ਪੰਜਾਬ ਦੇ ਦੂਜੇ ਜ਼ਿਲਿਆਂ ਨਾਲ ਜੋੜਦੀਆਂ ਹੱਦਾਂ ਨੂੰ 13 ਨਾਕੇ ਲਗਾ ਕੀਤਾ ਸੀਲ: ਡਿਪਟੀ ਕਮਿਸ਼ਨਰ

ਸੰਗਰੂਰ (ਅਜੈਬ ਸਿੰਘ ਮੋਰਾਂਵਾਲੀ ) ਕੋਰੋਨਾ ਵਾਇਰਸ ਦੇ ਚੱਲਦਿਆਂ ਜ਼ਿਲਾ ਪ੍ਰਸ਼ਾਸਨ ਵੱਲੋਂ ਸੰਗਰੂਰ ਜ਼ਿਲੇ ਦੀਆਂ ਬਾਹਰੀ ਸੂਬਿਆਂ ਅਤੇ ਬਾਕੀ ਜ਼ਿਲਿਆਂ ਨਾਲ ਲੱਗਦੀਆਂ ਹੱਦਾਂ ਨੂੰ ਸੀਲ ਕਰਨ ਲਈ 13 ਨਾਕੇ ਸਥਾਪਿਤ ਕੀਤੇ ਗਏ ਹਨ ਜਿਨਾਂ ’ਤੇ ਪੁਲਿਸ ਸਟਾਫ਼ ਲਗਾਉਣ ਦੇ ਨਾਲ-ਨਾਲ ਮੈਡੀਕਲ ਟੀਮ ਅਤੇ ਐਂਬੂਲੈਂਸ ਵੀ ਤੈਨਾਤ ਕੀਤੀ ਗਈ ਹੈ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ਼੍ਰੀ ਘਨਸ਼ਿਆਮ ਥੋਰੀ ਨੇ ਦੱਸਿਆ ਕਿ ਲੋੜੀਂਦੇ ਦਸਤਾਵੇਜ਼ਾਂ ਤੋਂ ਬਗੈਰ ਕਿਸੇ ਵੀ ਬਾਹਰੀ ਵਿਅਕਤੀ ਨੂੰ ਜ਼ਿਲੇ ਅੰਦਰ ਦਾਖ਼ਲ ਹੋਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਅਤੇ ਨਾਕਿਆਂ ’ਤੇ ਤੈਨਾਤ ਮੈਡੀਕਲ ਟੀਮਾਂ ਕੋਵਿਡ-19 ਦੇ ਸ਼ੱਕੀ ਮਰੀਜ਼ਾਂ ’ਤੇ ਪੂਰੀ ਸਰਗਰਮੀ ਨਾਲ ਨਜ਼ਰ ਰੱਖਣਗੀਆਂ।

 ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਨਾਂ ਨਾਕਿਆਂ ’ਚ 3 ਨਾਕੇ ਜ਼ਿਲੇ ਦੀ ਹਰਿਆਣਾ ਨਾਲ ਲੱਗਦੀ ਸਰਹੱਦ ’ਤੇ ਅਤੇ 10 ਨਾਕੇ ਸੰਗਰੂਰ ਦੀ ਪੰਜਾਬ ਦੇ ਦੂਜੇ ਜ਼ਿਲਿਆਂ ਨਾਲ ਲੱਗਦੀ ਹੱਦ ’ਤੇ ਲਗਾਏ ਗਏ ਹਨ। ਉਨਾਂ ਕਿਹਾ ਕਿ ਜੇਕਰ ਕੋਈ ਕੋਰੋਨਾਵਾਇਰਸ ਦੇ ਲੱਛਣਾਂ ਵਾਲਾ ਵਿਅਕਤੀ ਜ਼ਿਲੇ ਅੰਦਰ ਦਾਖ਼ਲ ਹੋਣ ਦੀ ਕੋਸ਼ਿਸ਼ ਕਰੇਗਾ ਤਾਂ ਸਬੰਧਤ ਵਿਅਕਤੀ ਨੂੰ ਤੁਰੰਤ ਮੈਡੀਕਲ ਸਿਹਤ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ ਤਾਂ ਜੋ ਕੋਰੋਨਾਵਾਇਰਸ ਨੂੰ ਫੈਲਣ ਤੋਂ ਰੋਕਿਆ ਜਾ ਸਕੇ। ਉਨਾਂ ਕਿਹਾ ਕਿ ਮੈਡੀਕਲ ਤੌਰ ’ਤੇ ਫਿੱਟ ਹੋਣ ਦੀ ਸੂਰਤ ’ਚ ਹੀ ਬਾਹਰੋਂ ਆਉਣ ਵਾਲੇ ਵਿਅਕਤੀ ਨੂੰ ਜ਼ਿਲੇ ਅੰਦਰ ਆਉਣ ਦੀ ਆਗਿਆ ਦਿੱਤੀ ਜਾਵੇਗੀ।ਸ਼੍ਰੀ ਘਨਸ਼ਿਆਮ ਥੋਰੀ ਨੇ ਦੱਸਿਆ ਕਿ ਇਸਦੇ ਨਾਲ ਹੀ ਬਾਹਰੀ ਸੂਬਿਆਂ ਤੋਂ ਸੰਗਰੂਰ ਜ਼ਿਲੇ ਅੰਦਰ ਆਉਣ ਵਾਲੀ ਮਸ਼ੀਨਰੀ ਨੂੰ ਵੀ ਸੋਡੀਅਮ ਹਾਇਪੋਕਲੋਰਾਈਟ ਦੀ ਸਪੇਰਅ ਨਾਲ ਚੰਗੀ ਤਰਾਂ ਸੈਨੇਟਾਈਜ਼ ਕਰਕੇ ਹੀ ਦਾਖ਼ਲ ਹੋਣ ਦਿੱਤਾ ਜਾਂਦਾ ਹੈ। ਉਨਾਂ ਦੱਸਿਆ ਕਿ ਇਸ ਸਬੰਧੀ ਹਰਿਆਣਾ ਨੂੰ ਜੋੜਦੀਆਂ ਸਾਰੀਆਂ ਅਹਿਮ ਸੜਕਾਂ ’ਤੇ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਦੀਆਂ ਵਿਸ਼ੇਸ਼ ਟੀਮਾਂ ਤੈਨਾਤ ਕੀਤੀਆਂ ਗਈਆਂ ਹਨ ਜਿਨਾਂ ਵੱਲੋਂ ਹੁਣ ਤੱਕ ਤਕਰੀਬਨ 360 ਮਸ਼ੀਨਾਂ ਨੂੰ ਸੈਨੇਟਾਈਜ਼ ਕੀਤਾ ਗਿਆ ਹੈ।ਸ਼੍ਰੀ ਥੋਰੀ ਨੇ ਜ਼ਿਲਾ ਵਾਸੀਆਂ ਨੂੰ ਅਪੀਲ ਕੀਤੀ ਕਿ ਕੋਰੋਨਾਵਾਇਰਸ ਦੀ ਮਹਾਂਮਾਰੀ ਨੂੰ ਸੰਗਰੂਰ ਜ਼ਿਲੇ ’ਚ ਫੈਲਣ ਤੋਂ ਰੋਕਣ ਲਈ ਪ੍ਰਸ਼ਾਸਨ ਨੂੰ ਸਹਿਯੋਗ ਦੇਣ ਅਤੇ ਕਿਸੇ ਵੀ ਬਾਹਰੀ ਵਿਅਕਤੀ ਨੂੰ ਬਿਨਾਂ ਅਗਾਊਂ ਮਨਜ਼ੂਰੀ ਤੋਂ ਆਪਣੇ ਘਰਾਂ ਅੰਦਰ ਦਾਖ਼ਲ ਨਾ ਹੋਣ ਦੇਣ।  ਉਨਾਂ ਕਿਹਾ ਕਿ ਲੋਕਾਂ ਦਾ ਸਹਿਯੋਗ ਇਸ ਮਹਾਂਮਾਰੀ ਨੂੰ ਰੋਕਣ ਲਈ ਸਭ ਤੋਂ ਅਹਿਮ ਕੜੀ ਹੈ ਕਿਉਕਿ ਇਹ ਲਾਗ ਦੀ ਬਿਮਾਰੀ ਹੈ ਤੇ ਕੋਰੋਨਾਵਾਇਰਸ ਇੱਕ ਵਿਅਕਤੀ ਤੋਂ ਦੂਜੇ ਦੇ ਸੰਪਰਕ ਵਿਚ ਆਉਣ ਨਾਲ ਹੀ ਫੈਲਦਾ ਹੈ।

Share This :

Leave a Reply