ਨਵਾਂਸ਼ਹਿਰ (ਏ-ਆਰ. ਆਰ. ਐੱਸ. ਸੰਧੂ) ਅੱਜ ਸਵੇਰੇ ਨਵਾਂਸ਼ਹਿਰ ਦੇ ਨਾਲ ਲਗਦੇ ਪਿੰਡ ਚੂਹੜਪੁਰ ਦੇ ਖੇਤਾਂ ਵਿਚ ਭਾਰਤੀ ਏਅਰ ਫੋਰਸ ਦਾ ਇੱਕ ਲੜਾਕੂ ਮਿਗ-29(ਅਪਗ੍ਰੇਡ) ਜ਼ਹਾਜ ਆਪਣੀ ਟਰੇਨਿੰਗ ਮਿਸ਼ਨ ਦੀ ਉਡਾਣ ਦੌਰਾਨ ਤਕਨੀਕੀ ਖਰਾਬੀ ਕਰਕੇ ਕੈ੍ਰਸ਼ ਹੋ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਸਵੇਰੇ 10.45 ਵਜੇ ਆਦਮਪੁਰ ਤੋਂ ਪਾਇਲਟ ਵਿੰਗ ਕਮਾਂਡਰ ਐਮ.ਕੇ. ਪਾਂਡੇ ਨੇ ਲੜਾਕ ਜ਼ਹਾਜ਼ ਮਿਗ-29(ਅਪਗ੍ਰੇਡ) ਨਾਲ ਆਪਣੀ ਆਮ ਦਿਨਾਂ ਦੀ ਤਰ੍ਹਾਂ ਅਭਿਆਸ ਉਡਾਣ ਭਰੀ ਸੀ, ਜਦੋਂ ਉਹ ਨਵਾਂਸ਼ਹਿਰ ਦੇ ਹਵਾਈ ਖੇਤਰ ਵਿਚ ਨਜ਼ਦੀਕੀ ਪਿੰਡ ਚੂਹੜਪੁਰ ਕੋਲ ਪੁੱਜੇ ਸਨ ਤਾਂ ਤਕਨੀਕੀ ਖਰਾਬੀ ਕਰਕੇ ਜ਼ਹਾਜ ਦਾ ਕੰਟਰੋਲ ਬੇਕਾਬੂ ਹੋ ਗਿਆ ਤਾਂ ਉਹਨਾਂ ਨੇ ਆਪਣੇ ਹੱਥੋਂ ਕੰਟਰੋਲ ਬਾਹਰ ਜਾਂਦਾ ਦੇਖ ਕੇ ਜਹਾਜ਼ ਵਿੱਚੋਂ ਪੈਰਾਸ਼ੂਟ ਰਾਹੀਂ ਬਾਹਰ ਅਮਰਜੈਸੀ ਛਾਲ ਮਾਰ ਕੇ ਆਪਣੀ ਜਾਨ ਬਚਾਈ।
ਪਰ ਉਹਨਾਂ ਨੇ ਵੱਡੀ ਸਮਝਦਾਰੀ ਦਿਖਾਉਂਦੇ ਜਹਾਜ਼ ਨੂੰ ਪਿੰਡ ਦੀ ਅਬਾਦੀ ਤੋਂ ਬਾਹਰ ਵਾਰ ਖੇਤਾਂ ਤੱਕ ਲੈ ਗਏ। ਜਿਸ ਨਾਲ ਵੱਡਾ ਹਾਦਸਾ ਟਲ ਗਿਆ। ਜ਼ਹਾਜ਼ ਦੇ ਕੈ੍ਰਸ਼ ਹੋਣ ‘ਤੇ ਨੇੜੇ ਦੇ ਖੇਤਾਂ ਵਿਚ ਕੰਮ ਕਰ ਰਹੇ ਕੁਝ ਕਿਸਾਨਾਂ ਅਤੇ ਮਜ਼ਦੂਰਾਂ ਨੇ ਉਸੇ ਸਮੇਂ ਇਸ ਦੀ ਦੁਰਘਟਨਾ ਦੀ ਸੂਚਨਾ ਜਿਲ੍ਹਾ ਸ਼ਹੀਦ ਭਗਤ ਸਿੰਘ ਪ੍ਰਸ਼ਾਸ਼ਨ ਨੂੰ ਦਿੱਤੀ। ਉੱਧਰ ਜਹਾਜ਼ ਦੇ ਡਿੱਗਦੇ ਹੀ ਖੇਤਾਂ ਵਿਚ ਅੱਗ ਲੱਗ ਗਈ, ਫਾਇਰ ਬਿ੍ਰਗੇਡ ਦੀਆਂ ਗੱਡੀਆਂ ਨੇ ਮੌਕੇ ‘ਤੇ ਪੁੱਜ ਕੇ ਅੱਗ ਬੁਝਾਉਣ ਦਾ ਕੰਮ ਕੀਤਾ। ਚਸ਼ਮਦੀਦਾਂ ਅਨੁਸਾਰ ਅਸਮਾਨ ਵਿਚ 2-3 ਜ਼ਹਾਜ਼ ਘੁੰਮ ਰਹੇ ਸਨ, ਦੇਖਦੇ-ਦੇਖਦੇ ਹੀ ਇੱਕ ਜ਼ਹਾਜ਼ ਬੇਕਾਬੂ ਹੋ ਗਿਆ ਤੇ ਹੇਠਾਂ ਵੱਲ ਨੂੰ ਤੇਜ਼ੀ ਨਾਲ ਵਧਿਆ। ਧਰਤੀ ਤੇ ਜ਼ਹਾਜ ਡਿੱਗਦੇ ਵੱਡਾ ਅੱਗ ਦਾ ਧਮਾਕਾ ਹੋਇਆ ਅਤੇ ਖੇਤਾਂ ਵਿਚ ਕੱਟੀ ਕਣਕ ਦੀ ਨਾੜ ਨੂੰ ਅੱਗ ਪੈ ਗਈ। ਇਸ ਦਾ ਧੂੰਆਂ ਦੂਰ ਦੂਰ ਤੱਕ ਦਿਖਾਈ ਦੇ ਰਿਹਾ ਸੀ। ਇਸ ਮੌਕੇ ਜ਼ਿਲਾ ਪ੍ਰਸ਼ਾਸ਼ਨ ਦੇ ਉੱਚ ਅਧਿਕਾਰੀਆਂ ਨੇ ਸਥਿਤੀ ਨੂੰ ਸੰਭਾਲਿਆ। ਨਵਾਂਸ਼ਹਿਰ ਦੇ ਸਰਕਾਰੀ ਡਾਕਟਰਾਂ ਵੱਲੋਂ ਪਾਇਲਟ ਐਮ.ਕੇ. ਪਾਂਡੇ ਨੂੰ ਫਸਟ ਏਡ ਪ੍ਰਦਾਨ ਕੀਤੀ ਗਈ।ਆਦਮਪੁਰ ਏਅਰਫੋਰਸ ਬੇਸ ਤੋਂ ਲਗਭਗ 11:30 ਵਜੇ ਤੋਂ ਪੁੱਜੇ ਹੈਲੀਕਾਪਟਰ ਰਾਹੀਂ ਪਾਇਲਟ ਨੂੰ ਵਾਪਸ ਆਦਮਪੁਰ ਲਿਜਾਇਆ ਗਿਆ ਹੈ। ਇਸ ਮੌਕੇ ਡਿਪਟੀ ਕਮਿਸ਼ਨਰ ਵਿਨੈ ਬਬਲਾਨੀ, ਐਸ.ਐਸ.ਪੀ. ਅਲਕਾ ਮੀਨਾ, ਵਿਧਾਇਕ ਅੰਗਦ ਸਿੰਘ, ਐਸ.ਡੀ.ਐਮ. ਜਗਦੀਸ਼ ਸਿੰਘ ਕਾਹਲੋਂ, ਐਸ.ਪੀ. ਵਜ਼ੀਰ ਸਿੰਘ ਖਹਿਰਾ, ਤਹਿਸੀਲਦਾਰ ਕੁਲਵੰਤ ਸਿੰਘ ਸਿੱਧੂ ਅਤੇ ਹੋਰ ਪ੍ਰਸ਼ਾਸ਼ਨਿਕ ਅਧਿਕਾਰੀਆਂ ਵੀ ਘਟਨਾ ਸਥਾਨ ਦਾ ਦੌਰਾ ਕੀਤਾ।