ਪ੍ਰਸ਼ਾਸਨ ਦੇ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰ ਰਹੇ ਨੇ ਸਵੈ ਸਹਾਇਤਾ ਗਰੁੱਪ

ਬਰਨਾਲਾ ( ਮੀਡੀਆ ਬਿਊਰੋ ) ਐਨਆਰਐਲਐਮ (ਅਜੀਵਿਕਾ) ਅਧੀਨ ਪਿੰਡ ਜੋਧਪੁਰ, ਭੋਤਨਾ ਤੇ ਹੋਰ ਸੈਲਫ ਹੈਲਪ ਗਰੁੱਪਾਂ ਵੱਲੋਂ ਜਿੱਥੇ 25 ਹਜ਼ਾਰ ਮਾਸਕ ਤਿਆਰ ਕੀਤੇ ਜਾ ਚੁੱਕੇ ਹਨ, ਉਥੇ ਹੀ 800 ਤੋਂ ਵੱਧ ਐਪਰਨ ਤਿਆਰ ਕੀਤੇ ਗਏ ਹਨ। ਇਹ ਐਪਰਨ ਜ਼ਿਲ੍ਹੇ  ਦੇ ਵਲੰਟੀਅਰਾਂ ਨੂੰ ਮੁਹੱਈਆ ਕਰਵਾਏ ਗਏ ਹਨ ਅਤੇ ਮੰਡੀਆਂ ਵਿਚ ਕਿਰਤੀਆਂ ਨੂੰ ਭਲਕ ਤੋਂ ਮੁਹੱਈਆ ਕਰਾਏ ਜਾਣਗੇ। ਕਰੋਨਾ ਵਾਇਰਸ ਫੈਲਣ ਤੋਂ ਰੋਕਣ ਲਈ ਜ਼ਿਲਾ ਪ੍ਰਸ਼ਾਸਨ ਵੱਲੋਂ ਵੀ ਕੀਤੇ ਜਾ ਰਹੇ ਯਤਨਾਂ ਤਹਿਤ ਜ਼ਿਲਾ ਬਰਨਾਲਾ ਵਿਚ ਮਾਸਕ ਅਤੇ ਐਪਰਨ ਬਣਾਉਣਾ ਦਾ ਕੰਮ ਜ਼ੋਰਾਂ ’ਤੇ ਹੈ।


ਇਹ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਸ੍ਰੀ ਤੇਜ ਪ੍ਰਤਾਪ ਸਿੰਘ ਫੂਲਕਾ ਨੇ ਦੱਸਿਆ ਕਿ ਨੈਸ਼ਨਲ ਰੂਰਲ ਲਾਈਵਲੀਹੁਡ ਮਿਸ਼ਨ (ਐਨਆਰਐਲਐਮ) ਤਹਿਤ ਵੱਖ ਵੱਖ ਪਿੰਡਾਂ ਦੇ ਸੈਲਫ ਹੈਲਪ ਗਰੁੱਪਾਂ (ਐਸਐਚਜੀਜ਼) ਨਾਲ ਸਬੰਧਤ ਔਰਤਾਂ ਵੱਲੋਂ ਸਵੈ ਇੱਛਾ ਨਾਲ ਜ਼ਿਲਾ ਪ੍ਰਸ਼ਾਸਨ ਨੂੰ ਭਰਵਾਂ ਸਹਿਯੋਗ ਦਿੱਤਾ ਜਾ ਰਿਹਾ ਹੈ। ਜ਼ਿਲਾ ਪ੍ਰਸ਼ਾਸਨ ਵੱਲੋਂ  ਇਨਾਂ ਗਰੁੱਪਾਂ ਨੂੰ ਕੱਪੜਾ ਤੇ ਹੋਰ ਲੋੜੀਂਦਾ ਸਾਮਾਨ ਮੁਹੱਈਆ ਕਰਾਇਆ ਜਾ ਰਿਹਾ ਹੈ। ਇਨਾਂ ਸੈਲਫ ਹੈਲਪ ਗਰੁੱਪਾਂ ਵੱਲੋਂ 25 ਹਜ਼ਾਰ ਮਾਸਕ ਤਿਆਰ ਕੀਤੇ ਜਾ ਚੁੱਕੇ ਹਨ ਤੇ 10 ਹਜ਼ਾਰ ਮਾਸਕ ਹੋਰ ਤਿਆਰ ਕੀਤੇ ਜਾ ਰਹੇ ਹਨ, ਜਦੋਂਕਿ ਐਪਰਨ 800 ਤੋਂ ਵੱਧ ਤਿਆਰ ਕੀਤੇ ਜਾ ਚੁੱਕੇ ਹਨ ਅਤੇ ਇਹ ਕੁੱਲ ਹਜ਼ਾਰ ਐਪਰਨ ਤਿਆਰ ਕੀਤੇ ਜਾਣੇ ਹਨ, ਜੋ ਵਲੰਟੀਅਰਾਂ ਤੋਂ ਇਲਾਵਾ ਮੰਡੀਆਂ ਵਿੱਚ ਕਿਰਤੀਆਂ ਨੂੰ ਮੁਹੱਈਆ ਕਰਾਏ ਜਾਣੇ ਹਨ। ਉਨਾਂ ਦੱਸਿਆ ਕਿ ਇਹ ਮਾਸਕ ਅਤੇ ਐਪਰਨ ਸਿਵਲ ਹਸਪਤਾਲ ਵਿੱਚ ਸੋਧਣ ਤੋਂ ਬਾਅਦ ਹੀ ਮੁਹੱਈਆ ਕਰਾਏ ਜਾਂਦੇ ਹਨ। 
ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਅਰੁਣ ਜਿੰਦਲ ਨੇ ਦੱਸਿਆ ਕਿ ਮਾਸਕ ਬਣਾਉਣ ਵਿਚ ਬਾਬਾ ਹਿੰਮਤ ਸਿੰਘ ਸੈਲਫ ਹੈਲਪ ਗਰੁੱਪ, ਬਾਬਾ ਵਿਸ਼ਵਕਰਮਾ ਜੀ ਗਰੁੱਪ, ਭਾਈ  ਮੂਲ ਚੰਦ ਜੀ ਗਰੁੱਪ ਪਿੰਡ ਜੋਧਪੁਰ ਅਤੇ ਗੁਰੂ ਰਵੀਦਾਸ ਗਰੁੱਪ ਭੋਤਨਾ ਦੀਆਂ ਔਰਤਾਂ ਜੁਟੀਆਂ ਹੋਈਆਂ ਹਨ। ਇਸ ਤੋਂ ਇਲਾਵਾ ਐਪਰਨ ਬਣਾਉਣ ਦਾ ਕੰਮ ਗੁਰੂ ਰਵੀਵਾਸ ਜੀ ਗਰੁੱਪ, ਦਸਮੇਸ਼ ਗਰੁੱਪ, ਔਲਖ ਗਰੁੱਪ ਪਿੰਡ ਠੀਕਰੀਵਾਲਾ, ਬਾਬਾ ਵਾਲਮੀਕਿ ਜੀ ਗਰੁੱਪ, ਬਾਬਾ ਅਤਰ ਸਿੰਘ ਗਰੁੱਪ, ਗੁਰੂ ਰਵੀਦਾਸ ਜੀ ਗਰੁੱਪ ਪਿੰਡ ਬਡਬਰ ਤੋਂ ਇਲਾਵਾ ਜੋਧਪੁਰ ਦੇ ਗਰੁੱਪ ਅਤੇ ਕੱਟੂ ਦਾ ਬਾਬਾ ਚੰਦ ਸਿੰਘ, ਬੇਬੇ ਨਾਨਕੀ ਗਰੁੱਪ, ਗੁਰੂ ਨਾਨਕ ਦੇਵ ਜੀ ਗਰੁੱਪ, ਗੁਰੂ ਤੇਗ ਬਹਾਦਰ ਸਾਹਿਬ ਗਰੁੱਪ, ਬੀਬੀ ਭਾਨੀ ਜੀ ਗਰੁੱਪ ਤੋਂ ਇਲਾਵਾ ਭੈਣੀ ਮਹਿਰਾਜ ਦੀਆਂ ਔਰਤਾਂ ਜੁਟੀਆਂ ਹੋਈਆਂ ਹਨ। ਡਿਪਟੀ ਕਮਿਸ਼ਨਰ ਸ੍ਰੀ ਤੇਜ ਪ੍ਰਤਾਪ ਸਿੰਘ ਫੂਲਕਾ ਨੇ ਆਖਿਆ ਕੋਵਿਡ 19 ਵਿਰੁੱਧ ਯਤਨਾਂ ਵਿਚ ਇਹ ਸਵੈ ਸਹਾਇਤਾ ਗਰੁੱਪ ਜ਼ਿਲਾ ਪ੍ਰਸ਼ਾਸਨ ਲਈ ਵਰਦਾਨ ਸਾਬਿਤ ਹੋ ਰਹੇ ਹਨ ਤੇ ਇਨਾਂ ਸਿਰੜੀ ਔਰਤਾਂ ਦੀਆਂ ਸੇਵਾਵਾਂ ਬੇਹੱਦ ਸ਼ਲਾਘਾਯੋਗ ਹਨ। 

Share This :

Leave a Reply