ਸ੍ਰੀ ਮੁਕਤਸਰ ਸਾਹਿਬ (ਮੀਡੀਆ ਬਿਊਰੋ) ਸਿੱਖਿਆ ਵਿਭਾਗ ਵਲੋਂ ਪਹਿਲੀ ਤੋਂ 12ਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਲਈ ਆਪਣੀ ਵਿਭਾਗ ਦੀ ਵੈੱਬਸਾਈਟ ‘ਤੇ ਕਿਤਾਬਾਂ ਦੀਆਂ ਪੀ.ਡੀ.ਐੱਫ਼. ਫਾਈਲਾਂ ਮੁਹੱਈਆ ਕਰਵਾਈਆਂ ਗਈਆਂ ਹਨ ਅਤੇ ਉਨ੍ਹਾਂ ਨੂੰ ਪ੍ਰਾਇਮਰੀ ਵਿਸ਼ੇ ਦੇ ਅਧਿਆਪਕਾਂ ਜਾਂ ਲੈਕਚਰਾਰਾਂ ਦੁਆਰਾ ਡਾਊਨਲੋਡ ਕਰ ਕੇ ਅੱਗੇ ਵਿਦਿਆਰਥੀਆਂ ਨੂੰ ਬਣਾਏ ਗਏ ਵਟਸਐਪ ਗਰੁੱਪਾਂ ‘ਚ ਸ਼ੇਅਰ ਕੀਤਾ ਜਾ ਰਿਹਾ ਹੈ। ਵਟਸਐਪ ਗਰੁੱਪਾਂ ‘ਚ ਹਾਇਰ ਤੇ ਸੀਨੀਅਰ ਸੈਕੰਡਰੀ ਸਕੂਲਾਂ ਦੇ ਕਈ ਵਿਦਿਆਰਥੀ ਤਾਂ ਆਪਣੇ ਖ਼ੁਦ ਦੇ ਮੋਬਾਈਲਾਂ ‘ਤੇ ਆਨਲਾਈਨ ਪੜ੍ਹਾਈ ਕਰ ਸਕਣ ‘ਚ ਸਫ਼ਲ ਹੋ ਰਹੇ ਹਨ ਅਤੇ ਕਈ ਕਾਲ ਕਰ ਕੇ ਵੀ ਆਪਣੇ ਅਧਿਆਪਕਾਂ ਤੋਂ ਪ੍ਰਸ਼ਨ ਪੁੱਛ ਕੇ ਹੋਮ ਵਰਕ ਕਰ ਰਹੇ ਹਨ, ਪਰ ਜਿਨ੍ਹਾਂ ਵਿਦਿਆਰਥੀਆਂ ਕੋਲ ਮੋਬਾਈਲ ਫ਼ੋਨ ਨਹੀਂ ਜਾਂ ਨੈੱਟ ਪੈਕ ਨਹੀਂ ਪਵਾ ਸਕਦੇ ਉਨ੍ਹਾਂ ਵਿਦਿਆਰਥੀਆਂ ਲਈ ਇਹ ਆਨਲਾਈਨ ਸਿੱਖਿਆ ਕੋਈ ਲਾਭ ਨਹੀਂ ਦੇ ਰਹੀ।
ਦੂਜੇ ਪਾਸੇ ਕਈ ਵਿਦਿਆਰਥੀ ਆਪਣੇ ਸਾਥੀ ਵਿਦਿਆਰਥੀਆਂ ਨਾਲ ਮਿਲ ਕੇ ਤੇ ਸਹਿਯੋਗ ਰਾਹੀਂ ਆਨਲਾਈਨ ਸਿੱਖਿਆ ਪ੍ਰਾਪਤ ਕਰ ਰਹੇ ਹਨ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਰਕ ਦੇ ਪਿ੍ੰਸੀਪਲ ਹੇਮ ਰਾਜ ਗਰਗ ਨੇ ਦੱਸਿਆ ਕਿ ਲਾਕਡਾਊਨ ਦੇ ਪਹਿਲੇ ਚਰਨ ‘ਚ ਉਨ੍ਹਾਂ ਦੇ ਸਕੂਲ ਦੇ ਸਾਇੰਸ, ਗਣਿਤ, ਸਮਾਜਿਕ ਸਿੱਖਿਆ, ਅੰਗਰੇਜ਼ੀ, ਪੰਜਾਬੀ ਦੇ ਅਧਿਆਪਕ ਤੇ ਲੈਕਚਰਾਰਾਂ ਨੇ ਬੱਚਿਆਂ ਨੂੰ ਬੜੇ ਉਤਸ਼ਾਹ ਨਾਲ ਆਨਲਾਈਨ ਸਿੱਖਿਆ ਨਾਲ ਜੋੜਿਆ ਸੀ, ਪਰ ਗਰਮੀਆਂ ਦੀਆਂ ਛੁੱਟੀਆਂ ਐਲਾਨੇ ਜਾਣ ਅਤੇ ਬੋਰਡ ਪ੍ਰੀਖਿਆਵਾਂ ਪਹਿਲਾਂ ਮੁਲਤਵੀ ਤੇ ਫ਼ਿਰ ਰੱਦ ਕਰਨ ਤੋਂ ਬਾਅਦ ਅਧਿਆਪਕਾਂ ਦਾ ਉਤਸ਼ਾਹ ਨਹੀਂ ਘਟਿਆ, ਪਰ ਵਿਦਿਆਰਥੀ ਕੁਝ ਅਵੇਸਲੇ ਹੋ ਗਏ ਲੱਗਦੇ ਹਨ। ਪਰ ਪੜ੍ਹਾਈ ‘ਚ ਵਧੇਰੇ ਰੁਚੀ ਰੱਖਣ ਵਾਲੇ ਵਿਦਿਆਰਥੀ ਹਾਲੇ ਵੀ ਆਪਣੇ ਅਧਿਆਪਕਾਂ ਨਾਲ ਉਸੇ ਤਰ੍ਹਾਂ ਰਾਬਤਾ ਰੱਖ ਰਹੇ ਹਨ। ਸਰਕਾਰੀ ਪ੍ਰਾਇਮਰੀ ਸਕੂਲ ਭਗਵਾਨਪੁਰਾ ਦੇ ਅਧਿਆਪਕ ਮਦਨ ਲਾਲ ਆਪਣੇ ਘਰ ਪਏ ਗਰੀਨ ਬੋਰਡ ਤੋਂ ਕੰਮ ਪਾ ਕੇ ਵਟਸਐਪ ਗਰੁੱਪਾਂ ‘ਚ ਭੇਜ ਰਹੇ ਹਨ। ਇਸੇ ਤਰ੍ਹਾਂ ਦੇ ਆਨਲਾਈਨ ਪੜ੍ਹਾਈ ਸਬੰਧੀ ਰੁਝਾਨ ਪਿ੍ੰਸੀਪਲ ਵਿਜੈ ਕੁਮਾਰ ਗਰਗ, ਐੱਚ.ਟੀ. ਹਰੀਸ਼ ਕੁਮਾਰ, ਮਨੋਹਰ ਲਾਲ ਸ਼ਰਮਾ ਲੈਕਚਰਾਰ, ਕੁਲਵਿੰਦਰ ਸਿੰਘ ਕੁਰਾਈਵਾਲਾ ਸਕੂਲ ਤੋਂ ਮਿਲੇ। ਆਨਲਾਈਨ ਪੜ੍ਹਾਈ ਸਬੰਧੀ ਸੁਝਾਅ ਦਿੰਦੇ ਹੋਏ ਸਟੇਟ ਐਵਾਰਡੀ ਅਧਿਆਪਕ ਹਰਪ੍ਰੀਤ ਸਿੰਘ ਭਗਵਾਨਪੁਰਾ ਨੇ ਦੱਸਿਆ ਕਿ ਵਿਭਾਗ ਦੁਆਰਾ ਰੋਜ਼ਾਨਾ ਇਕ ਵਿਸ਼ੇ ਦੀ ਇਕ ਸਲਾਈਡ ਭੇਜੀ ਜਾਣੀ ਚਾਹੀਦੀ ਹੈ, ਜਿਸ ਨੂੰ ਅਧਿਆਪਕ ਆਨਲਾਈਨ ਵਿਦਿਆਰਥੀਆਂ ਨੂੰ ਆਸਾਨੀ ਨਾਲ ਕਰਵਾ ਸਕਣਗੇ ਅਤੇ ਵਿਦਿਆਰਥੀਆਂ ਨੂੰ ਵੀ ਆਸਾਨੀ ਰਹੇਗੀ।