ਫਰਿਜ਼ਨੋ ਦੀ 81 ਸਾਲਾ ਪੰਜਾਬੀ ਮਾਤਾ ਦੀ ਮਾਸਕ ਬਣਾਉਣ ਕਰਕੇ ਚਾਰੇ ਪਾਸੇ ਧੁੰਮ

ਫਰਿਜ਼ਨੋ ਨਿਵਾਸੀ 81 ਸਾਲਾਂ ਮਾਤਾ ਹਰਬੰਸ ਕੌਰ

ਫਰਿਜ਼ਨੋ (ਨੀਟਾ ਮਾਛੀਕੇ / ਕੁਲਵੰਤ ਧਾਲੀਆਂ) – ਮੇਜ਼ ‘ਤੇ ਗੁਲਾਬੀ ਰੰਗ ਦੇ ਕੱਪੜੇ ਟੁਕੜੇ ਖਿੰਡੇ ਹੋਏ ਹਨ, ਕਿਉਂਕਿ ਹਰਬੰਸ ਕੌਰ ਇਕ ਤੋਂ ਬਾਅਦ ਇਕ ਚਿਹਰੇ ਦੇ ਮਾਸਕ ਬਣਾ ਰਹੀ ਹੈ। ਕੋਵਿੱਡ-19 ਦੇ ਮੱਦੇਨਜ਼ਰ ਫਰਿਜ਼ਨੋ ਨਿਵਾਸੀ 81 ਸਾਲਾਂ ਮਾਤਾ ਹਰਬੰਸ ਕੌਰ ਆਪਣੇ ਘਰੋ ਹੀ ਲੋੜਵੰਦ ਲੋਕਾਂ ਲਈ ਚਿਹਰੇ ਦੇ ਮਾਸਕ ਬਣਾ ਰਹੀ ਹੈ ਅਤੇ ਮਨੁੱਖਤਾ ਦੇ ਭਲੇ ਲਈ ਮਾਸਕਾਂ ਨੂੰ ਦਾਨ ਕਰ ਰਹੀ ਹੈ। ਕੌਰ ਦੀ ਬੇਟੀ ਜੁਗਨੂੰ ਭੰਡਾਲ ਖ਼ਾਲਸ ਏਡ ਨਾਮ ਦੀ ਇੱਕ ਅੰਤਰਰਾਸ਼ਟਰੀ ਮਾਨਵਤਾਵਾਦੀ ਸੰਸਥਾ ਦਾ ਹਿੱਸਾ ਹੈ, ਜੋ ਸਿੱਖ ਧਰਮ ਦੀਆਂ ਕਦਰਾਂ ਕੀਮਤਾਂ ਉੱਤੇ ਅਧਾਰਤ ਹੈ। ਮਹਾਂਮਾਰੀ ਦੀ ਸ਼ੁਰੂਆਤ ਤੋਂ ਲੈ ਕੇ, ਵਲੰਟੀਅਰਾਂ ਨੇ ਪੂਰੇ ਅਮਰੀਕਾ ਦੀਆਂ ਵੱਖੋ ਵੱਖ ਸਟੇਟਾ ਵਿੱਚ ਲੰਗਰ ਲਗਾਏ, ਅਤੇ ਫਰਿਜ਼ਨੋ ਵਿੱਚ ਵੀ 800 ਦੇ ਕਰੀਬ ਬੇਘਰੇ ਲੋਕਾਂ ਤੱਕ ਲੰਗਰ ਪਹੁੰਚਦਾ ਕੀਤਾ।

ਇਸ ਸਮੇਂ ਸੰਸਥਾ ਨੂੰ ਉਹਨਾਂ ਵਲੰਟੀਅਰਾਂ ਦੀ ਜ਼ਰੂਰਤ ਸੀ ਜੋ ਮਾਸਕ ਸਿਲਾਈ ਕਰ ਸਕਣ। ਮਾਤਾ ਹਰਬੰਸ ਕੌਰ ਉਸੇ ਵੇਲੇ ਕੰਮ ਕਰਨ ਲਈ ਮਿਲ ਗਈ, ਜਦੋਂ ਉਹਨਾਂ ਨੂੰ ਮਾਸਕਾਂ ਦੀ ਸਖ਼ਤ ਜ਼ਰੂਰਤ ਸੀ। ਮਾਤਾ ਜੀ ਨੂੰ ਸਲਾਈ ਦਾ ਸ਼ੌਕ ਵੀ ਹੈ, ਅਤੇ ਉਹ ਮਨੁੱਖਤਾ ਦੇ ਭਲੇ ਲਈ ਇਹ ਕੰਮ ਕਰਨ ਲਈ ਉਤਸ਼ਾਹਿਤ ਵੀ ਹਨ। ਮਾਤਾ ਜੀ ਨੇ ਮਾਸਕ ਸਿਉਣ ਦੀ ਸਿਖਲਾਈ ਵਾਲੀ ਥੋੜਾ ਚਿਰ ਵੀਡੀਓ ਵੇਖਣ ਉਪਰੰਤ ਆਪਣੇ ਆਪ ਮਾਸਕ ਬਣਾਉਣੇ ਅਰੰਭ ਕਰ ਦਿੱਤੇ ਤੇ ਹੁਣ ਤੱਕ ਹਜ਼ਾਰਾਂ ਦੀ ਗਿਣਤੀ ਵਿੱਚ ਮਾਸਕ ਬਣਾ ਚੁੱਕੇ ਹਨ। ਮਾਤਾ ਹਰਬੰਸ ਕੌਰ ਦੀ ਮਾਸਕ ਬਣਾਉਂਦਿਆਂ ਦੀ ਇਹ ਤਸਵੀਰ ਸ਼ੋਸ਼ਲ ਮੀਡੀਏ ਤੇ ਬਹੁਤ ਜ਼ਿਆਦਾ ਵਾਇਰਸ ਹੋਈ, ਜਿਹੜੀ ਕਿ ਹੋਰਨਾਂ ਲਈ ਇੱਕ ਪ੍ਰੇਰਨਾਂ ਸਰੋਤਾ ਬਣ ਗਈ। ਜੁਗਨੂੰ ਭੰਡਾਲ ਨੇ ਦੱਸਿਆ ਕਿ ਉਨ੍ਹਾਂ ਨੂੰ ਬਹੁਤ ਸਾਰੇ ਕਾਰੋਬਾਰੀ ਅਤੇ ਸਿਹਤ ਕਰਮਚਾਰੀਆਂ ਦੇ ਮਾਸਕ ਲੈਣ ਲਈ ਫ਼ੋਨ ਆ ਰਹੇ ਰਹੇ ਹਨ ‘ਤੇ ਸੈਂਕੜੇ ਮਾਸਕ ਅਸੀਂ ਮਾਤਾ ਹਰਬੰਸ ਕੌਰ ਦੇ ਉੱਦਮ ਸਦਕੇ ਲੋੜਵੰਦ ਲੋਕਾਂ ਤੱਕ ਪਹੁੰਚਦੇ ਕਰ ਚੁੱਕੇ ਹਾਂ ਅਤੇ ਅਸੀਂ ਮਾਤਾ ਜੀ ਦੇ ਹੁੰਨਰ ਸਦਕੇ ਵੱਧ ਤੋਂ ਵੱਧ ਲੋਕਾਂ ਦੀ ਮਦਦ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ।

Share This :

Leave a Reply