ਮਾਰਕੀਟ ਕਮੇਟੀ ਨਵਾਂਸ਼ਹਿਰ ਵੱਲੋਂ 17 ਅਪਰੈਲ ਲਈ 25 ਕੂਪਨ ਅਤੇ 18 ਅਪਰੈਲ ਲਈ 135 ਕੂਪਨ ਜਾਰੀ ਕੀਤੇ ਜਾਣਗੇ

ਨਵਾਂਸ਼ਹਿਰ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਅੰਗਦ ਸਿੰਘ ਵੱਲੋਂ ਨਵਾਂਸ਼ਹਿਰ ’ਚ ਖਰੀਦ ਪ੍ਰਬੰਧਾਂ ਦਾ ਜਾਇਜ਼ਾ

ਐਮ ਐਲ ਏ ਅੰਗਦ ਸਿੰਘ ਖਰੀਦ ਪ੍ਰਬੰਧਾਂ ਨੂੰ ਨਿਰਵਿਘਨਤਾ ਨਾਲ ਚਲਾਉਣ ਲਈ ਨਵਾਂਸ਼ਹਿਰ ਵਿਖੇ ਮੀਟਿੰਗ ਕਰਦੇ ਹੋਏ

ਨਵਾਂਸ਼ਹਿਰ (ਏ-ਆਰ. ਆਰ. ਐੱਸ. ਸੰਧੂ) ਨਵਾਂਸ਼ਹਿਰ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਅੰਗਦ ਸਿੰਘ ਵੱਲੋਂ ਅੱਜ ਨਵਾਂਸ਼ਹਿਰ ’ਚ ਖਰੀਦ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਪੰਜਾਬ ਸਰਕਾਰ ਵੱਲੋਂ ਆਰਜ਼ੀ ਤੌਰ ’ਤੇ ਬਣਾਏ ਗਏ ਖਰੀਦ ਕੇਂਦਰਾਂ (ਸ਼ੈਲਰਾਂ) ਦੇ ਪ੍ਰਤੀਨਿਧਾਂ ਨਾਲ ਮੀਟਿੰਗ ਕੀਤੀ ਗਈ। ਉਨ੍ਹਾਂ ਇਸ ਮੌਕੇ ਦੱਸਿਆ ਕਿ ਨਵਾਂਸ਼ਹਿਰ ’ਚ 12 ਸਰਕਾਰੀ ਖਰੀਦ ਕੇਂਦਰਾਂ ਦੇ ਨਾਲ-ਨਾਲ 12 ਆਰਜ਼ੀ ਖਰੀਦ ਕੇਂਦਰ ਕਾਇਮ ਕਰਨ ਦਾ ਮਕਸਦ ‘ਸੋਸ਼ਲ ਡਿਸਟੈਂਸਿੰਗ’ ਨੂੰ ਹਰ ਹਾਲਤ ’ਚ ਕਾਇਮ ਰੱਖਣਾ ਹੈ ਤਾਂ ਜੋ ਕੋਵਿਡ ਦੇ ਪ੍ਰਭਾਵ ਤੋਂ ਮੰਡੀ ’ਚ ਆਉਣ ਵਾਲੇ ਹਰੇਕ ਵਿਅਕਤੀ ਨੂੰ ਬਚਾਇਆ ਜਾ ਸਕੇ। ਵਿਧਾਇਕ ਅੰਗਦ ਸਿੰਘ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹਾ ਬੜੀ ਹੀ ਮੇਹਨਤ ਬਾਅਦ ਕੋਵਿਡ ਦੇ ‘ਹੋਟ ਸਪੋਟ’ ਦਾ ਧੱਬਾ ਲਾਹੁਣ ਵੱਲ ਵਧ ਰਿਹਾ ਹੈ,

ਇਸ ਲਈ ਸੀਜ਼ਨ ਦੌਰਾਨ ਕਿਸੇ ਵੀ ਕਿਸਾਨ, ਮੁਨੀਮ, ਤੋਲੇ, ਆੜ੍ਹਤੀ ਜਾਂ ਲੇਬਰ ਵਾਲੇ ’ਚ ਕੋਵਿਡ-19 ਦੇ ਲੱਛਣ ਜਿਵੇਂ ਤੇਜ਼ ਬੁਖਾਰ, ਸੁੱਕੀ ਖੰਘ ਅਤੇ ਸਾਹ ’ਚ ਤਕਲੀਫ਼ ਆਦਿ ਸਾਹਮਣੇ ਆਉਣ ’ਤੇ ਉਸ ਨੂੰ ਤੁਰੰਤ ਕੰਮ ਤੋਂ ਵੱਖ ਕਰ ਲਿਆ ਜਾਵੇ ਅਤੇ ਸਿਹਤ ਵਿਭਾਗ ਨੂੰ ਸੂਚਿਤ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਇਸ ਗੱਲ ਨੂੰ ਵੀ ਯਕੀਨੀ ਬਣਾ ਲਿਆ ਜਾਵੇ ਕਿ ਮੰਡੀ ’ਚ ਕੰਮ ਕਰਨ ਵਾਲੀ ਲੇਬਰ ਦਾ ਪੂਰਾ ਪਤਾ ਤੇ ਰਿਕਾਰਡ ਮੌਜੂਦ ਹੋਵੇ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਹੰਗਾਮੀ ਹਾਲਤ ਬਣਨ ’ਤੇ ਉਸ ਦੇ ਸੰਪਰਕ ’ਚ ਆਏ ਵਿਅਕਤੀਆਂ ਦਾ ਪਤਾ ਲਾਉਣਾ ਅਸਾਨ ਰਹੇ। ਉਨ੍ਹਾਂ ਕਿਹਾ ਕਿ ਨਵਾਂਸ਼ਹਿਰ ਹਲਕੇ ’ਚ ਕਿਸੇ ਵੀ ਆੜ੍ਹਤੀ ਜਾਂ ਕਿਸਾਨ ਨੂੰ ਖਰੀਦ ਸੀਜ਼ਨ ਦੌਰਾਨ ਕੋਈ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਉਹ ਖੁਦ ਖਰੀਦ ਪ੍ਰਬੰਧਾਂ ਦਾ ਨਿੱਜੀ ਤੌਰ ’ਤੇ ਮੁਲਾਂਕਣ ਕਰਦੇ ਰਹਿਣਗੇ।
ਉਨ੍ਹਾਂ ਦੱਸਿਆ ਕਿ ਨਵਾਂਸ਼ਹਿਰ ’ਚ 17 ਅਪਰੈਲ ਤੋਂ ਆਮਦ ਸ਼ੁਰੂ ਹੋਵੇਗੀ, ਜਿਸ ਤਹਿਤ ਉਸ ਦਿਨ ਲਈ 25 ਪਾਸ ਜਾਰੀ ਕੀਤੇ ਜਾ ਚੱ ਕੇ ਹਨ। ਇਸ ਤੋਂ ਇਲਾਵਾ 18 ਅਪਰੈਲ ਲਈ 135 ਪਾਸ ਜਾਰੀ ਕਰਨ ’ਤੇ ਵਿਚਾਰ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਸਕੱਤਰ ਮਾਰਕੀਟ ਕਮੇਟੀ ਨਵਾਂਸ਼ਹਿਰ ਪਰਮਜੀਤ ਸਿੰਘ ਨੂੰ ਵੀ ਹਦਾਇਤ ਕੀਤੀ ਕਿ ਉਹ ਸਮੂਹ ਆੜ੍ਹਤੀਆਂ ਨਾਲ ਇਸ ਗੱਲ ਨੂੰ ਯਕੀਨੀ ਬਣਾ ਲੈਣ ਕਿ ਮੁਨੀਮ ਤੋਂ ਲੈ ਕੇ ਲੇਬਰ ਤੱਕ ਦੇ ਮਾਸਕ ਪਹਿਨੇ ਹੋਣ ਅਤੇ ਦੋ ਮੀਟਰ ਦੀ ਸੋਸ਼ਲ ਡਿਸਟੈਂਸਿੰਗ ਰੱਖੀ ਹੋਵੇ। ਇਸ ਤੋਂ ਇਲਾਵਾ ਉਨ੍ਹਾਂ ਨੇ ਮੰਡੀਆਂ ’ਚ ਉਚਿੱਤ ਗਿਣਤੀ ’ਚ ਸੋਪ ਡਿਸਪੈਂਸਰ ਵੀ ਲਾਏ ਜਾਣ ਲਈ ਆਖਿਆ ਤਾਂ ਜੋ ਵਾਰ ਵਾਰ ਹੱਥ ਧੋ ਕੇ ਕੋਵਿਡ-19 ਤੋਂ ਬਚਾਅ ਰੱਖਿਆ ਜਾ ਸਕੇ। ਇਸ ਮੌਕੇ ਮਾਰਕੀਟ ਕਮੇਟੀ ਦੇ ਚੇਅਰਮੈਨ ਚਮਨ ਸਿੰਘ ਭਾਨ ਮਜਾਰਾ ਤੋਂ ਇਲਾਵਾ ਸੀਨੀਅਰ ਆਗੂ ਰਾਣਾ ਕੁਲਦੀਪ ਸਿੰਘ ਜਾਡਲਾ ਵੀ ਮੌਜੂਦ ਸਨ।

Share This :

Leave a Reply