ਫਰਿਜ਼ਨੋ, ਕੈਲੇਫੋਰਨੀਆਂ (ਨੀਟਾ ਮਾਛੀਕੇ / ਕੁਲਵੰਤ ਧਾਲੀਆਂ): ਪਿਛਲੇ ਦਿਨੀਂ ਪੰਜਾਬ ਅੰਦਰ ਹੋਈਆਂ ਐਨ. ਆਰ. ਆਈ. ਸਭਾ ਪੰਜਾਬ ਦੀਆਂ ਚੋਣਾਂ ਵਿੱਚ ਫਰਿਜ਼ਨੋ ਨਿਵਾਸੀ ਉੱਘੇ ਕਾਰੋਬਾਰੀ ਪਾਲ ਸਹੋਤਾ (ਕਿਰਪਾਲ ਸਿੰਘ ਸਹੋਤਾ) ਨੇ ਆਪਣੇ ਵਿਰੋਧੀ ਜਸਵੀਰ ਸਿੰਘ ਗਿੱਲ ਨੂੰ 160 ਵੋਟਾਂ ਨਾਲ ਹਰਾਕੇ ਐਨ. ਆਰ. ਆਈ. ਸਭਾ ਪੰਜਾਬ ਦੀ ਪ੍ਰਧਾਨਗੀ ਆਪਣੇ ਨਾਮ ਕੀਤੀ। ਸ਼ਨੀਵਾਰ ਸਵੇਰੇ 9 ਵਜੇ ਵੋਟਾਂ ਪੈਣੀਆ ਸ਼ੁਰੂ ਹੋਈਆ ‘ਤੇ ਸ਼ਾਮ ਤੱਕ ਮੱਠੀ ਰਫ਼ਤਾਰ ਨਾਲ ਜਾਰੀ ਰਹੀਆਂ। ਸ਼ਾਮ 5 ਵਜੇ ਤੱਕ ਸਭਾ ਦੇ ਮਸੀ ਡੇਢ ਫੀਸਦੀ ਵੋਟਰਾਂ ਨੇ ਵੋਟਿੰਗ ਕੀਤੀ। ਕੁੱਲ 22923 ਮੈਂਬਰਾਂ ਵਾਲੀ ਐਨ. ਆਰ. ਆਈ. ਸਭਾ ਦੇ ਪ੍ਰਧਾਨ ਦੇ ਅਹੁਦੇ ਲਈ ਇਹਨਾਂ ਵਿੱਚੋਂ ਸਿਰਫ 360 ਮੈਂਬਰ ਹੀ ਵੋਟ ਪਾਉਣ ਲਈ ਮੈਦਾਨ ਵਿੱਚ ਆਏ। ਇਹਨਾਂ ਵਿੱਚੋਂ 260 ਵੋਟ ਪਾਲ ਸਿੰਘ ਸਹੋਤਾ ਦੇ ਹੱਕ ਵਿੱਚ ਪਏ ‘ਤੇ ਸਿਰਫ 100 ਵੋਟ ਵਿਰੋਧੀ ਜਸਵੀਰ ਸਿੰਘ ਗਿੱਲ ਨੂੰ ਪਏ ‘ਤੇ 2 ਵੋਟਾਂ ਰੱਦ ਹੋ ਗਈਆ। ਇਸ ਵਾਰ ਸਭਾ ਦੀ ਪ੍ਰਧਾਨਗੀ ਲਈ ਸਿਰਫ ਦੋ ਉਮੀਦਵਾਰਾਂ ਵਿੱਚ ਹੀ ਮੁੱਖ ਮੁਕਾਬਲਾ ਸੀ, ਤੀਸਰੇ ਉਮੀਦਵਾਰ ਪ੍ਰੀਤਮ ਸਿੰਘ ਨੇ ਸ਼ੁੱਕਰਵਾਰ ਆਪਣਾ ਨਾਮ ਵਾਪਸ ਲੈਂਦਿਆਂ ਪਾਲ ਸਹੋਤਾ ਦਾ ਸਮਰਥਨ ਕਰਨ ਦਾ ਐਲਾਨ ਕਰ ਦਿੱਤਾ ਸੀ। ਇਸ ਵਾਰ ਦੀ ਸਭਾ ਦੀ ਚੋਂਣ ਵਿੱਚ ਅਮਰੀਕਾ, ਫਰਾਂਸ, ਇੰਗਲੈਂਡ, ਕਨੇਡਾ, ਆਸਟਰੇਲੀਆ ਆਦਿ ਦੇਸ਼ਾਂ ਦੇ ਐਨ. ਆਰ. ਆਈਜ਼ ਨੇ ਭਾਗ ਲਿਆ। ਐਨ. ਆਰ. ਆਈ. ਸਭਾ ਪੰਜਾਬ ਦੀ ਪਹਿਲੀ ਚੋਣ 2010 ਵਿੱਚ ਹੋਈ ਸੀ ਅਤੇ ਉਸ ਸਮੇਂ 12.5% ਵੋਟਿੰਗ ਹੋਈ ਸੀ। ਇਸ ਬਾਅਦ 2013 ਵਿੱਚ 9.22% ਵੋਟਿੰਗ ਹੋਈ ਅਤੇ ਇਸ ਵਾਰ ਸਿਰਫ 1.5% ਵੋਟਿੰਗ ਹੋਈ। ਇਸ ਵਾਰ ਜ਼ਿਆਦਾ ਘੱਟ ਵੋਟਿੰਗ ਲਈ ਸ਼ਾਇਦ ਕਰੋਨਾਂ ਵਾਇਰਸ ਕਰਕੇ ਟਰੈਵਲ ਬੈਂਨ ਵਗੈਰਾ ਵੀ ਜ਼ੁੰਮੇਵਾਰ ਹੋ ਸਕਦਾ ਹੈ। ਕੁਲ ਮਿਲਾਕੇ ਪਾਲ ਸਹੋਤਾ ਦੀ ਜਿੱਤ ਕਾਰਨ ਅਮਰੀਕਾ ਵਿੱਚ ਪੰਜਾਬੀ ਭਾਈਚਾਰੇ ਅੰਦਰ ਖ਼ੁਸ਼ੀ ਦੀ ਲਹਿਰ ਹੈ। ਪਾਲ ਸਹੋਤਾ ਇਲਾਕੇ ਦੀ ਜਾਣੀ-ਪਹਿਚਾਣੀ ਸਖਸ਼ੀਅਤ ਹੈ। ਉਹ ਹਮੇਸਾ ਪਾਰਟੀ ਅਤੇ ਹੋਰ ਵਿਤਕਰੇ ਤੋਂ ਉਪਰ ਉੱਠ ਕੇ ਸਮਾਜਿਕ ਕੰਮਾਂ ਅਤੇ ਲੋਕਾਂ ਨਾਲ ਹਰ ਵੇਲੇ ਮਦਦ ਲਈ ਖੜਨ ਵਾਲਾ ਇਨਸਾਨ ਹੈ। ਖਾਸ ਤੌਰ ‘ਤੇ ਉਹ ਪਹਿਲਾ ਤੋਂ ਪ੍ਰਦੇਸੀਆਂ ਦੀਆ ਸਮੱਸਿਆਵਾ ਨੂੰ ਭਾਰਤ ਸਰਕਾਰ ਦੇ ਨਾਲ ਸਾਂਝਾ ਕਰਦਾ ਰਿਹਾ ਹੈ ਅਤੇ ਉਨ੍ਹਾਂ ਦੇ ਹੱਲ ਕਰਨ ਲਈ ਯਤਨਸੀਲ ਵੀ ਰਿਹਾ।
ਇਸ ਕਰਕੇ ਨਿਵਾਸੀ ਵੀ ਆਪਣੇ ਮਹਿਬੂਬ ਲੀਡਰ ਪਾਲ ਸਹੋਤਾਂ ਦੀ ਜਿੱਤ ਦੇ ਜਸ਼ਨ ਮਨਾਉਦੇ ਨਜ਼ਰ ਆਏ। ਇਸ ਮੌਕੇ ਫੋਨ ‘ਤੇ ਗੱਲ-ਬਾਤ ਕਰਦਿਆਂ ਪਾਲ ਸਹੋਤਾਂ ਨੇ ਕਿਹਾ ਕਿ ਉਹ ਸਮੂਹ ਵੋਟਰਾਂ ਦਾ ਧੰਨਵਾਦ ਕਰਦੇ ਹਨ ਅਤੇ ਵਿਸ਼ਵਾਸ ਦਿਵਾਉਂਦੇ ਹਨ ਕਿ ਉਹ ਪਾਰਟੀਬਾਜ਼ੀ ਤੋਂ ਉੱਪਰ ਉੱਠਕੇ, ਬਿਨਾਂ ਕਿਸੇ ਭੇਦਭਾਵ ਐਨ. ਆਰ. ਆਈ. ਭੈਂਣ-ਭਰਾਵਾਂ ਦੇ ਮਸਲੇ ਪਹਿਲ ਦੇ ਅਧਾਰ ਤੇ ਉਠਾਉਣਗੇ, ‘ਤੇ ਉਹਨਾਂ ਨੂੰ ਹੱਲ ਕਰਵਾਉਣ ਲਈ ਹਰ ਸਾਰਥਿਕ ਉਪਰਾਲਾ ਕਰਨਗੇ। ਪਾਲ ਸਿੰਘ ਸਹੋਤਾ ਨੇ ਕਿਹਾ ਕਿ ਉਹ ਨਹੀਂ ਚਾਹੁੰਦੇ ਕਿ ਐਨ. ਆਰ. ਆਈ. ਸਭਾ ਪੰਜਾਬ ਦੇ ਪ੍ਰਧਾਨ ਦੀ ਚੋਣ ਵੋਟਾਂ ਨਾਲ ਹੋਵੇ, ਸਗੋਂ ਉਹ ਸਰਬ-ਸੰਮਤੀ ਦੇ ਹੱਕ ਵਿੱਚ ਹਨ। ਉਹਨਾਂ ਕਿਹਾ ਕਿ ਉਹ ਜਲਦ ਅਮਰੀਕਾ ਪਰਤਣਗੇ ਤੇ ਆਪਣੇ ਦਫਤਰ ਜ਼ਰੀਏ ਐਨ. ਆਰ. ਆਈ. ਸਭਾ ਪੰਜਾਬ ਲਈ ਫ਼ੋਨ ਨੰਬਰ ਵਗੈਰਾ ਜਾਰੀ ਕਰਨਗੇ ਤਾਂ ਜੋ ਵਿਦੇਸ਼ਾਂ ਵਿੱਚ ਵਸਦੇ ਪੰਜਾਬੀਆਂ ਦੇ ਮਸਲਿਆਂ ਨੂੰ ਸੁਣਕੇ ਪੰਜਾਬ ਸਰਕਾਰ ਤੱਕ ਪਹੁੰਚਾਇਆ ਜਾ ਸਕੇ। ਉਹਨਾਂ ਸਮੂੰਹ ਐਨ. ਆਰ. ਆਈਜ਼ ਦਾ ਸਹਿਯੋਗ ਲਈ ਸ਼ੁਕਰੀਆ ਅਦਾ ਕੀਤਾ।