ਬਿਨਾਂ ਵੈਕਸੀਨ ਦੇ ਹੀ ਕੋਰੋਨਾ ਦਾ ਖਾਤਮਾ ਹੋ ਜਾਵੇਗਾ-ਟਰੰਪ

ਮੌਤਾਂ ਦੀ ਗਿਣਤੀ 79696 ਹੋਈ

ਚੋਟੀ ਦੇ ਸਿਹਤ ਅਧਿਕਾਰੀ ਇਕਾਂਤਵਾਸ ਹੋਏ

ਭਾਰਤ ਤੇ ਅਮਰੀਕਾ 3 ਵੈਕਸੀਨਾਂ ‘ਤੇ ਕਰ ਰਹੇ ਹਨ ਕੰਮ

ਵਾਸ਼ਿੰਗਟਨ (ਹੁਸਨ ਲੜੋਆ ਬੰਗਾ)- ਸਿਹਤ ਮਾਹਿਰਾਂ ਦੇ ਉਲਟ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਕਹਿਣਾ ਹੈ ਕਿ ਬਿਨਾਂ ਕਿਸੇ ਵੈਕਸੀਨ ਦੇ ਹੀ ਕੋਰੋਨਾਵਾਇਰਸ ਖਤਮ ਹੋ ਜਾਵੇਗਾ। ਟਰੰਪ ਨੇ ਵਾਈਟ ਹਾਊਸ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕੋਰੋਨਾ ਖਤਮ ਹੋ ਜਾਵੇਗਾ ਤੇ ਆਸ ਹੈ ਕਿ ਇਕ ਸਮੇਂ ਬਾਅਦ ਇਸ ਦਾ ਸਾਡੇ ਨਾਲ ਕਦੀ ਵੀ ਸਾਹਮਣਾ ਨਹੀਂ ਹੋਵੇਗਾ। ਉਨਾਂ ਕਿਹਾ ਕਿ ਕੁਝ ਲੋਕਾਂ ਨੂੰ ਇਸ ਬਾਰੇ ਭੁਲੇਖਾ ਹੋ ਸਕਦਾ ਹੈ ਪਰ ਮੈ ਇਸ ਸਬੰਧੀ ਸਪਸ਼ਟ ਹਾਂ। ਅਮਰੀਕਾ ਨੇ ਕੁਝ ਦਿਨ ਪਹਿਲਾਂ ਹੀ ਕੋਰੋਨਾ ਬਾਰੇ ਵੈਕਸੀਨ ਬਣਾਉਣ ਲਈ ਯਤਨ ਤੇਜ ਕੀਤੇ ਹਨ।

ਉਂਝ ਲਾਗ ਵਾਲੀਆਂ ਬਿਮਾਰੀਆਂ ਬਾਰੇ ਚੋਟੀ ਦੇ ਮਾਹਿਰ ਡਾ ਐਨਥਨੀ ਫੌਕੀ ਕਹਿ ਚੁੱਕੇ ਹਨ ਕਿ ਆਮ ਜਨਤਾ ਨੂੰ ਵੈਕਸੀਨ ਦੇਣ ‘ਚ ਡੇਢ ਸਾਲ ਦਾ ਸਮਾ ਲੱਗ ਸਕਦਾ ਹੈ। ਉਨਾਂ ਕਿਹਾ ਹੈ ਕਿ ਅਸਰਦਾਇਕ ਵੈਕਸੀਨ ਤੋਂ ਬਿਨਾਂ ਕੋਰੋਨਾਵਾਇਰਸ ਸਾਡਾ ਪਿੱਛਾ ਨਹੀਂ ਛਡੇਗਾ।
1568 ਹੋਰ ਮੌਤਾਂ–
ਪਿਛਲੇ 24 ਘੰਟਿਆਂ ਦੌਰਾਨ ਅਮਰੀਕਾ ਵਿਚ 1568 ਕੋਰੋਨਾਪੀੜਤ ਵਿਅਕਤੀ ਦਮ ਤੋੜ ਗਏ ਹਨ। ਇਸ ਨਾਲ ਮ੍ਰਿਤਕਾਂ ਦੀ ਗਿਣਤੀ 79696 ਹੋ ਗਈ ਹੈ।  ਤਕਰੀਬਨ 18000 ਨਵੇਂ ਮਰੀਜ਼ ਆਉਣ ਨਾਲ ਕੋਰੋਨਾਵਾਇਰਸ ਨਾਲ ਪੀੜਤ ਮਰੀਜ਼ਾਂ ਦੀ ਗਿਣਤੀ 13,40,000 ਹੋ ਗਈ ਹੈ। ਕੋਰੋਨਾ ਨਾਲ ਸਭ ਤੋਂ ਵਧ ਪ੍ਰਭਾਵਿਤ ਨਿਊਯਾਰਕ ਵਿਚ 217 ਵਿਅਕਤੀਆਂ ਦੀਆਂ ਹੋਰ ਮੌਤਾਂ ਹੋਣ ਨਾਲ ਰਾਜ ਵਿਚ ਮ੍ਰਿਤਕਾਂ ਦੀ ਗਿਣਤੀ 21271 ਹੋ ਗਈ ਹੈ।
ਭਾਰਤ ਤੇ ਅਮਰੀਕਾ ਵੈਕਸੀਨ ਤਿਆਰ ਕਰਨ ‘ਚ ਜੁੱਟੇ-
ਕੋਰੋਨਾਵਾਇਰਸ ਸਬੰਧੀ 3 ਵੈਕਸੀਨਾਂ ਉਪਰ ਭਾਰਤੀ ਤੇ ਅਮਰੀਕੀ ਕੰਪਨੀਆਂ ਮਿਲਕੇ ਕੰਮ ਕਰ ਰਹੀਆਂ ਹਨ। ਭਾਰਤੀ ਰਾਜਦੂਤ ਤਰਨਜੀਤ ਸਿੰਘ ਸੰਧੂ ਨੇ ਇਹ ਖੁਲਾਸਾ ਕਰਦਿਆਂ ਕਿਹਾ ਹੈ ਕਿ ਅਮਰੀਕਾ ਦਾ ਭਾਰਤ ਭਰੋਸੇਮੰਦ ਹਿੱਸੇਦਾਰ ਹੈ ਤੇ ਵਾਸ਼ਿੰਗਟਨ ਨੂੰ ਲੋੜੀਂਦਾ ਸਹਿਯੋਗ ਦੇਣ ਦੇ ਸਮਰਥ ਹੈ। ਉਨਾਂ ਕਿਹਾ ਕਿ ਕੋਵਿਡ-19 ਸੰਕਟ ਦੌਰਾਨ ਸ਼ੁਰੂ ਤੋਂ ਹੀ ਦੋਨੋਂ ਦੇਸ਼ ਆਪਸ ਵਿਚ ਸਹਿਯੋਗ ਤੇ ਉਹ ਇਕ ਦੂਸਰੇ ਦੀ ਹਰ ਸੰਭਵ ਮੱਦਦ ਕਰ ਰਹੇ ਹਨ। ਅਮਰੀਕਾ ਭਾਰਤ ਨੂੰ ਕੋਰੋਨਾਵਾਇਰਸ ਨਾਲ ਲੜਨ ਲਈ 59 ਲੱਖ ਡਾਲਰ ਦੀ ਵਿੱਤੀ ਸਹਾਇਤਾ ਵੀ ਦੇ ਚੁੱਕਾ ਹੈ।
ਚੋਟੀ ਦੇ ਸਿਹਤ ਅਧਿਕਾਰੀ ਇਕਾਂਤਵਾਸ ‘ਚ–
ਕੋਰੋਨਾਵਾਇਰਸ ਨਾਲ ਪੀੜਤ ਵਿਅਕਤੀ ਦੇ ਸੰਪਰਕ ਵਿਚ ਆਉਣ ਤੋਂ ਬਾਅਦ ਚੋਟੀ ਦੇ ਸਿਹਤ ਅਧਿਕਾਰੀ ਤੇ ਵਾਈਟ ਹਾਊਸ ਕੋਰੋਨਾਵਾਇਰਸ ਟਾਸਕ ਫੋਰਸ ਦੇ  ਮੈਂਬਰ ਇਕਾਂਤਵਾਸ ਵਿਚ ਚਲੇ ਗਏ ਹਨ। ਸਰਕਾਰੀ ਬਿਆਨ ਅਨੁਸਾਰ ਇਨਾਂ ਅਧਿਕਾਰੀਆਂ ਵਿਚ ਨੈਸ਼ਨਲ ਇੰਸਟੀਚਿਊਟ ਆਫ ਅਲਰਜੀ ਐਂਡ ਇਨਫੈਕਸੀਅਸ ਡਸੀਜ਼ ਦੇ ਡਾਇਰੈਕਟਰ ਡਾ ਐਨਥਨੀ ਫੌਕੀ ਵੀ ਸ਼ਾਮਿਲ ਹਨ। ਫੌਕੀ ਦਾ ਕੋਰੋਨਾਵਾਇਰਸ ਨਾਲ ਲੜੀ ਜਾ ਰਹੀ ਜੰਗ ਵਿਚ ਅਹਿਮ ਯੋਗਦਾਨ ਹੈ। ਉਹ ਚੋਟੀ ਦੇ ਸਿਹਤ ਮਾਹਿਰ ਹਨ।

Share This :

Leave a Reply