ਫ਼ਤਹਿਗੜ੍ਹ ਸਾਹਿਬ (ਸੂਦ) ਕੋਰੋਨਾ ਵਾਈਰਸ ਦੀ ਜੰਗ ਲਡ਼ ਰਹੇ ਸਿਹਤ ਵਿਭਾਗ ਦੇ ਨੈਸ਼ਨਲ ਹੈਲਥ ਮਿਸ਼ਨ ਦੇ ਠੇਕਾ ਕਰਮਚਾਰੀ ਜੋ ਕਿ 27 ਅਪ੍ਰੈਲ ਤੋਂ ਪੰਜਾਬ ਸਰਕਾਰ ਪ੍ਰਤੀ ਰੋਸ ਪ੍ਰਗਟ ਕਰ ਰਹੇ ਸਨ ਕਿ ਉਨ੍ਹਾਂ ਦੀਆਂ ਤਨਖਾਹਾਂ ਵਿੱਚ ਵਾਧਾ ਕੀਤਾ ਜਾਵੇ ਜਾਂ ਰੈਗੁਲਰ ਕੀਤਾ ਜਾਵੇ। ਇਸ ਸੰਬੰਧੀ ਸਿਹਤ ਮੰਤਰੀ ਪੰਜਾਬ ਨੇ ਐਨਐਚਐਮ ਇੰਪਲਾਈਜ਼ ਯੂਨੀਅਨ ਪੰਜਾਬ ਦੇ ਸੂਬਾ ਆਗੂ ਸ. ਅਮਰਜੀਤ ਸਿੰਘ ਨੂੰ ਸਮੇਤ ਸਟੇਟ ਬਾਡੀ ਮਿਤੀ 28 ਅਪ੍ਰੈਲ ਨੂੰ ਆਪਣੀ ਰਿਹਾਇਸ਼ ਚੰਡੀਗਡ਼੍ਹ ਵਿਖੇ ਬੁਲਾਇਆ।
ਇਸ ਸੰਬਧੀ ਐਨਐਚਐਮ ਇੰਮਪਲਾਈਜ਼ ਯੂਨੀਅਨ ਦੇ ਸਕੱਤਰ ਅਤੇ ਜਿਲ੍ਹਾ ਪ੍ਰਧਾਨ ਹਰਪਾਲ ਸਿੰਘ ਸੋਢੀ ਫਤਿਹਗਡ਼੍ਹ ਸਾਹਿਬ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਦੌਰਾਨ ਦੱਸਿਆ ਕਿ ਸਿਹਤ ਮੰਤਰੀ ਪੰਜਾਬ ਸ. ਬਲਬੀਰ ਸਿੰਘ ਸਿੱਧੂ ਜੀ ਨੇ ਨੈਸ਼ਨਲ ਹੈਲਥ ਮਿਸ਼ਨ ਅਧੀਨ ਕੰਮ ਕਰਦੇ 13500 ਕਰਮਚਾਰੀਆਂ ਦੀਆਂ ਤਨਖਾਹਾਂ ਵਿੱਚ 18 ਪ੍ਰਤੀਸ਼ਤ ਵਾਧੂ ਵਾਧਾ ਦੇ ਕੇ ਤਨਖਾਹਾਂ ਵਧਾ ਦਿੱਤੀਆਂ ਗਈਆਂ ਜਿਸ ਵਿੱਚ ਕਰਮਚਾਰੀਆਂ ਨੂੰ ਮਿਲਣ ਵਾਲਾ ਸਲਾਨਾ ਵਾਧਾ 6 ਪ੍ਰਤੀਸ਼ਤ ਵੀ ਸ਼ਾਮਿਲ ਹੈ। ਇਸ ਤੇ ਯੂਨੀਅਨ ਦੇ ਆਗੂਆਂ ਨੇ ਸਿਹਤ ਮੰਤਰੀ ਪੰਜਾਬ ਸ.ਬਲਬੀਰ ਸਿੰਘ ਸਿੱਧੂ, ਮਿਸ਼ਨ ਡਾਇਰੈਕਟਰ ਸ਼੍ਰੀ ਕੁਮਾਰ ਰਾਹੁਲ, ਡਾਇਰੈਕਟਰ ਐਨਐਚਐਮ ਸ਼੍ਰੀ ਪਰਵਿੰਦਰਪਾਲ ਸਿੰਘ ਸਿੱਧੂ, ਡਾਇਰੈਕਟਰ ਫਾਇਨਾਂਸ ਸ਼੍ਰੀ ਨੀਰਜ ਸਿੰਗਲਾ ਅਤੇ ਐਚ.ਐਰ ਮੈਨੇਜਰ ਸ਼੍ਰੀਮਤੀ ਦੀਪਸ਼ਿਖਾ ਦਾ ਬਹੁਤ ਧੰਨਵਾਦ ਕੀਤਾ। ਇਸ ਵਾਧੇ ਤੋਂ ਬੇਸ਼ੱਕ ਘੱਟ ਤਨਖਾਹਾਂ ਵਾਲੇ ਕਰਮਚਾਰੀਆਂ ਨੂੰ ਬਹੁਤ ਹੀ ਘੱਟ ਫਾਇਦਾ ਹੋਇਆ ਹੈ ਤੇ ਉਨ੍ਹਾਂ ਵਿੱਚ ਨਿਰਾਸ਼ਾ ਪਾਈ ਗਈ ਹੈ। ਘੱਟ ਤਨਖਾਹਾਂ ਵਧਣ ਵਾਲੇ ਕਰਮਚਾਰੀਆਂ ਲਈ ਸਿਹਤ ਮੰਤਰੀ ਪੰਜਾਬ ਨੇ ਕਿਹਾ ਕਿ ਜੇਕਰ ਐਨਐਚਐਮ ਕਰਮਚਾਰੀ ਕੋਰੋਨਾ ਦੀ ਜੰਗ ਵਿੱਚ ਜਿੱਤ ਜਾਂਦੇ ਹਨ ਅਤੇ ਕੋਰੋਨਾ ਨੂੰ ਪੰਜਾਬ ਵਿੱਚੋਂ ਮੁਕੰਮਲ ਖਤਮ ਕਰ ਦਿੰਦੇ ਹਨ ਤਾਂ ਇਨਾਮ ਵਜੋਂ ਇਨ੍ਹਾਂ ਦੀਆਂ ਸੇਵਾਵਾਂ ਨੂੰ ਪਹਿਲ ਦੇ ਅਧਾਰ ਤੇ ਰੈਗੂਲਰ ਕੀਤਾ ਜਾਵੇਗਾ ਜਿਸ ਨਾਲ ਇਨ੍ਹਾਂ ਦੀ ਨਿਰਾਸ਼ਾ ਵੀ ਦੂਰ ਕਰ ਦਿੱਤੀ ਜਾਵੇਗੀ । ਮੈਡਮ ਦੀਪਸ਼ਿਖਾ ਐਚ ਆਰ ਮੈਨੇਜਰ ਨੇ ਕਿਹਾ ਕਿ ਸਟੇਟ ਪੱਧਰ ਤੇ ਇੱਕ ਐਚ ਆਰ ਪਾਲਿਸੀ ਬਣ ਰਹੀ ਹੈ ਜਿਸ ਵਿੱਚ ਕਰਮਚਾਰੀਆਂ ਨੂੰ ਆਯੂਸ਼ਮਾਨ ਸਿਹਤ ਬੀਮਾ ਯੋਜਨਾ, ਕਮਾਈ ਛੁੱਟੀ ਤੋਂ ਇਲਾਵਾ ਹੋਰ ਕਾਫੀ ਸਹੂਲਤਾਂ ਦਿੱਤੀਆਂ ਜਾਣਗੀਆਂ। ਇਸ ਮੌਕੇ ਸੂਬਾ ਆਗੂ ਸ ਅਮਰਜੀਤ ਸਿੰਘ ਪਟਿਆਲਾ, ਸੂਬਾ ਆਗੂ ਡਾ. ਇੰਦਰਜੀਤ ਸਿੰਘ ਰਾਣਾ (ਨੀਪ), ਸੂਬਾ ਆਗੂ ਡਾ. ਹਰਨਵ ਸਿੱਧੂ (ਪੈਰਾਮੈਡੀਕਲ ਯੂਨੀਅਨ), ਸੂਬਾ ਆਗੂ ਕਿਰਨਜੀਤ ਕੌਰ (ਮਲਟੀ ਪਰਪਜ਼ ਹੈਲਥ ਵਰਕਰ ਫੀਮੇਲ), ਸੂਬਾ ਆਗੂ ਰਮਨਜੀਤ ਕੌਰ (ਸੀਐਚਓ ਯੂਨੀਅਨ ਪੰਜਾਬ), ਅਵਤਾਰ ਸਿੰਘ ਚੀਫ ਓਰਗਨਾਈਜ਼ਰ ਇੰਪਲਾਈਜ਼ ਯੂਨੀਅਨ ਪੰਜਾਬ, ਮਨਿੰਦਰ ਸਿੰਘ,ਰਵਿੰਦਰ ਕੁਮਾਰ, ਸੁਖਜੀਤ ਸਿੰਘ, ਰਾਜਵਿੰਦਰ ਕੌਰ, ਜਸਵੀਰ ਸਿੰਘ ਟਿੱਬਾ, ਡਾ ਪ੍ਰਿਅੰਕਾ ਭੰਡਾਰੀ, ਅਰੁਣ ਦੱਤ ਆਦਿ ਹਾਜਰ ਸਨ।