ਅਮਰੀਕਾ ਵਿਚ ਰੋਜ਼ਾਨਾ ਮੌਤਾਂ ਦੀ ਗਿਣਤੀ ਘਟੀ
ਬੀਚਾਂ ਤੇ ਹੋਰ ਥਾਵਾਂ ‘ਤੇ ਇਕੱਠੇ ਹੋ ਰਹੇ ਲੋਕਾਂ ਨੂੰ ਅਵੇਸਲੇ ਨਾ ਹੋਣ ਲਈ ਕਿਹਾ
ਵਾਸ਼ਿੰਗਟਨ (ਹੁਸਨ ਲੜੋਆ ਬੰਗਾ)— ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕੋਰੋਨਾਵਾਇਰਸ ਦੇ ਫੈਲਾਅ ਨੂੰ ਰੋਕਣ ਲਈ ਬਰਾਜ਼ੀਲ ਉਪਰ ਨਵੀਆਂ ਯਾਤਰਾ ਪਾਬੰਦੀਆਂ ਲਾਉਣ ਦਾ ਐਲਾਨ ਕੀਤਾ ਹੈ ਜੋ ਫੌਰੀ ਲਾਗੂ ਹੋ ਗਈਆਂ ਹਨ। ਰਾਸ਼ਟਰਪਤੀ ਨੇ ਆਪਣੇ ਐਲਾਨ ਵਿਚ ਕਿਹਾ ਹੈ ਕਿ ਮੈਂ ਇਸ ਵਾਸਤੇ ਦ੍ਰਿੜ ਸੰਕਲਪ ਹਾਂ ਕਿ ਇਹ ਅਮਰੀਕਾ ਦੇ ਹਿੱਤ ਵਿਚ ਹੈ ਕਿ ਬਰਾਜ਼ੀਲ ਵਿਚ ਰਹਿ ਰਹੇ ਕਿਸੇ ਵੀ ਪ੍ਰਵਾਸੀ, ਗੈਰ ਪ੍ਰਵਾਸੀ ਜਾਂ ਵਿਦੇਸ਼ੀ ਦਾ ਅਮਰੀਕਾ ਵਿਚ ਦਾਖਲਾ ਮੁਲਤਵੀ ਕਰ ਦਿੱਤਾ ਜਾਵੇ। ਬਰਾਜ਼ੀਲ ਵਿਚ ਇਸ ਸਮੇਂ 3,47,000 ਵਿਅਕਤੀ ਕੋਰੋਨਾ ਤੋਂ ਪੀੜਤ ਹਨ।
ਟਰੰਪ ਦੇ ਐਲਾਨ ਉਪਰੰਤ ਵਾਈਟ ਹਾਊਸ ਦੇ ਪ੍ਰੈਸ ਸਕੱਤਰ ਕੇਲੀਘ ਮੈਕਏਨਾਨੀ ਨੇ ਕਿਹਾ ਕਿ ਅੱਜ ਦੀ ਕਾਰਵਾਈ ਇਸ ਗੱਲ ਨੂੰ ਯਕੀਨੀ ਬਣਾਏਗੀ ਕਿ ਵਿਦੇਸ਼ੀ ਨਾਗਰਿਕ ਜੋ ਬਰਾਜ਼ੀਲ ਵਿਚ ਹਨ, ਦੇਸ਼ ਵਿਚ ਕੋਰੋਨਾ ਲਾਗ ਵਧਣ ਦਾ ਕਾਰਨ ਨਹੀਂ ਬਣਨਗੇ। ਨਵੀਆਂ ਪਾਬੰਦੀਆਂ ਅਮਰੀਕਾ ਤੇ ਬਰਾਜ਼ੀਲ ਵਿਚਾਲੇ ਚਲ ਰਹੀਆਂ ਵਪਾਰਕ ਸਰਗਰਮੀਆਂ ਉਪਰ ਲਾਗੂ ਨਹੀਂ ਹੋਣਗੀਆਂ।
ਅਮਰੀਕਾ ਵਿਚ 617 ਹੋਰ ਮੌਤਾਂ–
ਅਮਰੀਕਾ ਵਿਚ ਪਿਛਲੇ 24 ਘੰਟਿਆਂ ਦੌਰਾਨ 617 ਹੋਰ ਕੋਰੋਨਾ ਪੀੜਤ ਮਰੀਜ਼ ਦਮ ਤੋੜ ਗਏ ਹਨ । ਪਿਛਲੇ ਦਿਨਾਂ ਦੀ ਤੁਲਨਾ ਵਿਚ ਕੋਰੋਨਾਵਾਇਰਸ ਨਾਲ ਮੌਤਾਂ ਦੀ ਗਿਣਤੀ ਕਾਫੀ ਘਟੀ ਹੈ। ਇਕ ਸਮੇਂ ਰੋਜਾਨਾ 2000 ਦੇ ਕਰੀਬ ਮੌਤਾਂ ਹੋ ਰਹੀਆਂ ਸਨ। ਮੌਤਾਂ ਦੀ ਕੁਲ ਗਿਣਤੀ 99300 ਹੋ ਗਈ ਹੈ। 19608 ਨਵੇਂ ਮਰੀਜ਼ ਹਸਪਤਾਲਾਂ ਵਿਚ ਪੁੱਜੇ ਹਨ। ਪੀੜਤਾਂ ਦੀ ਕੁਲ ਗਿਣਤੀ 16,86,436 ਹੋ ਗਈ ਹੈ। 4,51,702 ਮਰੀਜ਼ ਠੀਕ ਹੋ ਕੇ ਘਰਾਂ ਨੂੰ ਜਾ ਚੁੱਕੇ ਹਨ। ਇਸ ਸਮੇਂ ਸਿਹਤਯਾਬ ਹੋਣ ਦੀ ਦਰ 82% ਜਦ ਕਿ ਮੌਤ ਦਰ 18% ਹੈ। ‘ਹੌਟ ਸਪਾਟ’ ਬਣੇ ਨਿਊਯਾਰਕ ਵਿਚ 119 ਹੋਰ ਮੌਤਾਂ ਹੋਣ ਨਾਲ ਰਾਜ ਵਿਚ ਮੌਤਾਂ ਦੀ ਕੁਲ ਗਿਣਤੀ 29231 ਹੋ ਗਈ ਹੈ। ਨਿਊਯਾਰਕ ਤੋਂ ਬਾਅਦ ਮੌਤਾਂ ਦੇ ਮਾਮਲੇ ਵਿਚ ਨਿਊਜਰਸੀ ਦੂਸਰੇ ਸਥਾਨ ‘ਤੇ ਹੈ ਜਿਥੇ ਹੁਣ ਤੱਕ 11139 ਅਮਰੀਕੀ ਦਮ ਤੋੜ ਚੁੱਕੇ ਹਨ। ਪੰਜਾਬੀਆਂ ਦੀ ਸੰਘਣੀ ਆਬਾਦੀ ਵਾਲਾ ਰਾਜ ਕੈਲੀਫੋਰਨੀਆ ਸਤਵੇਂ ਸਥਾਨ ‘ਤੇ ਹੈ ਜਿਥੇ ਹੁਣ ਤੱਕ 3790 ਮੌਤਾਂ ਹੋ ਚੁੱਕੀਆਂ ਹਨ ਤੇ ਪੀੜਤਾਂ ਦੀ ਗਿਣਤੀ 94486 ਹੈ।
ਕਈ ਰਾਜਾਂ ਵਿਚ ਨਵੇਂ ਮਾਮਲੇ–
ਘਰਾਂ ਵਿਚ ਰਹਿਣ ਸਬੰਧੀ ਲਾਗੂ ਪਾਬੰਦੀਆਂ ਵਿਚ ਢਿੱਲ ਦੇਣ ਉਪਰੰਤ ਬੀਚਾਂ ਤੇ ਰੈਸਟੋਰੈਂਟਾਂ ਵਿਚ ਲੋਕਾਂ ਦੀ ਆਮਦ ਵਧ ਜਾਣ ਦੇ ਸਿੱਟੇ ਵਜੋਂ ਕਈ ਰਾਜਾਂ ਵਿਚ ਕੋਰੋਨਾ ਦੇ ਨਵੇਂ ਮਾਮਲੇ ਸਾਹਮਣੇ ਆਏ ਹਨ। ਯੂ. ਐਸ ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ ਕਮਿਸ਼ਨਰ ਡਾਕਟਰ ਸਟੀਫਨ ਐਮ ਹਾਨ ਨੇ ਕਿਹਾ ਹੈ ਕਿ ”ਦੇਸ਼ ਹਫਤਾਵਾਰੀ ਛੁੱਟੀਆਂ ਮਨਾਉਣ ਲਈ ਖੁਲ• ਰਿਹਾ ਹੈ, ਮੈਂ ਤੁਹਾਨੂੰ ਦੁਬਾਰਾ ਚੇਤੇ ਕਰਵਾਉਂਦਾ ਹਾਂ ਕਿ ਕੋਰੋਨਾ ਮਹਾਮਾਰੀ ਅਜੇ ਖਤਮ ਨਹੀਂ ਹੋਈ। ਇਹ ਹਰ ਵਿਅਕਤੀ ਉਪਰ ਨਿਰਭਰ ਕਰਦਾ ਹੈ ਕਿ ਉਹ ਆਪਣੀ ਤੇ ਬਾਕੀ ਲੋਕਾਂ ਦੀ ਰਖਿਆ ਕਰੇ। ਸਮਾਜਿਕ ਦੂਰੀ ਰਖਣ, ਹੱਥਾਂ ਨੂੰ ਧੋਣ ਤੇ ਮਾਸਕ ਪਹਿਣਨ ਨਾਲ ਅਸੀਂ ਆਪਣਾ ਤੇ ਦੂਸਰਿਆਂ ਦਾ ਬਚਾਅ ਕਰ ਸਕਦੇ ਹਾਂ”