ਖੰਨਾ (ਪਰਮਜੀਤ ਸਿੰਘ ਧੀਮਾਨ) : ਕੇਂਦਰ ਅਤੇ ਪੰਜਾਬ ਦੀਆਂ ਸਰਕਾਰਾਂ ਹਮੇਸ਼ਾ ਹੀ ਕਿਸਾਨਾਂ ਅਤੇ ਮਜ਼ਦੂਰਾਂ ਨਾਲ ਧੌਖਾ ਕਰਦੀਆਂ ਆ ਰਹੀਆਂ ਹਨ, ਪਹਿਲਾਂ ਤਾਂ ਸਰਕਾਰਾਂ ਵੱਲੋਂ ਕਿਸਾਨਾਂ ਨੂੰ ਵੱਡੇ-ਵੱਡੇ ਲੋਨ, ਲਿਮਟਾਂ ਦੇ ਕੇ ਉਨ੍ਹਾਂ ‘ਤੇ ਵਜ਼ਨ ਪਾਇਆ ਜਾਂਦਾ ਹੈ ਫਿਰ ਉਹਨਾਂ ਨੂੰ ਜਿਹੜੇ ਨਕਲੀ ਬੀਜ, ਸਪਰੇਅ ਅਤੇ ਖਾਦਾਂ ਦੇ ਕੇ ਉਨ੍ਹਾਂ ਨਾਲ ਧੌਖਾ ਕੀਤਾ ਜਾ ਰਿਹਾ, ਇਸ ਲਈ ਕਿਸਾਨ ਦਿਨੋ-ਦਿਨ ਹੇਠਾਂ ਨੂੰ ਨਿਘਰਦਾ ਜਾ ਰਿਹਾ ਹੈ। ਇਸ ਪ੍ਰਗਟਾਵਾ ਅੱਜ ਇੱਥੇ ਬਹੁਜਨ ਸਮਾਜ ਪਾਰਟੀ ਦੇ ਹਲਕਾ ਇੰਚਾਰਜ ਗੁਰਚਰਨ ਸਿੰਘ ਚੰਨੀ ਨੇ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਉਕਤ ਕਰਜ਼ੇ ਦੀ ਵਸੂਲੀ ਲਈ ਬੈਂਕਾਂ ਵਾਲਿਆਂ ਵੱਲੋਂ ਕਿਸਾਨਾਂ ਆਦਿ ਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਉਸੇ ਤਰ੍ਹਾਂ ਹੀ ਆੜਤੀਆ ਵੱਲੋਂ ਵਿਆਜ਼ ‘ਤੇ ਵਿਆਜ਼ ਲਗਾਏ ਜਾਣ ਤੋਂ ਤੰਗ ਹੋ ਕੇ ਕਿਸਾਨ ਖੁਦਕਸ਼ੀਆਂ ਕਰਨ ਲਈ ਮਜ਼ਬੂਰ ਹਨ।
ਉਨ੍ਹਾਂ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਕਰੋਨਾ ਦੀ ਆੜ ਵਿਚ ਸੂਬਿਆਂ ਦੀਆਂ ਸਰਕਾਰਾਂ ਨੂੰ ‘ਬਿਜਲੀ ਸੋਧ ਬਿੱਲ-2020’ ਲਾਗੂ ਕਰਨ ਲਈ ਦਬਾਅ ਬਣਾ ਰਹੀ ਹੈ। ਜਿਸ ਦੇ ਲਾਗੂ ਹੋ ਜਾਣ ਨਾਲ ਗਰੀਬਾਂ ਦੀ 200 ਯੂਨਿਟ, ਖੇਤੀਬਾੜੀ ਲਈ ਕਿਸਾਨਾਂ ਨੂੰ ਦਿੱਤੀ ਜਾਂਦੀ ਮੁਫ਼ਤ ਬਿਜਲੀ ਅਤੇ ਸਨੱਅਤਾਂ ਲਈ ਰਿਆਇਤੀ ਬਿਜਲੀ ਦਰਾਂ ਦੀ ਸਹੂਲਤ ਖਤਮ ਹੋ ਜਾਵੇਗੀ, ਗਰੀਬ ਮਜ਼ਦੂਰ ਤਾਂ ਪਹਿਲਾਂ ਹੀ ਆਰਥਿਕ ਮੰਦਹਾਲੀ ਦਾ ਸ਼ਿਕਾਰ ਹੋ ਚੁੱਕੇ ਹਨ। ਉਨ੍ਹਾਂ ਕਿਹਾ ਕਿ ਪਹਿਲਾ ਸਮਾਂ ਹੁੰਦਾ ਸੀ, ਕਿਸਾਨ ਮਿਹਨਤ ਕਰਕੇ ਆਪਣੀ ਜ਼ਮੀਨ ਵਧਾਉਂਦਾ ਸੀ, ਪਰ ਅੱਜ ਦੇ ਸਮੇਂ ਵਿਚ ਕਿਸਾਨਾਂ ਦੀ ਜ਼ਮੀਨ ਦੀ ਕੁਰਕੀ ਹੋ ਰਹੀ ਹੈ ਜਾਂ ਆੜਤੀਏ ਦੱਬ ਰਹੇ ਹਨ। ਉਨ੍ਹਾਂ ਪੰਜਾਬ ਦੇ ਸਮੂਹ ਕਿਸਾਨਾਂ ਅਤੇ ਮਜ਼ਦੂਰਾਂ ਨੂੰ ਅਪੀਲ ਕੀਤੀ ਕਿ ਉਹ ਬਸਪਾ ਦੇ ਨੀਲੇ ਝੰਡੇ ਹੇਠਾਂ ਇਕੱਠੇ ਹੋਣ ਤਾਂ ਜੋ ਬਸਪਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਦੀ ਅਗਵਾਈ ਹੇਠਾਂ ਅਗਾਮੀ ਵਿਧਾਨ ਸਭਾ ਚੋਣਾਂ ਦੌਰਾਨ ਪੰਜਾਬ ਵਿਚ ਬਸਪਾ ਦੀ ਸਰਕਾਰ ਸਥਾਪਤ ਕਰਕੇ ਕਿਸਾਨਾਂ, ਮਜ਼ਦੂਰਾਂ ਅਤੇ ਸਨੱਅਤਕਾਰਾਂ, ਬੇਰੁਜ਼ਗਾਰ ਨੌਜਵਾਨਾਂ ਤੇ ਪੰਜਾਬੀਆਂ ਦੇ ਹਿੱਤਾਂ ਅਤੇ ਹੱਕਾਂ ਦੀ ਰਾਖੀ ਕੀਤੀ ਜਾ ਸਕੇ।