ਮਾਤਾ ਗੁਜਰੀ ਕਾਲਜ ਦੇ ਫਾਈਨ ਆਰਟਸ ਵਿਭਾਗ ਵੱਲੋਂ ਆਨਲਾਈਨ ਇੰਟਰ ਕਾਲਜ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ

ਫ਼ਤਹਿਗੜ੍ਹ ਸਾਹਿਬ (ਸੂਦ ) ਮਾਤਾ ਗੁਜਰੀ ਕਾਲਜ ਦੇ ਫਾਈਨ ਆਰਟਸ ਵਿਭਾਗ ਵੱਲੋਂ ਆਨਲਾਈਨ ਇੰਟਰ ਕਾਲਜ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ । ਜਿਸ ਵਿੱਚ 20 ਕਾਲਜਾਂ ਦੇ 47 ਵਿਦਿਆਰਥੀਆਂ ਨੇ ਭਾਗ ਲਿਆ।  ਇਸ ਮੁਕਾਬਲੇ ਦਾ ਥੀਮ ਸੀ ‘ਕੋਰੋਨਾ ਵਿਰੁੱਧ ਮੁਹਿੰਮ “ਜਗਤੁ ਜਲੰਦਾ ਰਖਿ ਲੈ ਆਪਣੀ ਕਿਰਪਾ ਧਾਰਿ। ਇਸ ਮੁਕਾਬਲੇ ਵਿਚ ਸਰਕਾਰੀ ਮਹਿੰਦਰਾ ਕਾਲਜ, ਪਟਿਆਲਾ ਦਾ ਸ਼ਹਿਨਸ਼ਾਹ, ਖ਼ਾਲਸਾ ਕਾਲਜ, ਅਨੰਦਪੁਰ ਸਾਹਿਬ ਦੀ ਜਸਪ੍ਰੀਤ ਕੌਰ ਅਤੇ ਸਰਕਾਰੀ ਕਾਲਜ, ਹੁਸ਼ਿਆਰਪੁਰ ਦੀ ਹਰਵਿੰਦਰ ਕੌਰ ਕ੍ਰਮਵਾਰ ਪਹਿਲੇ, ਦੂਜੇ ਅਤੇ ਤੀਜੇ ਸਥਾਨ ਤੇ ਰਹੇ। ਮਾਤਾ ਗੁਜਰੀ ਕਾਲਜ, ਫਤਿਹਗਡ਼੍ਹ ਸਾਹਿਬ ਦੀ ਰੁਪਿੰਦਰ ਕੌਰ ਅਤੇ ਸਰਕਾਰੀ ਕਾਲਜ ਆਫ਼ ਐਜੂਕੇਸ਼ਨ, ਪਟਿਆਲਾ ਦੀ ਲਖਵੀਰ ਕੌਰ ਨੂੰ ਹੌਂਸਲਾ ਵਧਾਊ ਪੁਰਸਕਾਰ ਮਿਲਿਆ।

ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ, ਫ਼ਤਹਿਗਡ਼੍ਹ ਸਾਹਿਬ ਦੇ ਰਮਨਦੀਪ ਸਿੰਘ ਨੂੰ ਵਿਸ਼ੇਸ਼ ਪੁਰਸਕਾਰ ਦਿੱਤਾ ਗਿਆ। ਡਾਇਰੈਕਟਰ ਪ੍ਰਿੰਸੀਪਲ ਡਾ. ਕਸ਼ਮੀਰ ਸਿੰਘ ਨੇ ਕਿਹਾ ਕਿ ਅਜੋਕੇ ਸਮੇਂ ਵਿਚ ਬਹੁਤ ਜ਼ਰੂਰੀ ਹੈ ਕਿ ਵੱਧ ਤੋਂ ਵੱਧ ਲੋਕਾਂ ਨੂੰ ਕੋਰੋਨਾ ਦੀ ਮਹਾਂਮਾਰੀ ਦੇ ਸਬੰਧ ਵਿੱਚ ਜਾਗਰੂਕ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਕਲਾ ਇਕ ਅਜਿਹਾ ਮਾਧਿਅਮ ਹੈ ਜਿਸ ਰਾਹੀਂ ਵਿਅਕਤੀ ਆਪਣੇ ਭਾਵਾਂ ਨੂੰ ਪ੍ਰਗਟ ਕਰ ਸਕਦਾ ਹੈ ਅਤੇ ਦੂਸਰੇ ਲੋਕਾਂ ਨੂੰ ਜਾਗਰੂਕ ਕਰਨ ਵਿੱਚ ਅਹਿਮ ਯੋਗਦਾਨ ਦੇ ਸਕਦਾ ਹੈ। ਉਨ੍ਹਾਂ ਨੇ ਫਾਈਨ ਆਰਟਸ ਵਿਭਾਗ ਦੇ ਉਪਰਾਲੇ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਲਾਕਡਾਊਨ ਦੇ ਸਮੇਂ ਵਿੱਚ ਵਿਦਿਆਰਥੀਆਂ ਨੂੰ ਰਚਨਾਤਮਕ ਕੰਮਾਂ ਵਿੱਚ ਭਾਗ ਲੈਣਾ ਚਾਹੀਦਾ ਹੈ ਤਾਂ ਜੋ ਉਹ ਤਣਾਅ ਤੋਂ ਦੂਰ ਰਹਿ ਸਕਣ । ਇਸ ਮੌਕੇ ਜੱਜ ਸਾਹਿਬਾਨਾਂ ਦੀ ਭੂਮਿਕਾ ਸਰਕਾਰੀ ਕਾਲਜ  ਫਾਰ ਗਰਲਜ਼, ਪਟਿਆਲਾ ਦੇ ਪ੍ਰੋ. ਸੁਭਾਸ਼ ਚੰਦਰ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ, ਪਠਾਨਕੋਟ ਦੇ ਪ੍ਰੋ. ਨਿਧੀ ਨੇ ਨਿਭਾਈ। ਫਾਈਨ ਆਰਟਸ ਦੇ ਵਿਭਾਗ ਦੇ ਡਾ. ਅਵਨੀਤ ਕੌਰ, ਪ੍ਰੋ. ਕਿਰਨਦੀਪ ਕੌਰ ਅਤੇ ਪ੍ਰੋ. ਹਰਪ੍ਰੀਤ ਕੌਰ  ਨੇ ਕਿਹਾ ਕਿ ਵਿਦਿਆਰਥੀਆਂ ਨੇ ਨਾ ਸਿਰਫ ਇਸ ਮੁਕਾਬਲੇ ਵਿਚ ਵੱਧ ਚਡ਼੍ਹ ਕੇ ਹਿੱਸਾ ਲਿਆ ਹੈ ਬਲਕਿ ਕੋਰੋਨਾ ਦੇ ਸਬੰਧ ਵਿੱਚ ਜਾਗਰੂਕਤਾ ਫੈਲਾਉਣ ਵਿੱਚ ਆਪਣੀ ਅਹਿਮ ਭੂਮਿਕਾ ਵੀ ਨਿਭਾਈ ਹੈ।

Share This :

Leave a Reply