੀਆ ਅਤੇ ਇੰਡੀਆਂ ਦੀਆਂ ਫ਼ੌਜਾਂ ਦਾ ਦ੍ਰਿਡ਼ਤਾ ਨਾਲ ਅਤੇ ਚਡ਼੍ਹਦੀ ਕਲਾਂ ਵਿਚ ਰਹਿੰਦੇ ਹੋਏ ਮੁਕਾਬਲਾ ਕਰਦੇ ਹੋਏ ਸ਼ਹਾਦਤ ਪਾਈ । ਇਸ ਲਈ ਸਿੱਖ ਕੌਮ ਦੇ ਫਖ਼ਰ ਵਾਲੇ ਇਤਿਹਾਸ ਅਤੇ ਮੁਸਲਿਮ ਕੌਮ ਦੀਆਂ ਸਿੱਖ ਕੌਮ ਨਾਲ ਪੁਰਾਤਨ ਸਾਂਝਾ ਸਾਨੂੰ ਸਮੁੱਚੀਆਂ ਘੱਟ ਗਿਣਤੀਆਂ ਨੂੰ ਇਹ ਬੁਲੰਦ ਆਵਾਜ਼ ਵਿਚ ਸੰਦੇਸ਼ ਦੇ ਰਹੀਆ ਹਨ ਕਿ ਜਿਵੇਂ ਬੀਤੇ ਸਮੇਂ ਵਿਚ ਜ਼ਾਬਰਾਂ ਅੱਗੇ ਕਦੇ ਵੀ ਸਿੱਖ ਕੌਮ ਨੇ ਗੋਡੇ ਨਹੀਂ ਟੇਕੇ, ਬਲਕਿ ਹਰ ਤਰ੍ਹਾਂ ਦੇ ਜ਼ਬਰ-ਜੁਲਮ ਵਿਰੁੱਧ ਪੂਰਨ ਹੌਸਲੇ ਤੇ ਦ੍ਰਿਡ਼ਤਾਂ ਨਾਲ ਸੰਘਰਸ਼ ਕਰਦੇ ਹੋਏ ਫ਼ਤਹਿ ਪ੍ਰਾਪਤ ਕਰਦੇ ਰਹੇ ਹਨ । ਉਸੇ ਤਰ੍ਹਾਂ ਆਉਣ ਵਾਲੇ ਸਮੇਂ ਵਿਚ ਵੀ ਅਸੀਂ ਹਕੂਮਤੀ ਜ਼ਬਰ-ਜੁਲਮ ਭਾਵੇ ਉਹ ਮੁਸਲਿਮ ਕੌਮ ਤੇ ਹੋਵੇ, ਭਾਵੇ ਰੰਘਰੇਟਿਆ, ਭਾਵੇ ਮੂਲਨਿਵਾਸੀਆ, ਭਾਵੇ ਆਦਿਵਾਸੀਆ, ਭਾਵੇ ਸਿੱਖਾਂ ਤੇ ਹੋਰਨਾਂ ਘੱਟ ਗਿਣਤੀਆ ਉਤੇ ਹੋਣ ਉਸਦਾ ਟਾਕਰਾ ਅਸੀਂ ਸਮੂਹਿਕ ਤੌਰ ਤੇ ਇਕ ਹੁੰਦੇ ਹੋਏ ਜਮਹੂਰੀਅਤ ਤੇ ਅਮਨਮਈ ਢੰਗਾਂ ਰਾਹੀ ਜਾਲਮ ਹੁਕਮਰਾਨਾਂ ਵਿਰੁੱਧ ਡੱਟਕੇ ਖਲੋਵਾਂਗੇ ਵੀ ਅਤੇ ਫ਼ਤਹਿ ਵੀ ਪ੍ਰਾਪਤ ਕਰਾਂਗੇ । ਕਸ਼ਮੀਰ ਵਿਚ ਕਿਸੇ ਵੀ ਅਣਮਨੁੱਖੀ ਹੋਣ ਵਾਲੇ ਅਮਲ ਨੂੰ ਬਿਲਕੁਲ ਬਰਦਾਸਤ ਨਹੀਂ ਕਰਾਂਗੇ । ਕਿਉਂਕਿ ਇਕ ਤਾਂ ਅਜਿਹੇ ਅਮਲ ਇਨਸਾਨੀਅਤ ਦੇ ਵਿਰੁੱਧ ਹਨ, ਦੂਸਰਾ ਕਸ਼ਮੀਰ ਅਤੇ ਲਦਾਖ ਜਿਥੇ ਸਿੱਖ ਕੌਮ ਵੱਡੀ ਗਿਣਤੀ ਵਿਚ ਵੱਸਦੀ ਹੈ ਅਤੇ ਬੀਤੇ ਸਮੇਂ ਦੇ ਹੁਕਮਰਾਨਾਂ ਦੇ ਜ਼ਬਰ-ਜੁਲਮ ਸਮੇਂ ਕਿਸੇ ਇਕ ਵੀ ਸਿੱਖ ਨੇ ਲਦਾਖ ਅਤੇ ਕਸ਼ਮੀਰ ਵਿਚੋਂ ਹਿਜਰਤ ਨਹੀਂ ਕੀਤੀ । ਜਦੋਂਕਿ ਅਮੀਰ ਮੁਸਲਮਾਨ ਅਤੇ ਹਿੰਦੂਆਂ ਨੇ ਦਿੱਲੀ, ਮੁੰਬਈ, ਕੱਲਕੱਤਾ, ਬੰਗਲੌਰ ਅਤੇ ਬਾਹਰਲੇ ਮੁਲਕਾਂ ਵਿਚ ਹਿਜਰਤ ਕਰ ਲਈ ਸੀ, ਉਸ ਸਮੇਂ ਵੀ ਸਿੱਖ ਡੱਟਕੇ ਮੁਸਲਿਮ ਕੌਮ ਨਾਲ ਖਡ਼੍ਹੇ ਰਹੇ, ਅੱਜ ਵੀ ਖਡ਼੍ਹੇ ਹਨ ਅਤੇ ਆਉਣ ਵਾਲੇ ਸਮੇਂ ਵਿਚ ਵੀ ਇਸ ਇਨਸਾਨੀਅਤ ਪੱਖੀ ਸਾਂਝ ਨੂੰ ਹਰ ਕੀਮਤ ਤੇ ਕਾਇਮ ਰੱਖਿਆ ਜਾਵੇਗਾ । ਉਨ੍ਹਾਂ ਅੰਤ ਵਿਚ ਹੁਕਮਰਾਨਾਂ ਨੂੰ ਇਹ ਨੇਕ ਰਾਏ ਦਿੰਦੇ ਹੋਏ ਕਿਹਾ ਕਿ ਜਦੋਂ ਸਮੁੱਚਾ ਸੰਸਾਰ ਤੇ ਇੰਡੀਆ ਨਿਵਾਸੀ ਕਰੋਨਾ ਮਹਾਮਾਰੀ ਨਾਲ ਜੂਝ ਰਹੇ ਹਨ ਅਤੇ ਮੁਸਲਿਮ ਕੌਮ ਆਪਣੇ ਖੁੱਦਾ ਨਾਲ ਆਤਮਿਕ ਸਾਂਝ ਪਾਉਦੀ ਹੋਈ ਰਮਜਾਨ ਦੇ ਵਰਤਾਰੇ ਵਿਚ ਮਸਰੂਫ ਹੈ, ਉਸ ਸਮੇਂ ਹੁਕਮਰਾਨਾਂ ਵੱਲੋਂ ਆਪਣੇ ਹਿੰਦੂਤਵ ਮੀਡੀਏ ਅਤੇ ਪ੍ਰੈਸ ਰਾਹੀ ਪਹਿਲੇ ਬਦਨਾਮ ਕਰਨਾ, ਫਿਰ ਉਨ੍ਹਾਂ ਉਤੇ ਝੂਠੇ ਕੇਸ ਬਣਾਕੇ ਗ੍ਰਿਫ਼ਤਾਰ ਕਰਨਾ ਅਤੇ ਕਸ਼ਮੀਰ ਵਿਚ ਜ਼ਬਰ-ਜੁਲਮ ਦੀਆਂ ਮੰਦਭਾਵਨਾ ਭਰੀਆ ਸਾਜਿ਼ਸਾਂ ਦੇ ਬਣਾਏ ਜਾ ਰਹੇ ਮਨਸੂਬਿਆ ਨੂੰ ਸਫ਼ਲ ਨਹੀਂ ਹੋਣ ਦਿੱਤਾ ਜਾਵੇਗਾ । ਬਿਹਤਰ ਇਹੀ ਹੋਵੇਗਾ ਕਿ ਉਹ ਅਜਿਹੇ ਦੁੱਖਦਾਇਕ ਅਮਲਾਂ ਤੋਂ ਤੋਬਾ ਕਰਕੇ ਜਿਥੇ ਸਮੁੱਚੀ ਮਨੁੱਖਤਾ ਦੀ ਬਿਹਤਰੀ ਕਰਨ, ਉਥੇ ਕਸ਼ਮੀਰ ਵਿਚ ਕਸ਼ਮੀਰੀਆਂ ਨੂੰ ਸ਼ਹੀਦ ਕਰਕੇ ਉਨ੍ਹਾਂ ਦੀਆਂ ਲਾਸਾਂ ਉਨ੍ਹਾਂ ਦੇ ਪਰਿਵਾਰਾਂ ਨੂੰ ਨਾ ਦੇਣ ਦੇ ਗੈਰ-ਵਿਧਾਨਿਕ ਅਮਲਾਂ ਨੂੰ ਫੋਰੀ ਬੰਦ ਕੀਤਾ ਜਾਵੇ ਅਤੇ ਸਥਿਤੀ ਨੂੰ ਵਿਸਫੋਟਕ ਬਣਾਉਣ ਤੋਂ ਗੁਰੇਜ ਕੀਤਾ ਜਾਵੇ । ਇਸਦੇ ਨਾਲ ਹੀ ਉਨ੍ਹਾਂ ਨੇ ਇਹ ਵੀ ਮੰਗ ਕੀਤੀ ਕਿ ਜਿਵੇਂ ਦੋਵਾਂ ਜਰਮਨ ਮੁਲਕਾਂ ਨੇ ਆਪਣੀ ਕੰਧ ਖ਼ਤਮ ਕਰਕੇ ਇਕ ਮਨੁੱਖਤਾ ਪੱਖੀ ਸੰਦੇਸ਼ ਦਿੰਦੇ ਹੋਏ ਇਕ ਹੋਏ ਹਨ, ਉਸੇ ਤਰ੍ਹਾਂ ਦੋਵੇ ਲਹਿੰਦੇ ਅਤੇ ਚਡ਼੍ਹਦੇ ਪੰਜਾਬ (ਇੰਡੀਆ-ਪਾਕਿਸਤਾਨ) ਦੇ ਦੌਰਾਨ ਨਫ਼ਰਤ ਪੈਦਾ ਕਰਨ ਵਾਲੀ ਪੁਰਾਤਨ ਬਣੀ ਰੈਡ ਕਲਿਫ ਲਾਈਨ ਨੂੰ ਖ਼ਤਮ ਕਰਕੇ ਮਨੁੱਖਤਾ ਪੱਖੀ ਸੰਦੇਸ਼ ਦਿੱਤਾ ਜਾਵੇ ਅਤੇ ਦੋਵਾਂ ਮੁਲਕਾਂ ਦੇ ਵਿਚ ਖਡ਼੍ਹੀ ਕੀਤੀ ਗਈ ਨਫ਼ਰਤ ਦਾ ਅੰਤ ਕਰਕੇ ਦੋਵਾਂ ਮੁਲਕਾਂ ਦੇ ਨਿਵਾਸੀਆ ਦੇ ਜੀਵਨ ਨੂੰ ਹਰ ਪੱਖੋ ਚੰਗੇਰਾ ਬਣਾਉਣ ਵਿਚ ਯੋਗਦਾਨ ਪਾਇਆ ਜਾਵੇ ।