ਕਰਫ਼ਿਊ ਲਾਇਆ, ਵਿਆਪਕ ਹਿੰਸਾ ਤੇ ਪ੍ਰਦਰਸ਼ਨ
ਕੈਲੀਫੋਰਨੀਆ (ਹੁਸਨ ਲੜੋਆ ਬੰਗਾ)— ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵਾਈਟ ਹਾਊਸ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਨਾਂ ਨੇ ਪੁਲਿਸ ਹਿਰਾਸਤ ਵਿਚ ਮਾਰੇ ਗਏ ਜਾਰਜ ਫਲਾਇਡ ਦੇ ਪਰਿਵਾਰ ਨਾਲ ਗੱਲ ਕੀਤੀ ਹੈ ਤੇ ਦੁੱਖ ਸਾਂਝਾ ਕੀਤਾ ਹੈ। ਉਨਾਂ ਕਿਹਾ ਕਿ ‘ਮੈਂ ਪਰਿਵਾਰ ਦਾ ਦੁੱਖ ਸਮਝਦਾ ਹਾਂ। ਪਰਿਵਾਰ ਨਿਆਂ ਦਾ ਹੱਕਦਾਰ ਹੈ ਤੇ ਮਿਨੀਪੋਲਿਸ ਦੇ ਲੋਕ ਸੁਰੱਖਿਅਤ ਜੀਵਨ ਜੀਣ ਦੇ ਹੱਕਦਾਰ ਹਨ।’ ਇਸ ਮਾਮਲੇ ਵਿਚ ਪਰਿਵਾਰ ਨੂੰ ਨਿਆਂ ਮਿਲੇਗਾ। ਇਸ ਤੋਂ ਪਹਿਲਾਂ ਟਰੰਪ ਨੇ ਟਵੀਟ ਕਰਕੇ ਮਿਨੀਪੋਲਿਸ ਵਿਚ ਹੋ ਰਹੀ ਹਿੰਸਾ ਬਾਰੇ ਕਿਹਾ ਸੀ ਕਿ ਸ਼ਹਿਰ ਦਾ ਮੇਅਰ ਬਹੁਤ ਕਮਜੋਰ ਵਿਅਕਤੀ ਹੈ ਤੇ ਠੱਗ ਲੋਕ ਜਾਰਜ ਲਾਇਡ ਦੀ ਯਾਦ ਦੀ ਤੌਹੀਨ ਕਰ ਰਹੇ ਹਨ।
ਪੁਲਿਸ ਅਧਿਕਾਰੀ ਗ੍ਰਿਫ਼ਤਾਰ-
ਪੁਲਿਸ ਹਿਰਾਸਤ ਵਿਚ ਜਾਰਜ ਫਲਾਇਡ ਨਾਮੀ ਕਾਲੇ ਵਿਅਕਤੀ ਦੀ ਹੋਈ ਮੌਤ ਦੇ ਮਾਮਲੇ ਵਿਚ ਇਕ ਸਾਬਕਾ ਪੁਲਿਸ ਅਧਿਕਾਰੀ ਡੈਰਿਕ ਚੂਵਿਨ ਨੂੰ ਗ੍ਰਿਫ਼ਤਾਰ ਕਰ ਲੈਣ ਤੇ ਉਸ ਵਿਰੱਧ ਕਤਲ ਦਾ ਮਾਮਲਾ ਦਰਜ ਕਰ ਲੈਣ ਦੇ ਬਾਵਜੂਦ ਮਿਨੀਪੋਲਿਸ, ਮੈਮਫਿਸ, ਲਾਸਏਂਜਲਸ ਤੇ ਹੋਰ ਥਾਵਾਂ ‘ਤੇ ਹਿੰਸਾ ਤੇ ਪ੍ਰਦਰਸ਼ਨ ਹੋਣ ਦੀਆਂ ਰਿਪੋਰਟਾਂ ਹਨ। ਹਿੰਸਾ ਨੂੰ ਵੇਖਦਿਆਂ ਮਿਨੀਪੋਲਿਸ ਵਿਚ ਕਰਫ਼ਿਊ ਲਾਉਣਾ ਪਿਆ ਹੈ।
ਵਿਖਾਵਾਕਾਰੀਆਂ ਨੇ ਕਰਫ਼ਿਊ ਦੀ ਉਲੰਘਣਾ ਕਰਦਿਆਂ ਆਪਣਾ ਵਿਰੋਧ ਜਾਰੀ ਰਖਿਆ ਤੇ ਉਨਾਂ ਨੇ ਗਰਨੇਡ ਸੁੱਟੇ ਤੇ ਪਥਰਾਅ ਵੀ ਕੀਤਾ। ਪੁਲਿਸ ਨੇ ਆਪਣੇ ਬਚਾਅ ਲਈ ਪ੍ਰਦਰਸ਼ਨਕਾਰੀਆਂ ‘ਤੇ ਰਬੜ ਦੀਆਂ ਗੋਲੀਆਂ ਚਲਾਈਆਂ। ਐਟਲਾਂਟਾ ਦੇ ਹੇਠਲੇ ਖੇਤਰ ਵਿਚ ਪ੍ਰਦਰਸ਼ਨਕਾਰੀਆਂ ਨੇ ਪੁਲਿਸ ਦੀ ਇਕ ਕਾਰ ਨੂੰ ਅੱਗ ਲਾ ਦਿੱਤੀ, ਪੁਲਿਸ ਉਪਰ ਬੋਤਲਾਂ ਨਾਲ ਹਮਲਾ ਕੀਤਾ ਤੇ ਇਕ ਰੈਸਟੋਰੈਂਟ ਦੀ ਭੰਨਤੋੜ ਕੀਤੀ। ਸੀ.ਐਨ.ਐਨ ਹੈਡਕੁਆਰਟਰ ਦੇ ਬਾਹਰ ਸੈਂਕੜੇ ਪ੍ਰਦਰਸ਼ਨਕਾਰੀਆਂ ਤੇ ਪੁਲਿਸ ਵਿਚਾਲੇ ਟਕਰਾਅ ਹੋਇਆ। ਇਥੇ ਵਰਣਨਯੋਗ ਹੈ ਕਿ ਵਾਇਰਲ ਹੋਈ ਵੀਡੀਓ ਵਿਚ ਪੁਲਿਸ ਅਧਿਕਾਰੀ ਨੇ ਜਾਰਜ ਫਲਾਇਡ ਨੂੰ ਜਮੀਨ ਉਪਰ ਲੰਮਾ ਪਾਇਆ ਹੋਇਆ ਹੈ ਤੇ ਉਸ ਦਾ ਗੋਡਾ ਮਰੋੜਕੇ ਉਸ ਦੀ ਠੋਡੀ ਨਾਲ ਲਾਇਆ ਹੋਇਆ ਹੈ। ਪ੍ਰਦਰਸ਼ਨਕਾਰੀਆਂ ਦੀ ਮੰਗ ਹੈ ਕਿ ਦੋਸ਼ੀ ਵਿਰੁੱਧ ਸਖਤ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਜਾਵੇ।