ਪਟਿਆਲਾ ( ਅਰਵਿੰਦਰ ਸਿੰਘ ) ਪੀ.ਐਸ.ਈ.ਬੀ. ਇੰਪਲਾਈਜ਼ ਜੁਆਇੰਟ ਫੋਰਮ ਦੇ ਸੱਦੇ ਤੇ ਬਿਜਲੀ ਮੁਲਾਜ਼ਮਾਂ ਦੀਆਂ ਪ੍ਰਮੁੱਖ ਜੱਥੇਬੰਦੀਆਂ ਟੈਕਨੀਕਲ ਸਰਵਿਸਜ਼ ਯੂਨੀਅਨ, ਪੀ.ਐਸ.ਈ.ਬੀ. ਇੰਪਲਾਈਜ਼ ਫੈਡਰੇਸ਼ਨ, ਇੰਪਲਾਈਜ਼ ਫੈਡਰੇਸ਼ਨ ਪੀ.ਐਸ.ਈ.ਬੀ., ਪੀ.ਐਸ.ਈ.ਬੀ. ਕਰਮਚਾਰੀ ਦਲ, ਮਨਿਸਟੀਰੀਅਲ ਸਰਵਿਸਜ਼ ਯੂਨੀਅਨ, ਵਰਕਰਜ਼ ਫੈਡਰੇਸ਼ਨ ਪੀ.ਐਸ.ਪੀ.ਸੀ.ਐਲ., ਪੀ.ਐਸ.ਟੀ.ਸੀ.ਐਲ., ਪੀ.ਐਸ.ਈ.ਬੀ. ਥਰਮਲ ਇੰਪਲਾਈਜ਼ ਕੁਆਡੀਨੇਸ਼ਨ ਕਮੇਟੀ, ਪੰਜਾਬ ਰਾਜ ਬਿਜਲੀ ਬੋਰਡ ਕਰਮਚਾਰੀ ਸੰਘ ਅਤੇ ਪੀ.ਐਸ.ਈ.ਬੀ. ਹੈਡ ਆਫਿਸ ਇੰਪਲਾਈਜ਼ ਫੈਡਰੇਸ਼ਨ ਦੇ ਬਿਜਲੀ ਕਾਮਿਆਂ ਨੇ 19 ਮਾਰਚ ਨੂੰ ਸੂਬਾ ਪੱਧਰ ਤੇ ਇੱਕ ਰੋਜ਼ਾ ਹੜਤਾਲ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਹਨ। ਹੜਤਾਲ 18 ਮਾਰਚ ਨੂੰ ਰਾਤ 12:00 ਵਜੇ ਤੋਂ ਸ਼ੁਰੂ ਹੋ ਕੇ 19 ਮਾਰਚ ਰਾਤ 12 ਵਜੇ ਤੱਕ (24 ਘੰਟੇ) ਸਿਫਟ ਵਾਈਜ਼ ਹੋਵੇਗੀ। ਜਥੇਬੰਦੀ ਦੇ ਸੁਬਾਈ ਆਗੂਆਂ ਸਰਵ ਸ੍ਰੀ ਕਰਮਚੰਦ ਭਾਰਦਵਾਜ, ਕੁਲਦੀਪ ਸਿੰਘ ਖੰਨਾ, ਜਗਰੂਪ ਸਿੰਘ ਮਹਿਮਦਪੁਰ, ਫਲਜੀਤ ਸਿੰਘ, ਹਰਪਾਲ ਸਿੰਘ, ਵਿਜੈ ਕੁਮਾਰ ਸ਼ਰਮਾ, ਬਲਵਿੰਦਰ ਸਿੰਘ ਸੰਧੂ, ਬ੍ਰਿਜ ਲਾਲ, ਰਣਬੀਰ ਸਿੰਘ ਪਾਤੜਾਂ, ਅਵਤਾਰ ਸਿੰਘ ਕੈਂਥ, ਸੁਰਿੰਦਰਪਾਲ ਸ਼ਰਮਾ, ਸਿਕੰਦਰ ਨਾਥ, ਰਵੇਲ ਸਿੰਘ ਸਹਾਏਪੁਰ, ਕੰਵਲਜੀਤ ਸਿੰਘ, ਜਗਜੀਤ ਸਿੰਘ, ਹਰਜਿੰਦਰ ਸਿੰਘ ਦੁਧਾਲਾ, ਅਮਰੀਕ ਸਿੰਘ ਨੂਰਪੁਰ, ਮਹਿੰਦਰ ਨਾਥ, ਕਰਮਚੰਦ ਖੰਨਾ, ਸੁਖਵਿੰਦਰ ਸਿੰਘ ਅਤੇ ਕੁਲਜੀਤ ਸਿੰਘ ਰਟੌਲ ਨੇ ਜੁਆਇੰਟ ਫੋਰਮ ਦੀ ਮੀਟਿੰਗ ਉਪਰੰਤ ਦੱਸਿਆ ਕਿ ਬਿਜਲੀ ਨਿਗਮ ਦੀ ਮੈਨੇਜਮੈਂਟ ਪੀ.ਐਸ.ਈ.ਬੀ. ਇੰਪਲਾਈਜ਼ ਜੁਆਇੰਟ ਫੋਰਮ ਨਾਲ ਮੀਟਿੰਗਾਂ ਵਿੱਚ ਕੀਤੇ ਸਮਝੌਤੇ ਅਤੇ ਮੰਨੀਆਂ ਮੰਗਾਂ ਲਾਗੂ ਕਰਨ ਤੋਂ ਮੁਨਕਰ ਹੋ ਰਹੀ ਹੈ। ਜਿਸ ਕਾਰਨ ਸਾਰੇ ਹੀ ਮਸਲੇ ਜਿਵੇਂ 1-12-2011 ਤੋਂ ਪੇ-ਬੈਂਡ ਦੇਣ, 23 ਸਾਲ ਦੀ ਸੇਵਾ ਦਾ ਲਾਭ ਮੌਜੂਦਾ ਕਰਮਚਾਰੀਆਂ ਸਮੇਤ ਰਿਟਾਇਰ ਹੋ ਚੁੱਕੇ ਕਰਮਚਾਰੀਆਂ ਨੂੰ ਬਣਦੀ ਮਿਤੀ ਤੋਂ ਬਿਨਾਂ ਸ਼ਰਤ ਦੇਣ, ਕੰਟਰੈਕਟ ਉੱਤੇ ਕੰਮ ਕਰਦੇ ਕਾਮਿਆਂ ਦੀਆਂ ਸੇਵਾਵਾਂ ਨੂੰ ਰੈਗੂਲਰ ਕਰਨ, ਬੰਦ ਕੀਤੇ ਥਰਮਲਾਂ ਦੀ ਥਾਂ ਰੋਪੜ ਵਿਖੇ ਪੜਾਅ ਵਾਰ ਸੁਪਰ-ਕਰੀਟੀਕਲ ਪਲਾਂਟ ਅਤੇ ਬਠਿੰਡਾ ਵਿਖੇ 60 ਮੈਗਾਵਾਟ ਦਾ ਪਰਾਲੀ ਨਾਲ ਚੱਲਣ ਵਾਲਾ ਪਲਾਂਟ ਲਗਵਾਉਣ, ਕੰਟਰੈਕਟ ਉਪਰ ਕੰਮ ਕਰਦੇ ਮੀਟਰ ਰੀਡਰ, ਬਿੱਲ ਵੰਡਕ, ਖਜ਼ਾਨਚੀਆਂ ਨੂੰ ਤਨਖਾਹ 8 ਘੰਟੇ ਦੇ ਹਿਸਾਬ ਨਾਲ ਡੀ.ਸੀ. ਦਰਾਂ ਤੇ ਦੇਣ, ਅਗੇਤ ਅਧਾਰ ਤੇ ਨੌਕਰੀ ਯੋਗਤਾ ਅਨੁਸਾਰ ਦੇਣ, ਜੂਨੀਅਰ ਮੀਟਰ ਰੀਡਰ ਅਤੇ ਹੇਠਲੀ ਸ਼੍ਰੈਣੀ ਕਲਰਕ ਤੋਂ ਕੰਪਿਊਟਰ ਯੋਗਤਾ ਸਰਟੀਫਿਕੇਟ ਨੂੰ ਲੈ ਕੇ ਰੋਕੀਆਂ ਸਲਾਨਾਂ ਤਰੱਕੀਆਂ ਚਾਲੂ ਕਰਨ, ਸਾਰੇ ਵਰਗਾਂ ਦੀਆਂ ਬਣਦੀਆਂ ਤਰੱਕੀਆਂ ਕਰਨ ਆਦਿ ਮਸਲੇ ਜਿਊਂ ਦੇ ਤਿਊਂ ਹਨ। ਮੈਨੇਜਮੈਂਟ ਖਾਲੀ ਆਸਾਮੀਆਂ ਨੂੰ ਭਰਨ ਦੀ ਥਾਂ ਰੈਗੂਲਰ ਕੰਮਾਂ ਨੂੰ ਪ੍ਰਾਈਵੇਟ ਕੰਪਨੀਆਂ ਅਤੇ ਬਾਹਰੀ ਸਰੋਤਾਂ ਤੋਂ ਘਟੀਆ ਮਿਆਰ ਰਾਹੀਂ ਵਾਧੂ ਖਰਚਾ ਕਰਕੇ ਕਰਵਾ ਰਹੀ ਹੈ ਜਿਸ ਕਾਰਨ ਬਿਜਲੀ ਨਿਗਮ ਉਪਰ ਬੇਲੋੜਾ ਵਾਧੂ ਬੋਝ ਪੈ ਰਿਹਾ ਹੈ। ਉਨਾਂ ਪੰਜਾਬ ਸਰਕਾਰ ਤੋਂ 1-1-2016 ਤੋਂ ਪੇ-ਰਵੀਜਨ ਤੁਰੰਤ ਕਰਨ, ਬਿਜਲੀ ਦੇ ਵੱਧਦੇ ਰੇਟਾਂ ਤੋਂ ਨਜਾਤ ਲਈ ਪ੍ਰਾਈਵੇਟ ਬਿਜਲੀ ਕੰਪਨੀਆਂ ਨਾਲ ਕੀਤੇ ਪਾਵਰ ਪ੍ਰਚੇਜ ਸਮਝੌਤਿਆਂ ਦਾ ਰੀਵਿਊ ਕਰਨ, ਮਹਿੰਗਾਈ ਭੱਤੇ ਦੀਆਂ ਬਕਾਇਆ ਕਿਸ਼ਤਾਂ ਅਤੇ ਬਕਾਇਆ ਰਕਮ ਜਾਰੀ ਕਰਨ ਅਤੇ ਨਵੇਂ ਨਿਯੁਕਤ ਕਰਮਚਾਰੀਆਂ ਨੂੰ ਪੇ-ਬੈਂਡ ਦੀ ਥਾਂ ਪੂਰਾ ਤਨਖਾਹ ਸਕੇਲ ਦੇਣ, ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ ਅਤੇ ਵਰਿ•ਆਂ ਬਧੀ ਕੰਮ ਕਰਨ ਵਾਲੇ ਕੰਟਰੈਕਟ ਕਾਮਿਆਂ ਨੂੰ ਰੈਗੂਲਰ ਕਰਨ ਅਤੇ ਸ.ਲ.ਮ. ਨੂੰ ਸੈਮੀ ਸਕਿਲਡ ਦੀ ਥਾਂ ਪੂਰਾ ਤਨਖਾਹ ਸਕੇਲ ਦੇਣ ਸੁਪਰੀਮ ਕੋਰਟ ਦੇ ਫੈਸਲੇ ਅਨੁਸਾਰ ਬਰਾਬਰ ਕੰਮ ਬਰਾਬਰ ਤਨਖਾਹ ਦੇਣ ਦੀ ਮੰਗ ਕੀਤੀ। ਆਗੂਆਂ ਨੇ ਬਿਜਲੀ ਨਿਗਮ ਦੀ ਮੈਨੇਜਮੈਂਟ ਤੇ ਦੋਸ਼ ਲਗਾਇਆ ਕਿ ਮੈਨੇਜਮੈਂਟ ਮੰਨੀਆਂ ਮੰਗਾਂ ਲਾਗੂ ਕਰਨ ਦੀ ਥਾਂ ਟਕਰਾਅ ਵਾਲੀ ਨੀਤੀ ਅਪਣਾ ਰਹੀ ਹੈ ਅਤੇ ਬਿਨਾਂ ਕਿਸੇ ਸ਼ਿਕਾਇਤ ਦੇ ਟਰੇਡ ਯੂਨੀਅਨ ਆਗੂਆਂ ਅਤੇ ਵਰਕਰਾਂ ਦੀਆਂ ਬਦਲੀਆਂ ਕੀਤੀਆਂ ਜਾ ਰਹੀਆਂ ਹਨ। ਬਿਜਲੀ ਮੁਲਾਜਮਾਂ ਵਿਰੁੱਧ ਬੇਲੋੜੀ ਅਤੇ ਗੈਰ ਕਾਨੂੰਨੀ ਕਾਰਵਾਈਆਂ ਕਰਨ ਦੀਆਂ ਧਮਕੀਆਂ ਨਾਲ ਬਿਜਲੀ ਵਰਗੇ ਸੰਵੇਦਨਸ਼ੀਲ ਅਦਾਰੇ ਅੰਦਰ ਟਕਰਾਓ ਦਾ ਮਾਹੌਲ ਪੈਦਾ ਕਰਕੇ ਅਤੇ ਆਗੂਆਂ ਵਿਰੁੱਧ ਝੂਠੇ ਅਦਾਲਤੀ ਕੇਸ ਕਰਕੇ ਸਨਅਤੀ ਮਾਹੌਲ ਨੂੰ ਖਰਾਬ ਕਰ ਰਹੀ ਹੈ। ਅਣਫੇਅਰ ਲੇਬਰ ਪ੍ਰੈਕਟਿਸ ਰਾਹੀਂ ਮੁਲਾਜਮਾਂ ਨੂੰ ਹੱਕੀ ਮੰਗਾਂ ਤੋਂ ਵੰਚਿਤ ਕਰ ਰਹੀਆਂ ਹਨ। ਟਰੇਡ ਯੂਨੀਅਨ ਐਕਟ 1926 ਤਹਿਤ ਵਰਕਰਾਂ ਨੂੰ ਮਿਲੇ ਹੱਕਾਂ ਦੀ ਉਲੰਘਣਾ ਕਰਕੇ ਬੇਲੋੜੇ ਸਰਕੂਲਰ ਜਾਰੀ ਕਰ ਰਹੀ ਹੈ। ਆਪਸੀ ਗੱਲਬਾਤ ਰਾਹੀਂ ਮਸਲੇ ਹੱਲ ਨਹੀਂ ਕਰ ਰਹੀ। ਜਿਸ ਕਾਰਨ ਬਿਜਲੀ ਕਾਮਿਆਂ ਵਿੱਚ ਸਖ਼ਤ ਰੋਸ ਅਤੇ ਬੇਚੈਨੀ ਹੈ। ਇਸ ਕਰਕੇ ਬਿਜਲੀ ਕਾਮੇ ਸੰਘਰਸ਼ ਪ੍ਰੋਗਰਾਮ ਜਾਰੀ ਰੱਖਦੇ ਹੋਏ 19 ਮਾਰਚ ਦੀ ਸੂਬਾ ਪੱਧਰ ਹੜਤਾਲ ਕਰਕੇ ਮੈਨੇਜਮੈਂਟ ਨੂੰ ਮੂੰਹ ਤੋੜ ਜਵਾਬ ਦੇਣਗੇ।
2020-03-17