ਨਿਗਰਾਨੀ ਅਤੇ ਕਾਰਵਾਈ ਕਰਨ ਲਈ ਵਿਸ਼ੇਸ਼ ਟੀਮ ਗਠਿਤ
ਅੰਮ੍ਰਿਤਸਰ ( ਏ-ਆਰ. ਆਰ. ਐੱਸ. ਸੰਧੂ )-ਕੋਵਿਡ -19 ਸੰਕਟ ਸਬੰਧੀ ਝੂਠੀਆਂ ਖ਼ਬਰਾਂ ਫੈਲਾਉਣ ਵਾਲਿਆਂ ਉਤੇ ਸ਼ਿਕੰਜਾ ਕੱਸਦਿਆਂ ਕਮਿਸ਼ਨਰ ਪੁਲਿਸ ਡਾ. ਸੁਖਚੈਨ ਸਿੰਘ ਗਿੱਲ ਨੇ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਦੀ ਨਿਗਰਾਨੀ ਕਰਨ ਲਈ ਇਕ ਵਿਸ਼ੇਸ਼ ਟੀਮ ਦੇ ਗਠਨ ਕਰ ਦਿੱਤੀ ਹੈ ਅਤੇ ਨਾਲ ਹੀ ਝੂਠੀਆਂ ਖ਼ਬਰਾਂ ਫੈਲਾਉਣ ਵਾਲੇ ਕਿਸੇ ਵੀ ਵਿਅਕਤੀ ਦੀ ਪਛਾਣ ਕਰਨ ਅਤੇ ਉਸ ‘ਤੇ ਕਾਰਵਾਈ ਕਰਨ ਲਈ ਨਿਰਦੇਸ਼ ਦੇ ਦਿੱਤੇ ਹਨ।
ਇਹ ਖੁਲਾਸਾ ਕਰਦੇ ਡੀ ਸੀ ਪੀ ਸ. ਜਗਮੋਹਨ ਸਿੰਘ ਨੇ ਦੱਸਿਆ ਕਿ 2005 ਦੇ ਆਪਦਾ ਪ੍ਰਬੰਧਨ ਐਕਟ ਤਹਿਤ, ਜਿਸ ਨੂੰ ਹੁਣ ਕੋਵਿਡ 19 ਵਾਇਰਸ ਕਾਰਨ ਪੈਦਾ ਹੋਏ ਸੰਕਟ ਨਾਲ ਨਜਿੱਠਣ ਲਈ ਸਾਰੇ ਦੇਸ਼ ਵਿੱਚ ਲਾਗੂ ਕੀਤਾ ਗਿਆ ਹੈ, ਸਬੰਧੀ ਗਲਤ ਖ਼ਬਰਾਂ ਫੈਲਾਉਣਾ ਕਾਨੂੰਨੀ ਜੁਰਮ ਹੈ। ਇਸ ਨਾਜ਼ੁਕ ਅਤੇ ਸੰਵੇਦਨਸ਼ੀਲ ਵਿਸ਼ੇ ‘ਤੇ ਝੂਠੀਆਂ ਖ਼ਬਰਾਂ ਫੈਲਾਉਣ ਵਾਲਿਆਂ ਨੂੰ ਸਖ਼ਤ ਚੇਤਾਵਨੀ ਦਿੰਦਿਆਂ ਡੀ ਸੀ ਪੀ ਨੇ ਕਿਹਾ ਕਿ ਇਸ ਮਾਮਲੇ ਵਿਚ ਜੋ ਵੀ ਦੋਸ਼ੀ ਪਾਇਆ ਗਿਆ ਉਸ ਨੂੰ ਪੁਲਿਸ ਆੜੇ ਹੱਥੀਂ ਲਵੇਗੀ। ਉਨ੍ਹਾਂ ਕਿਹਾ ਕਿ ਗਲਤ ਖ਼ਬਰਾਂ ਫੈਲਾਉਣ ਦਾ ਦੋਸ਼ੀ ਵਟਸਐਪ ਗਰੁੱਪ ਦਾ ਐਡਮਿਨ ਹੋਵੇਗਾ ਅਤੇ ਇਸ ਲਈ ਗਰੁੱਪ ਪ੍ਰਬੰਧਕਾਂ ਨੂੰ ਉਨ੍ਹਾਂ ਤੱਤਾਂ ਦੀ ਪਛਾਣ ਕਰਨ ਵਿੱਚ ਪੁਲਿਸ ਦਾ ਸਹਿਯੋਗ ਕਰਨਾ ਚਾਹੀਦਾ ਹੈ ਜੋ ਆਪਣੇ ਨਿੱਜੀ ਏਜੰਡੇ ਲਈ ਉਨ੍ਹਾਂ ਦੇ ਗਰੁੱਪ ਦੀ ਦੁਰਵਰਤੋਂ ਕਰਨਾ ਚਾਹੁੰਦੇ ਹਨ। ਉਨ੍ਹਾਂ ਜਨਤਾ ਨੂੰ ਅਪੀਲ ਕੀਤੀ ਕਿ ਉਹ ਆਪਣੇ ਖੁਦ ਦੇ ਏਜੰਡੇ ਨੂੰ ਅੱਗੇ ਵਧਾਉਣ ਲਈ ਮੌਜੂਦਾ ਸੰਕਟ ਦਾ ਲਾਭ ਲੈਣ ਦੀ ਕੋਸ਼ਿਸ਼ ਕਰਨ ਵਾਲਿਆਂ ਤੋਂ ਸਾਵਧਾਨ ਰਹਿਣ।