ਫ਼ਤਹਿਗੜ੍ਹ ਸਾਹਿਬ (ਸੂਦ ) -ਮਾਤਾ ਗੁਜਰੀ ਕਾਲਜ ਦੇ ਮਾਈਕਰੋਬਾਇਲੋਜੀ ਵਿਭਾਗ ਦੇ ਮੁੱਖੀ ਡਾ. ਸੌਰਵ ਗੁਪਤਾ ਨੂੰ ਇੰਡੀਅਨ ਕਾਊਂਸਿਲ ਆਫ ਮੈਡੀਕਲ ਰਿਸਰਚ ਵੱਲੋਂ ਖੋਜ ਪ੍ਰਾਜੈਕਟ ਹਾਸਲ ਹੋਇਆ ਹੈ। ਇਸ ਖੋਜ ਵਿਚ ਡਾ. ਸੌਰਵ ਗੁਪਤਾ ਮਾਈਕਰੋਔਰਗਿਜ਼ਮ ਦੀ ਵਰਤੋਂ ਕਰਕੇ ਨੈਨੋ ਪਾਰਟੀਕਲਜ਼ ਬਣਾਉਣਗੇ ਤਾਂ ਜੋ ਐਂਟੀਬਾਇਟਿਕਸ ਵਿੱਚੋਂ ਨਿਕਲ ਰਹੇ ਬੇਲੋਡ਼ੇ ਪਦਾਰਥਾਂ ਨੂੰ ਨਿਯੰਤ੍ਰਿਤ ਕੀਤਾ ਜਾ ਸਕੇ ।
ਕਾਲਜ ਡਾਇਰੈਕਟਰ ਪ੍ਰਿੰਸੀਪਲ ਡਾ. ਕਸ਼ਮੀਰ ਸਿੰਘ ਨੇ ਡਾ. ਸੌਰਵ ਗੁਪਤਾ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਖੋਜ ਸਾਡੀ ਵਿੱਦਿਅਕ ਪ੍ਰਣਾਲੀ ਦਾ ਸਭ ਤੋਂ ਅਹਿਮ ਹਿੱਸਾ ਹੈ । ਹਰ ਅਧਿਆਪਕ ਨੂੰ ਵੱਧ ਤੋਂ ਵੱਧ ਖੋਜ ਕਰਨੀ ਚਾਹੀਦੀ ਹੈ ਤਾਂ ਜੋ ਵਿਦਿਆਰਥੀਆਂ ਨੂੰ ਵੀ ਖੋਜ ਲਈ ਪ੍ਰੋਤਸਾਹਿਤ ਕੀਤਾ ਜਾ ਸਕੇ ਅਤੇ ਨਵੀਆਂ ਨਵੀਆਂ ਧਾਰਨਾਵਾਂ ਨੂੰ ਵਿਕਸਿਤ ਕੀਤਾ ਜਾ ਸਕੇ। ਡਾ. ਸੌਰਵ ਗੁਪਤਾ ਨੇ ਕਿਹਾ ਕਿ ਉਨ੍ਹਾਂ ਨੂੰ ਇਹ ਸਫਲਤਾ ਡਾ. ਕਸ਼ਮੀਰ ਸਿੰਘ, ਡੀਨ ਅਕਾਦਮਿਕ ਡਾ. ਬਿਕਰਮਜੀਤ ਸਿੰਘ ਅਤੇ ਯੂ.ਜੀ.ਸੀ. ਕੁਆਡੀਨੇਟਰ ਡਾ. ਅਨੁਪ੍ਰੀਤ ਸਿੰਘ ਦੇ ਸਹਿਯੋਗ ਸਦਕਾ ਹਾਸਲ ਹੋਈ ਹੈ। ਉਨ੍ਹਾਂ ਕਿਹਾ ਕਿ ਕਾਲਜ ਦੀਆਂ ਲੈਬ ਵਿਚ ਮੌਜੂਦ ਸੁਵਿਧਾਵਾਂ ਉਹਨਾਂ ਲਈ ਬਹੁਤ ਸਹਾਈ ਸਾਬਿਤ ਹੋਈਆਂ ਹਨ। ਉਹਨਾਂ ਇਹ ਵੀ ਦੱਸਿਆ ਕਿ ਇਹ ਪ੍ਰੋਜੈਕਟ ਉਨ੍ਹਾਂ ਨੂੰ ਤਿੰਨ ਸਾਲਾਂ ਵਿੱਚ ਪੂਰਾ ਕਰਨਾ ਹੈ ਤੇ ਇਸ ਦੇ ਸਬੰਧ ਵਿੱਚ ਲਗਭਗ 25 ਲੱਖ ਰੁਪਏ ਦੀ ਗ੍ਰਾਂਟ ਪ੍ਰਾਪਤ ਹੋਵੇਗੀ।